ਸਰਕਾਰੀ ਕਾਲਜ ਲੜਕੀਆਂ ਵਿਖੇ ਰਵਾਇਤੀ ਢੰਗ ਨਾਲ ਲੋਹੜੀ ਮਨਾਈ
ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਰਵਾਇਤੀ ਢੰਗ ਨਾਲ ਲੋਹੜੀ ਮਨਾਈ
Publish Date: Tue, 13 Jan 2026 07:34 PM (IST)
Updated Date: Wed, 14 Jan 2026 04:12 AM (IST)
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਕਾਲਜ ਦੇ ਵਿਹੜੇ ’ਚ ਬੜੇ ਹੀ ਉਤਸ਼ਾਹ ਨਾਲ ਲੋਹੜੀ ਮਨਾਈ ਗਈ। ਇਹ ਸਮਾਗਮ ਪ੍ਰਿੰਸੀਪਲ ਸੁਮਨ ਲਤਾ, ਵਾਈਸ ਪ੍ਰਿੰਸੀਪਲ ਮਮਤਾ ਕੋਚਰ, ਫੈਕਲਟੀ ਮੈਂਬਰਾਂ ਤੇ ਵਿਦਿਆਰਥਣਾਂ ਦੀ ਮੌਜੂਦਗੀ ’ਚ ਮਨਾਇਆ ਗਿਆ। ਪ੍ਰਿੰਸੀਪਲ ਦਾ ਸਵਾਗਤ ਫੁਲਕਾਰੀ ਤਾਣ ਕੇ ਰਵਾਇਤੀ ਗੀਤਾਂ ਨਾਲ ਕੀਤਾ ਗਿਆ। ਵਿਦਿਆਰਥਣਾਂ ਵੱਲੋਂ ਬੋਲੀਆਂ ਪੇਸ਼ ਕੀਤੀਆਂ ਗਈਆਂ। ਸੰਗੀਤ ਵਿਭਾਗ ਨੇ ਢੋਲਕੀ ਨਾਲ ਲੋਕ ਗੀਤ ਪੇਸ਼ ਕੀਤੇ। ਲੋਹੜੀ ਦੀ ਸ਼ੁਰੂਆਤ ਰਵਾਇਤੀ ਤਰੀਕੇ ਨਾਲ ਲੋਹੜੀ ਦੀ ਧੂਣੀ ਬਾਲ਼ ਕੇ ਕੀਤੀ ਗਈ। ਇਸ ’ਚ ਪ੍ਰਿੰਸੀਪਲ ਤੇ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਦੌਰਾਨ ਗੱਚਕ, ਮੂੰਗਫਲੀ ਤੇ ਰਿਓੜੀਆਂ ਸਾਰਿਆਂ ਵਿਚਕਾਰ ਵੰਡੀਆਂ ਗਈਆਂ। ਕਾਲਜ ਦੇ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਲੋਹੜੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅਜਿਹੇ ਤਿਉਹਾਰ ਸਾਨੂੰ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਦੇ ਹਨ ਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ। ਕਾਲਜ ਦੇ ਵਾਈਸ ਪ੍ਰਿੰਸੀਪਲ ਮਮਤਾ ਕੋਚਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਡਾ. ਹਰਲੀਨ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ’ਚ ਸਭ ਨੇ ਇਕ-ਦੂਜੇ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਤੇ ਮਿੱਠੀਆਂ ਯਾਦਾਂ ਨਾਲ ਇਹ ਤਿਉਹਾਰ ਯਾਦਗਾਰੀ ਹੋ ਨਿੱਬੜਿਆ।