ਖਾਲਸਾ ਕਾਲਜ ’ਚ ਸਾਹਿਤਕ ਸਮਾਗਮ ਕਰਵਾਇਆ
ਖਾਲਸਾ ਕਾਲਜ ’ਚ ਸਾਹਿਤਕ ਸਮਾਗਮ ਕਰਵਾਇਆ
Publish Date: Mon, 16 Feb 2026 07:52 PM (IST)
Updated Date: Tue, 17 Feb 2026 04:10 AM (IST)

ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ, ਗੁਰੂਸਰ ਸੁਧਾਰ : ਜੀਐੱਚਜੀ ਖਾਲਸਾ ਕਾਲਜ ਆਫ ਐਜੂਕੇਸ਼ਨ ਵਿਖੇ ਪੰਜਾਬੀ ਸਾਹਿਤ ਸਭਾ ਵੱਲੋਂ ਇੱਕ ਸਾਹਿਤਕ ਅਤੇ ਅਕਾਦਮਿਕ ਸਮਾਗਮ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਡਾ. ਪੂਰਨ ਸਿੰਘ ਦੀ ਸਵੈਜੀਵਨੀ ‘ਹਉ ਆਪਹੁ ਬੋਲਿ ਨ ਜਾਣਦਾ’ ਦਾ ਲੋਕ ਅਰਪਣ ਸਮਾਰੋਹ ਕੀਤਾ ਗਿਆ, ਜਿਸ ਵਿੱਚ ਵਿਦਵਾਨਾਂ, ਅਧਿਆਪਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਮਨਜੀਤ ਸਿੰਘ ਗਿੱਲ ਪ੍ਰਧਾਨ ਜੀਐੱਚਜੀ ਗਵਰਨਿੰਗ ਕੌਂਸਲ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਪ੍ਰੋ. ਬਾਵਾ ਸਿੰਘ ਸੇਵਾ ਮੁਕਤ ਕਾਲਜ ਅਧਿਆਪਕ ਤੇ ਪੂਰਵ ਉਪ-ਚੇਅਰਪਰਸਨ, ਰਾਸ਼ਟਰੀ ਕਮਿਸ਼ਨ ਫਾਰ ਮਾਇਨਾਰਟੀ ਐਜੂਕੇਸ਼ਨ, ਭਾਰਤ ਸਰਕਾਰ, ਡਾ. ਸੰਦੀਪ ਸ਼ਰਮਾ ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ, ਡਾ. ਕੁਲਦੀਪ ਸਿੰਘ ਸੇਵਾ ਮੁਕਤ, ਸਿੱਖਿਆ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਬਲਵਿੰਦਰਪਾਲ ਸਿੰਘ ਸੰਪਾਦਕ ‘ਸਾਡਾ ਵਿਰਸਾ ਸਾਡਾ ਗੌਰਵ’ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਰੋਹ ਦੌਰਾਨ ਵਿਦਵਾਨਾਂ ਨੇ ਡਾ. ਪੂਰਨ ਸਿੰਘ ਦੀ ਇਸ ਸਵੈਜੀਵਨੀ ‘ਤੇ ਵਿਸਤ੍ਰਿਤ ਚਰਚਾ ਕੀਤੀ। ਉਨ੍ਹਾਂ ਨੇ ਇਸ ਰਚਨਾ ਨੂੰ ਸਾਹਿਤਕ, ਸਮਾਜਿਕ ਅਤੇ ਸੱਭਿਆਚਾਰਕ ਪੱਖੋਂ ਬਹੁਤ ਮਹੱਤਵਪੂਰਨ ਦੱਸਦਿਆਂ ਆਧੁਨਿਕ ਸਮਾਜ ਲਈ ਪ੍ਰੇਰਨਾਦਾਇਕ ਅਤੇ ਜੀਵਨ-ਦਿਸ਼ਾ ਨਿਰਧਾਰਕ ਕਰਾਰ ਦਿੱਤਾ। ਭਾਸ਼ਣਕਾਰਾਂ ਨੇ ਜ਼ੋਰ ਦਿੱਤਾ ਕਿ ਇਹ ਕਿਤਾਬ ਪਾਠਕ ਨੂੰ ਆਤਮ-ਵਿਸ਼ਲੇਸ਼ਣ, ਜੀਵਨ ਮੁੱਲਾਂ ਅਤੇ ਅੰਦਰੂਨੀ ਸੰਘਰਸ਼ਾਂ ਦੀ ਡੂੰਘੀ ਸਮਝ ਪ੍ਰਦਾਨ ਕਰਦੀ ਹੈ। ਮਾਸਟਰ ਅਵਤਾਰ ਸਿੰਘ ਬੁਰਜਲਿਟਾਂ, ਮਨਜੀਤ ਸਿੰਘ ਬੱਧਣ, ਹਰਕੀਰਤ ਸਿੰਘ ਕੁਲਾਰ ਅਤੇ ਭੁਪਿੰਦਰ ਸਿੰਘ ਮੱਲੀ ਨੇ ਵੀ ਡਾ. ਪੂਰਨ ਸਿੰਘ ਦੇ ਜੀਵਨ, ਸਾਹਿਤਕ ਯੋਗਦਾਨ ਅਤੇ ਵਿਚਾਰਧਾਰਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ, ਜਿਨ੍ਹਾਂ ਨੇ ਸਮਾਗਮ ਨੂੰ ਵਧੇਰੇ ਵਿਚਾਰਸ਼ੀਲ ਬਣਾਇਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਹਾਇਕ ਪ੍ਰੋਫੈਸਰ ਡਾ. ਜਗਜੀਤ ਸਿੰਘ ਨੇ ਬਾਖੂਬੀ ਨਿਭਾਈ। ਕਾਲਜ ਦੇ ਪ੍ਰਿੰਸੀਪਲ ਅਤੇ ਸਮਾਗਮ ਦੇ ਮੁੱਖ ਸਰਪ੍ਰਸਤ ਡਾ. ਪਰਗਟ ਸਿੰਘ ਗਰਚਾ ਨੇ ਆਪਣੇ ਸੰਬੋਧਨ ਵਿੱਚ ਅਜਿਹੇ ਸਾਹਿਤਕ ਸਮਾਗਮਾਂ ਦੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ‘ਤੇ ਜ਼ੋਰ ਦਿੱਤਾ। ਇਸ ਸਾਹਿਤਕ ਸਮਾਗਮ ਦੇ ਅੰਤ ਵਿੱਚ ਸਾਬਕਾ ਪ੍ਰਿੰਸੀਪਲ ਡਾ. ਐੱਚਐੱਸ ਬਰਾੜ ਵਲੋਂ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਮਾਗਮ ਵਿੱਚ ਡਾ. ਐੱਸਐੱਸ ਦਿਓਲ, ਪ੍ਰਿੰ. ਇੰਦਰਜੀਤ ਸਿੰਘ, ਪ੍ਰਿੰ ਡਾ. ਸਤਵਿੰਦਰ ਕੌਰ, ਡਾ. ਜਗਜੀਤ ਸਿੰਘ ਬਰਾੜ, ਡਾ. ਸਰਬਜੀਤ ਕੌਰ ਰਾਣੂ, ਪ੍ਰਿੰ. ਗੁਰਨਾਇਬ ਸਿੰਘ, ਸਵਰਨ ਸਿੰਘ ਭੰਗੂ, ਲੇਖਕ ਬੁੱਧ ਸਿੰਘ ਨੀਲੋਂ ਅਤੇ ਭਾਗ ਸਿੰਘ ਹਾਜ਼ਰ ਸਨ।