ਦਾਤ ਦੀ ਨੋਕ ’ਤੇ ਸ਼ਰਾਬ ਦੇ ਠੇਕਿਆਂ ਨੂੰ ਬਣਾਇਆ ਨਿਸ਼ਾਨਾ
ਦਾਤ ਦੀ ਨੋਕ ’ਤੇ ਸ਼ਰਾਬ ਦੇ ਠੇਕਿਆਂ ਨੂੰ ਬਣਾਇਆ ਨਿਸ਼ਾਨਾ
Publish Date: Sat, 03 Jan 2026 06:23 PM (IST)
Updated Date: Sat, 03 Jan 2026 06:26 PM (IST)

-ਇੱਕ ਹਫਤੇ ਵਿੱਚ ਚਾਰ ਵਾਰ ਦਿੱਤਾ ਵਾਰਦਾਤਾਂ ਨੂੰ ਅੰਜਾਮ -ਨਕਦੀ ਤੇ ਸ਼ਰਾਬ ਦੀਆਂ ਬੋਤਲਾਂ ਲੁੱਟੀਆਂ -ਪੜਤਾਲ ਤੋਂ ਬਾਅਦ ਪੁਲਿਸ ਨੇ ਦਰਜ ਕੀਤੀ ਐਫਆਈਆਰ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਹੰਬੜਾ ਰੋਡ ’ਤੇ ਪੈਂਦੇ ਇੱਕ ਹੀ ਕੰਪਨੀ ਦੇ ਸ਼ਰਾਬ ਦੇ ਠੇਕਿਆਂ ਨੂੰ ਲਗਾਤਾਰ ਚੌਥੀ ਵਾਰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਬਦਮਾਸ਼ਾਂ ਨੇ ਇੱਕ ਹਫਤੇ ਵਿੱਚ ਠੇਕਿਆਂ ਦੇ ਕਰਿੰਦਿਆਂ ਕੋਲੋਂ 1 ਲੱਖ 20 ਹਜਾਰ ਰੁਪਏ ਦੀ ਰਕਮ ਅਤੇ ਸ਼ਰਾਬ ਦੀਆਂ ਕੁੱਝ ਬੋਤਲਾਂ ਲੁੱਟ ਲਈਆਂ। ਇਸ ਮਾਮਲੇ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਸਾਊਥ ਸਿਟੀ ਦੇ ਰਹਿਣ ਵਾਲੇ ਸੰਦੀਪ ਛੀਨਾ ਦੀ ਸ਼ਿਕਾਇਤ ’ਤੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸੰਦੀਪ ਨੇ ਦੱਸਿਆ ਕਿ ਉਹ ਵਿਸ਼ਨੂ ਇੰਟਰਪ੍ਰਾਈਜਜ ਵਾਈਨ ਕੰਪਨੀ ਵੈਸਟ ਦਾ ਇੰਚਾਰਜ ਹੈ। ਉਸ ਨੇ ਦੱਸਿਆ ਕਿ ਪਿਛਲੇ ਇੱਕ ਹਫਤੇ ਵਿੱਚ ਬੁਲੇਟ, ਸਪਲੈਂਡਰ ਅਤੇ ਐਕਟੀਵਾ ਸਵਾਰ ਬਦਮਾਸ਼ ਹੰਬੜਾ ਰੋਡ ’ਤੇ ਪੈਂਦੇ ਉਨ੍ਹਾਂ ਦੀ ਕੰਪਨੀ ਦੇ ਸ਼ਰਾਬ ਦੇ ਠੇਕਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਸੰਦੀਪ ਨੇ ਦੱਸਿਆ ਕਿ ਪਹਿਲੀ ਵਾਰਦਾਤ 23 ਦਸੰਬਰ ਨੂੰ ਹੋਈ ਸਕੂਟਰ ਅਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਬਦਮਾਸ਼ਾਂ ਨੇ ਸਿਆਲ ਕੰਪਲੈਕਸ ਵਿੱਚ ਪੈਂਦੇ ਉਨ੍ਹਾਂ ਦੀ ਕੰਪਨੀ ਦੇ ਠੇਕੇ ਨੂੰ ਨਿਸ਼ਾਨਾ ਬਣਾਇਆ ਅਤੇ ਦਾਤ ਦਿਖਾ ਕੇ ਕਰਿੰਦਿਆਂ ਕੋਲੋਂ ਨਕਦੀ ਲੁੱਟ ਲਈ। ਉਸ ਤੋਂ ਬਾਅਦ ਮੁਲਜਮ ਰਾਤ ਵੇਲੇ ਲਗਾਤਾਰ ਹੰਬੜਾ ਰੋਡ ’ਤੇ ਪੈਂਦੇ ਉਨ੍ਹਾਂ ਦੇ ਕੰਪਨੀ ਦੇ ਠੇਕਿਆਂ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ । ਲੁੱਟ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੇ ਆਪਣੇ ਕੁੱਝ ਹੋਰ ਸਾਥੀਆਂ ਨੂੰ ਨਾਲ ਰਲਾਇਆ ਅਤੇ ਕੁੱਲ 7 ਬਦਮਾਸ਼ਾਂ ਨੇ ਚੌਥੀ ਵਾਰਦਾਤ ਨੂੰ ਅੰਜਾਮ ਬਰਨਹਾੜਾ ਦੇ ਠੇਕੇ ’ਤੇ ਦਿੱਤਾ। ਸੰਦੀਪ ਨੇ ਦੱਸਿਆ ਕਿ ਮੁਲਜਮ ਉਨ੍ਹਾਂ ਦੇ ਠੇਕਿਆਂ ਚੋਂ ਕੁੱਲ 1 ਲੱਖ 20 ਹਜ਼ਾਰ ਦੀ ਰਕਮ ਅਤੇ ਕੁਝ ਸ਼ਰਾਬ ਦੀਆਂ ਬੋਤਲਾਂ ਲੁੱਟ ਚੁੱਕੇ ਹਨ। ਇੰਨ੍ਹਾਂ ਮਾਮਲਿਆਂ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਸੰਦੀਪ ਛੀਨਾ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗਿਰਫ਼ਤਾਰ ਕੀਤਾ ਜਾਵੇਗਾ।