ਸਰੀਰ ਵਾਂਗ ਮਾਇਆ ਵੀ ਨਾਸ਼ਵਾਨ : ਸੰਤ ਬਾਬਾ ਅਮੀਰ ਸਿੰਘ
ਸਰੀਰ ਵਾਂਗ ਮਾਇਆ ਵੀ ਨਾਸ਼ਵਾਨ-ਸੰਤ ਬਾਬਾ ਅਮੀਰ ਸਿੰਘ
Publish Date: Mon, 13 Apr 2026 05:11 PM (IST)
Updated Date: Mon, 13 Apr 2026 05:16 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਜੁੜੀਆਂ ਸੰਗਤਾਂ ਦੇ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਨਾਮ ਸਿਮਰਨ ਦੁਆਰਾ ਪ੍ਰਾਪਤ ਹੋਣ ਵਾਲੇ ਆਤਮਿਕ ਗਿਆਨ ਅਤੇ ਪਰਮੇਸ਼ਰ ਦੇ ਨਾਮ ਸਬੰਧੀ ਸਮਝਾਉਂਦਿਆਂ ਫੁਰਮਾਇਆ ਕਿ ਜਿਹੜੇ ਮਨੁੱਖ ਨਾਮ ਸਿਮਰਨ ਤੋਂ ਟੁੱਟ ਕੇ ਮਾਇਆ ਵੱਲ ਲਿਪਤ ਹੋ ਜਾਂਦੇ ਹਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਸਰੀਰ ਵਾਂਗ ਮਾਇਆ ਵੀ ਨਾਸ਼ਵਾਨ ਹੈ। ਉਨ੍ਹਾਂ ਹਵਾਲੇ ਦਿੰਦਿਆਂ ਸਮਝਾਇਆ ਕਿ ਜਿਹੜਾ ਮਨੁੱਖ ਸੱਚ ਨੂੰ ਨਕਾਰ ਕੇ ਸੰਸਾਰਕ ਪਦਾਰਥਾਂ ਵਿੱਚ ਲਿਪਤ ਹੁੰਦੇ ਨੇ, ਉਹ ਖੁਦ ਦੁੱਖ ਭੋਗਦੇ ਨੇ ਅਤੇ ਸੰਸਾਰ ਨੂੰ ਵੀ ਦੁਖੀ ਕਰਦੇ ਹਨ। ਬਾਬਾ ਜੀ ਨੇ ਗੁਰਬਾਣੀ ਸ਼ਬਦ ਦੇ ਹਵਾਲੇ ਨਾਲ ਸਮਝਾਇਆ ਕਿ ਜਿਹੜਾ ਮਨ ਨਾਲ ਲੜਦਾ ਹੋਇਆ ਅਹੰਕਾਰ ਨੂੰ ਮਾਰਦਾ ਹੈ, ਉਹ ਗੁਰਮੁਖ ਯੋਧਾ ਹੁੰਦਾ ਹੈ। ਧਰਮ ਰਾਜ ਦੇ ਜਮਦੂਤ ਅਜਿਹੇ ਗੁਰਮੁੱਖਾਂ ਦੇ ਨੇੜੇ-ਤੇੜੇ ਵੀ ਨਹੀਂ ਆਉਂਦੇ, ਦੂਜੇ ਪਾਸੇ ਮਨਮੁਖਾਂ ਨੂੰ ਜਮਦੂਤਾਂ ਦੇ ਜਮਦੰਡ ਸਹਿਣੇ ਪੈਂਦੇ ਹਨ। ਮਹਾਂਪੁਰਸ਼ਾਂ ਨੇ ਗੁਰਬਾਣੀ ਦੇ ਵੱਖ-ਵੱਖ ਸ਼ਬਦਾਂ ਦੇ ਹਵਾਲੇ ਦਿੰਦਿਆਂ ਸਮਝਾਇਆ ਕਿ ਸੂਰਮੇ ਉਹ ਨਹੀਂ ਹੁੰਦੇ ਜੋ ਗਰੂਰ ਨਾਲ ਮਰਦੇ ਹਨ, ਸੂਰਮੇ ਤਾਂ ਉਹ ਹੁੰਦੇ ਨੇ ਜੋ ਕਸ਼ਟ ਸਹਾਰਦੇ ਹਨ। ਮਹਾਂਪੁਰਸ਼ਾਂ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸਬੰਧ ਚ 1 ਵੈਸਾਖ ਮੁਤਾਬਿਕ 14 ਅਪ੍ਰੈਲ ਨੂੰ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਅਭਿਲਾਖੀਆਂ ਨੂੰ ਖੰਡੇ ਦੀ ਪਾਹੁਲ ਛਕਾਉਣਗੇ ਅਤੇ ਜਵੱਦੀ ਟਕਸਾਲ ਦੇ ਹੋਣਹਾਰ ਵਿਦਿਆਰਥੀ ਪੁਰਾਤਨ ਗੁਰਮਤਿ ਸੰਗੀਤ ਸ਼ੈਲੀ ਅਧਾਰਿਤ ਤੰਤੀ ਸਾਜਾਂ ਨਾਲ ਕੀਰਤਨ ਕਰਨਗੇ। ਉਨ੍ਹਾਂ ਸਭਨਾਂ ਨੂੰ ਵੈਸਾਖੀ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।