ਲੁਧਿਆਣਾ ਕੋਰਟ ਕੰਪਲੈਕਸ ਦੀ ਲਿਫਟ ਹੋਈ ਖਰਾਬ, 20 ਮਿੰਟ ਤੱਕ ਫਸੇ ਰਹੇ 12 ਲੋਕ
ਲੁਧਿਆਣਾ ਕੋਰਟ ਕੰਪਲੈਕਸ ਦੀ ਲਿਫਟ ਹੋਈ ਖਰਾਬ, 20 ਮਿੰਟ ਤੱਕ ਫਸੇ ਰਹੇ 12 ਲੋਕ
Publish Date: Wed, 15 Apr 2026 09:49 PM (IST)
Updated Date: Thu, 16 Apr 2026 04:10 AM (IST)

* ਵਕੀਲਾਂ ਦੀ ਹਿੰਮਤ ਨੇ ਬਚਾਏ ਲੋਕ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਬੁੱਧਵਾਰ ਨੂੰ ਲੁਧਿਆਣਾ ਡਿਸਟ੍ਰਿਕਟ ਕੋਰਟ ਕੰਪਲੈਕਸ ’ਚ ਉਸ ਵੇਲੇ ਭਾਜੜ ਪੈ ਗਈ ਜਦੋਂ ਇਕ ਲਿਫਟ ਅਚਾਨਕ ਖ਼ਰਾਬ ਹੋ ਗਈ ਤੇ ਲਿਫਟ ’ਚ ਇਕ ਪੁਲਿਸ ਮੁਲਾਜ਼ਮ ਸਮੇਤ 12 ਲੋਕ ਕਰੀਬ 20 ਮਿੰਟ ਤੱਕ ਫਸੇ ਰਹੇ। ਇਸ ਘਟਨਾ ਨੇ ਕੋਰਟ ’ਚ ਮੌਜੂਦ ਲੋਕਾਂ ’ਚ ਡਰ ਤੇ ਘਬਰਾਹਟ ਦਾ ਮਾਹੌਲ ਪੈਦਾ ਕਰ ਦਿੱਤਾ। ਜਾਣਕਾਰੀ ਅਨੁਸਾਰ ਲਿਫਟ ਅਚਾਨਕ ਤਕਨੀਕੀ ਖਰਾਬੀ ਕਾਰਨ ਬੰਦ ਹੋ ਗਈ ਤੇ ਦੂਜੀ ਮੰਜ਼ਿਲ ਤੋਂ ਲਗਪਗ ਇਕ ਫੁੱਟ ਹੇਠਾਂ ਰੁਕ ਗਈ। ਲਿਫਟ ’ਚ ਵਕੀਲ, ਆਮ ਵਿਜ਼ਟਰ ਤੇ ਕੁਝ ਮਹਿਲਾਵਾਂ ਸਵਾਰ ਸਨ, ਜੋ ਇਕ ਛੋਟੀ ਜਿਹੀ ਜਗ੍ਹਾ ’ਚ ਫਸ ਕੇ ਮਦਦ ਲਈ ਆਵਾਜ਼ਾਂ ਲਗਾਉਣ ਲੱਗ ਪਏ। ਇਸ ਦੌਰਾਨ ਐਡਵੋਕੇਟ ਪਰਮਿੰਦਰ ਸਿੰਘ ਕੁੱਕੀ ਨੇ ਲਿਫਟ ਕੋਲ ਆਵਾਜ਼ ਸੁਣੀ ਤੇ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਹਾਲਾਤਾਂ ਨੂੰ ਸਮਝਦਿਆਂ ਤੁਰੰਤ ਟੈਕਨੀਸ਼ਨ ਨੂੰ ਸੂਚਿਤ ਕੀਤਾ। ਜਦੋਂ ਲਿਫਟ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਪਤਾ ਲੱਗਿਆ ਕਿ ਲਿਫਟ ਤੇ ਫਲੋਰ ਦੇ ਵਿਚਕਾਰ ਲਗਭਗ ਇੱਕ ਫੁੱਟ ਦਾ ਖਤਰਨਾਕ ਗੈਪ ਸੀ। ਪਰਮਿੰਦਰ ਸਿੰਘ ਕੁੱਕੀ ਅਤੇ ਹੋਰ ਵਕੀਲਾਂ, ਜਿਨ੍ਹਾਂ ਵਿੱਚ ਰਾਹੁਲ ਸ਼ਰਮਾ ਵੀ ਸ਼ਾਮਲ ਸਨ, ਨੇ ਹਿੰਮਤ ਦਿਖਾਉਂਦਿਆਂ ਇਕ-ਇਕ ਕਰਕੇ ਸਾਰੇ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਚੰਗੀ ਗੱਲ ਇਹ ਸੀ ਕਿ ਇਸ ਘਟਨਾ ਦੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਜੋ ਕਿ ਇੱਕ ਵੱਡੀ ਰਾਹਤ ਦੀ ਗੱਲ ਹੈ। ਇਸ ਘਟਨਾ ਤੋਂ ਬਾਅਦ ਕੋਰਟ ਕੰਪਲੈਕਸ ਵਿੱਚ ਲਿਫਟਾਂ ਦੀ ਖਰਾਬ ਹਾਲਤ ਨੂੰ ਲੈ ਕੇ ਫਿਰ ਸਵਾਲ ਖੜੇ ਹੋ ਗਏ ਹਨ। ਵਕੀਲਾਂ ਦਾ ਕਹਿਣਾ ਹੈ ਕਿ ਇੱਥੇ ਅਜਿਹੀਆਂ ਤਕਨੀਕੀ ਖਰਾਬੀਆਂ ਅਕਸਰ ਸਾਹਮਣੇ ਆਉਂਦੀਆਂ ਹਨ, ਜਿਸ ਨਾਲ ਸੁਰੱਖਿਆ ’ਤੇ ਪ੍ਰਸ਼ਨ ਚਿੰਨ੍ਹ ਲੱਗਦਾ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਪਿਨ ਸੱਗੜ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਵੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਅਤੇ ਹੁਣ ਇਸ ’ਤੇ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਕੋਈ ਵੱਡਾ ਹਾਦਸਾ ਨਾ ਵਾਪਰੇ।