ਰੰਜਿਸ਼ਾਂ ਨੂੰ ਖਤਮ ਕਰ ਕੇ ਕਰੀਏ ਮੁਹੱਬਤ ਦਾ ਇਕਰਾਰ : ਸ਼ਾਹੀ ਇਮਾਮ ਪੰਜਾਬ
ਰੰਜਿਸ਼ਾਂ ਨੂੰ ਖਤਮ ਕਰਕੇ ਕਰੀਏ ਮੁਹੱਬਤ ਦਾ ਇਕਰਾਰ-ਸ਼ਾਹੀ ਇਮਾਮ ਪੰਜਾਬ
Publish Date: Fri, 13 Mar 2026 06:42 PM (IST)
Updated Date: Fri, 13 Mar 2026 06:45 PM (IST)

- ਲੱਖਾਂ ਮੁਸਲਮਾਨਾਂ ਨੇ ਅਦਾ ਕੀਤੀ ਅਲਵਿਦਾ ਜੁੰਮੇ ਦੀ ਨਮਾਜ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਸ਼ੁੱਕਰਵਾਰ ਨੂੰ ਪਵਿੱਤਰ ਰਮਜਾਨ ਸ਼ਰੀਫ ਅਲਵਿਦਾ ਜੁੰਮੇ ਦੇ ਮੌਕੇ ’ਤੇ ਫੀਲਡ ਗੰਜ ਚੌਕ ਸਥਿਤ ਇਤਿਹਾਸਕ ਜਾਮਾ ਮਸਜਿਦ ਵਿੱਚ ਹਜ਼ਾਰਾਂ ਮੁਸਲਮਾਨਾਂ ਨੇ ਨਮਾਜ ਅਦਾ ਕੀਤੀ। ਨਮਾਜੀਆਂ ਦੀ ਗਿਣਤੀ ਨੂੰ ਵੇਖਦੇ ਹੋਏ ਸ਼ਾਹਪੁਰ ਰੋਡ ’ਤੇ ਨਮਾਜ ਪੜ੍ਹਨ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਸ ਮੌਕੇ ਸੰਬੋਧਿਤ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਸ਼ਰੀਫ ਦਾ ਮਹੀਨਾ ਅੱਲ੍ਹਾਹ ਤਾਆਲਾ ਨਾਲ ਇਸ਼ਕ ਅਤੇ ਮੁਹੱਬਤ ਦਾ ਮਹੀਨਾ ਹੈ। ਇਸ ਮੁਬਾਰਕ ਮਹੀਨੇ ’ਚ ਬੰਦਾ ਖੁਦਾ ਅਤੇ ਉਸ ਦੇ ਰਸੂਲ ਸਲੱਲਲਾਹੁ ਅਲੈਹੀਵਸੱਲਮ ਨਾਲ ਆਪਣੇ ਇਸ਼ਕ ਦਾ ਇਕਰਾਰ ਕਰਦੇ ਹੋਏ ਗੁਨਾਹਾਂ ਤੋਂ ਤੌਬਾ ਕਰਦਾ ਹੈ। ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਦੇ ਕੁੱਝ ਰੋਜੇ ਬਾਕੀ ਹਨ ’ਤੇ ਸਾਨੂੰ ਚਾਹੀਦਾ ਹੈ ਕਿ ਇਸ ਸਮੇਂ ਦੀ ਖੂਬ ਕਦਰ ਕਰੀਏ ਅਤੇ ਜ਼ਿਆਦਾ ਤੋਂ ਜ਼ਿਆਦਾ ਇਬਾਦਤ ’ਚ ਲੱਗੇ ਰਹੀਏ। ਖੁੱਲੇ ਦਿਲੋਂ ਗ਼ਰੀਬਾਂ ਦੀ ਮਦਦ ਕਰੀਏ ਕਿਉਂਕਿ ਰੱਬ ਨੇ ਸਾਨੂੰ ਦੇਣ ਵਾਲਾ ਬਣਾਇਆ ਹੈ ਲੈਣ ਵਾਲਾ ਨਹੀਂ। ਮੌਲਾਨਾ ਉਸਮਾਨ ਨੇ ਕਿਹਾ ਕਿ ਆਪਸੀ ਰੰਜਿਸ਼ਾਂ ਨੂੰ ਖਤਮ ਕਰ ਕੇ ਇੱਕ-ਦੂਜੇ ਨਾਲ ਮੁਹੱਬਤ ਦਾ ਇਕਰਾਰ ਕਰੀਏ। ਉਨ੍ਹਾਂ ਕਿਹਾ ਕਿ ਮੁਸਲਮਾਨ ਗਰਮੀ ’ਚ ਵੀ ਤਕਰੀਬਨ 14 ਘੰਟੇ ਭੁੱਖਾ ਪਿਆਸਾ ਰਹਿ ਕੇ ਆਪਣੇ ਰੱਬ ਦੇ ਹੁਕਮ ਦਾ ਪਾਲਣ ਕਰਦਾ ਹੈ। ਵਰਣਨਯੋਗ ਹੈ ਕਿ ਅੱਜ ਪਵਿੱਤਰ ਰਮਜਾਨ ਸ਼ਰੀਫ ਦਾ ਆਖਰੀ ਜੁੰਮਾ ਸੀ। ਸ਼ਹਿਰ ਦੀ ਸਾਰੀਆਂ ਮਸਜਿਦਾਂ ’ਚ ਲੱਖਾਂ ਦੀ ਗਿਣਤੀ ’ਚ ਨਾਮਾਜੀ ਇਕੱਠੇ ਹੋਏ। ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਮਸਜਿਦਾਂ ’ਚ 5 ਲੱਖ ਤੋਂ ਵੱਧ ਮੁਸਲਮਾਨਾਂ ਨੇ ਅਲਵਿਦਾ ਜੁੰਮੇ ਦੀ ਨਮਾਜ ਅਦਾ ਕੀਤੀ।