ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਮੁਲਤਵੀ, ਭੜਕੇ ਲੀਡਰ
ਜਗਰਾਓਂ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਮੁਲਤਵੀ ’ਤੇ ਭੜਕੇ ਲੀਡਰ
Publish Date: Mon, 02 Mar 2026 06:42 PM (IST)
Updated Date: Tue, 03 Mar 2026 04:08 AM (IST)

-ਵਿਧਾਇਕਾ ਨੇ ਬੀਡੀਪੀਓ ਖ਼ਿਲਾਫ਼ ਕਾਰਵਾਈ ਲਈ ਲਿਖਿਆ -ਅਕਾਲੀ ਦਲ ਤੇ ਕਾਂਗਰਸੀ ਲੀਡਰਾਂ ਨੇ ਲਗਾਏ ਗੰਭੀਰ ਦੋਸ਼ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਅੱਜ ਰੱਖੀ ਗਈ ਚੋਣ ਐਨ ਮੌਕੇ ’ਤੇ ਮੁਲਤਵੀ ਕਰਨ ਤੋਂ ਖਫ਼ਾ ਅਕਾਲੀ ਦਲ ਅਤੇ ਕਾਂਗਰਸ ਨੇ ਬੀਡੀਪੀਓ ਦਫ਼ਤਰ ਪਹੁੰਚ ਕੇ ਵਿਰੋਧ ਜਿਤਾਇਆ। ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਵਿਰੋਧ ਜਿਤਾਉਣ ਅਤੇ ਉਨ੍ਹਾਂ ਦੀ ਮੰਗ ’ਤੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਵੀ ਇਸ ਗੈਰ ਜਿੰਮੇਵਾਰੀ ਤੇ ਜਗਰਾਓਂ ਦੇ ਬੀਡੀਪੀਓ ਖ਼ਿਲਾਫ਼ ਕਾਰਵਾਈ ਲਈ ਐੱਸਡੀਐੱਮ ਨੂੰ ਲਿਖਤੀ ਭੇਜਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਦੇ ਐੱਸਡੀਐੱਮ ਉਪਿੰਦਰਜੀਤ ਕੌਰ ਵੱਲੋਂ ਬਤੌਰ ਚੋਣ ਕਨਵੀਨਰ ਦੇ ਤੌਰ ’ਤੇ ਅੱਜ 2 ਮਾਰਚ ਨੂੰ ਬਲਾਕ ਸੰਮਤੀ ਜਗਰਾਓਂ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਰੱਖੀ ਗਈ ਸੀ। ਇਸ ਚੋਣ ਲਈ ਬੀਡੀਪੀਓ ਦਫ਼ਤਰ ਨੂੰ ਸਾਰੇ 25 ਬਲਾਕ ਸੰਮਤੀ ਮੈਂਬਰਾਂ ਨੂੰ ਸੂਚਿਤ ਕਰਨ ਦੀ ਜਿੰਮੇਵਾਰੀ ਸੌਂਪੀ ਗਈ। ਜਿਸ ’ਤੇ ਸੋਮਵਾਰ ਵੱਡੀ ਗਿਣਤੀ ’ਚ ਬਲਾਕ ਸੰਮਤੀ ਮੈਂਬਰ ਚੋਣ ਲਈ ਪਹੁੰਚ ਵੀ ਗਏ। ਪਰ ਉਸ ਤੋਂ ਕੁਝ ਸਮਾਂ ਪਹਿਲਾਂ ਬੀਡੀਪੀਓ ਦਫ਼ਤਰ ਵੱਲੋਂ ਐਸਡੀਐਮ ਵੱਲੋਂ ਜਾਰੀ ਕੀਤਾ ਚੋਣ ਮੁਲਤਵੀ ਦਾ ਨੋਟਿਸ ਪਹੁੰਚ ਜਾਂਦਾ ਹੈ। ਇਸ ’ਤੇ ਖਫ਼ਾ ਹੋਏ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਐਸਆਰ ਕਲੇਰ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ, ਚੇਅਰਮੈਨ ਚੰਦ ਸਿੰਘ ਡੱਲਾ, ਕਾਂਗਰਸ ਵੱਲੋਂ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸਾਬਕਾ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਬੀਡੀਪੀਓ ਦਫ਼ਤਰ ਪਹੁੰਚ ਜਾਂਦੇ ਹਨ ਅਤੇ ਬੀਡੀਪੀਓ ’ਤੇ ਇਸ ਚੋਣ ਨੂੰ ਮੁਲਤਵੀ ਕਰਵਾਉਣ ਲਈ ਸਾਜਿਸ਼ ਕਰਨ ਦੇ ਦੋਸ਼ ਲਗਾਉਂਦੇ ਹਨ। ਇਸ ’ਤੇ ਬੀਡੀਪੀਓ ਇਸ ਚੋਣ ਸਬੰਧੀ ਕੁਝ ਮੈਂਬਰਾਂ ਨੂੰ ਸੂਚਿਤ ਨਾ ਕਰ ਪਾਉਣ ਦੀ ਗੱਲ ਆਖਦੇ ਹਨ ਪਰ ਇਸ ਤੋਂ ਅਸੁਤੰਸ਼ਟ ਅਕਾਲੀ ਅਤੇ ਕਾਂਗਰਸੀ ਵਿਰੋਧ ਜਿਤਾਉਂਦੇ ਰਹੇ। ਇਸ ਮੀਟਿੰਗ ਵਿਚ ਮੌਜੂਦ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਵੀ ਸਾਰੇ ਮੈਂਬਰਾਂ ਨੂੰ ਸੂਚਿਤ ਨਾ ਕਰ ਪਾਉਣ ’ਤੇ ਚੋਣ ਮੁਲਤਵੀ ਹੋਣ ’ਤੇ ਨਰਾਜਗੀ ਜਿਤਾਈ। ਉਨ੍ਹਾਂ ਇਸ ’ਤੇ ਬੀਡੀਪੀਓ ਜਗਰਾਓਂ ਖ਼ਿਲਾਫ਼ ਕਾਰਵਾਈ ਲਈ ਐੱਸਡੀਐੱਮ ਜਗਰਾਓਂ ਨੂੰ ਲਿਖ ਕੇ ਭੇਜਿਆ।