ਟੀਈਟੀ ਵਿਰੋਧੀ ਮਾਰਚ ’ਚ ਡੀਟੀਐੱਫ਼ ਕਰੇਗੀ ਸ਼ਮੂਲੀਅਤ : ਜੰਡਿਆਲੀ
ਟੀਈਟੀ ਵਿਰੋਧੀ ਮਾਰਚ ਵਿੱਚ ਡੀਟੀਐਫ਼ ਲੁਧਿਆਣਾ ਕਰੇਗੀ ਭਰਵੀਂ ਸ਼ਮੂਲੀਅਤ- ਜੰਡਿਆਲੀ
Publish Date: Mon, 09 Mar 2026 07:31 PM (IST)
Updated Date: Tue, 10 Mar 2026 04:09 AM (IST)

ਰਵੀ, ਪੰਜਾਬੀ ਜਾਗਰਣ, ਲੁਧਿਆਣਾ : ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ (ਸਬੰਧਿਤ ਡੀਐੱਮਐੱਫ) ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਰੁਪਿੰਦਰ ਪਾਲ ਸਿੰਘ ਜੰਡਿਆਲੀ ਨੇ ਕਿਹਾ ਕਿ ਟੀਈਟੀ ਲਾਗੂ ਹੋਣ ਤੋਂ ਪਹਿਲਾਂ ਭਰਤੀ ਹਜ਼ਾਰਾਂ ਇਨ-ਸਰਵਿਸ ਅਧਿਆਪਕਾਂ (ਸਮੇਤ ਛੋਟ ਪ੍ਰਾਪਤ ਸਰੀਰਕ ਸਿੱਖਿਆ, ਆਰਟ ਐਂਡ ਕਰਾਫਟ ਤੇ ਬਾਕੀ ਵਿਸ਼ਿਆਂ ਦੇ ਅਧਿਆਪਕਾਂ) ਤੇ ਅਦਾਲਤ ਦੇ ਗੈਰ-ਵਾਜਿਬ ਫੈਸਲੇ ਦੀ ਆੜ ਵਿੱਚ ਪ੍ਰਮੋਸ਼ਨ ਅਤੇ ਨੌਕਰੀ ਜਾਣ ਦਾ ਡਰ ਦਿਖਾ ਕੇ ਜਬਰੀ ਥੋਪੀ ਜਾ ਰਹੀ ਟੀਈਟੀ ਦੀ ਸ਼ਰਤ ਦੇ ਖਿਲਾਫ਼ ਪੰਜਾਬ ਦੇ ਅਧਿਆਪਕ ਸੰਘਰਸ਼ ਲੜ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਵਿੱਚ ਅਧਿਆਪਕਾਂ ਤੇ ਜਬਰੀ ਥੋਪੀ ਟੀਈਟੀ ਦੀ ਸ਼ਰਤ ਨੂੰ ਹਟਾਉਣ ਦੇ ਪੱਖ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਮਤਾ/ਬਿੱਲ ਪਾਸ ਕਰਨ ਦੀ ਮੰਗ ਨੂੰ ਲੈ ਕੇ 12 ਮਾਰਚ ਨੂੰ ਅਧਿਆਪਕਾਂ ਵੱਲੋਂ ਚੰਡੀਗੜ੍ਹ ਵਿਖੇ ਵਿਧਾਨ ਸਭਾ ਵੱਲ ਜਬਰੀ ਟੈੱਟ ਵਿਰੋਧੀ ਮਾਰਚ ਕੀਤਾ ਜਾ ਰਿਹਾ ਹੈ। ਜੰਡਿਆਲੀ ਨੇ ਦੱਸਿਆ ਕਿ ਕੌਮੀ ਸਿੱਖਿਆ ਨੀਤੀ 2020 ਦੇ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਅਧਿਆਪਕਾਂ ਨੂੰ ਜਾਗਰੂਕ ਕਰਨ ਲਈ ਤੇ ਜਬਰੀ ਟੀਈਟੀ ਵਿਰੋਧੀ ਮਾਰਚ ਵਿੱਚ ਸ਼ਮੂਲੀਅਤ ਕਰਵਾਉਣ ਲਈ ਜੱਥੇਬੰਦੀ ਵੱਲੋਂ ਟੀਮਾਂ ਬਣਾਕੇ ਸਕੂਲਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਟੀਈਟੀ ਵਿਰੋਧੀ ਮਾਰਚ ’ਚ ਜ਼ਿਲ੍ਹਾ ਲੁਧਿਆਣਾ ਤੋਂ ਅਧਿਆਪਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਮਨਜੀਤ ਸਿੰਘ ਸੰਧੂ, ਮੀਤ ਪ੍ਰਧਾਨ ਬਲਵੀਰ ਸਿੰਘ ਬਾਸੀਆਂ, ਜੰਗਪਾਲ ਸਿੰਘ ਰਾਏਕੋਟ, ਰਜਿੰਦਰ ਜੰਡਿਆਲੀ, ਪ੍ਰਭਜੋਤ ਸਿੰਘ ਤਲਵੰਡੀ, ਨਰਿੰਦਰ ਸਿੰਘ ਰਾਏਕੋਟ, ਹਰਜਿੰਦਰ ਸਿੰਘ, ਰਾਜਨ ਸਿੰਘ, ਅਵਤਾਰ ਸਿੰਘ ਖ਼ਾਲਸਾ, ਅਮਨਦੀਪ ਵਰਮਾ, 4161 ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਐਤੀਆਣਾ, ਈਟੀਟੀ ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਪਰਮਿੰਦਰ ਸਿੰਘ ਮਲੌਦ, ਜਨਰਲ ਸਕੱਤਰ ਬਲਜਿੰਦਰ ਸਿੰਘ, ਅਮਰਿੰਦਰ ਸਿੰਘ, ਬਰਜਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਜਤਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।