ਨਸ਼ੀਲੀ ਦਵਾਈ ਛਿੜਕ ਕੇ ਵਕੀਲ ਦਾ ਘਰ ਲੁੱਟਿਆ
ਨਸ਼ੀਲੀ ਦਵਾਈ ਛਿੜਕ ਕੇ ਵਕੀਲ ਦੇ ਘਰ ਨੂੰ ਬਣਾਇਆ ਨਿਸ਼ਾਨਾ
Publish Date: Mon, 02 Mar 2026 09:27 PM (IST)
Updated Date: Mon, 02 Mar 2026 09:28 PM (IST)

-ਇਕ ਲੱਖ ਨਕਦ ਤੇ ਸੋਨੇ ਦੇ ਗਹਿਣੇ ਲੈ ਕੇ ਚੋਰ ਹੋਏ ਰਫੂਚੱਕਰ -ਸੀਸੀਟੀਵੀ ਕੈਮਰਿਆਂ ’ਚ ਕੈਦ ਹੋਈਆਂ ਘਟਨਾ ਦੀਆਂ ਤਸਵੀਰਾਂ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਬਾਰੀ ਤੋਂ ਵਕੀਲ ਦੇ ਘਰ ਦਾਖਲ ਹੋਏ ਦੋ ਸ਼ਾਤਰ ਚੋਰਾਂ ਨੇ ਨਸ਼ੀਲੀ ਦਵਾਈ ਛਿੜਕ ਕੇ ਪਰਿਵਾਰ ਨੂੰ ਪਹਿਲਾਂ ਬੇਹੋਸ਼ ਕੀਤਾ ਤੇ ਲੱਖਾਂ ਦੇ ਸੋਨੇ ਚਾਂਦੀ ਦੇ ਗਹਿਣੇ ਤੇ ਨਗਦੀ ਲੈ ਕੇ ਰਫੂਚੱਕਰ ਹੋ ਗਏ। ਇਸ ਮਾਮਲੇ ’ਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬੀਆਰਐੱਸ ਨਗਰ ਦੇ ਜੀ ਬਲਾਕ ਦੇ ਰਹਿਣ ਵਾਲੇ ਐਡਵੋਕੇਟ ਰਾਜਨ ਮੰਡਲ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਵਕੀਲ ਰਾਜਨ ਨੇ ਦੱਸਿਆ ਕਿ ਬੀਤੇ ਦਿਨੀਂ ਤੜਕੇ ਸਾਢੇ 3 ਵਜੇ ਜਦੋਂ ਉਨ੍ਹਾਂ ਦੀ ਅੱਖ ਖੁੱਲ੍ਹੀ ਤਾਂ ਕਮਰੇ ਦੀ ਹਾਲਤ ਦੇਖ ਕੇ ਉਹ ਹੱਕੇ ਬੱਕੇ ਰਹਿ ਗਏ। ਬੈੱਡਰੂਮ ਦੀਆਂ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ। ਜਾਂਚ ਕਰਨ ’ਤੇ ਪਤਾ ਲੱਗਾ ਕਿ ਅਲਮਾਰੀਆਂ ਚੋਂ ਇਕ ਲੱਖ ਰੁਪਏ ਦੀ ਰਕਮ ਅਤੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਹੋ ਚੁੱਕੇ ਸਨ। ਉਨ੍ਹਾਂ ਨੂੰ ਇੰਜ ਜਾਪਦਾ ਹੈ ਕਿ ਜਿਵੇਂ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਕੋਈ ਬੇਹੋਸ਼ੀ ਦੀ ਦਵਾਈ ਛਿੜਕੀ ਹੋਵੇ ਕਿਉਂਕਿ ਅੱਖ ਖੁੱਲ੍ਹਣ ਤੋਂ ਬਾਅਦ ਪੂਰੇ ਪਰਿਵਾਰ ਦਾ ਸਿਰ ਭਾਰਾ ਹੈ ਅਤੇ ਮਾਮੂਲੀ ਚੱਕਰ ਵੀ ਆ ਰਹੇ ਹਨ। ਉਧਰ, ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਐਡਵੋਕੇਟ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਜਦ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਤਾਂ ਸਾਹਮਣੇ ਆਇਆ ਕਿ ਚੋਰ ਪਾਰਕ ਦੇ ਨਾਲ ਲੱਗਦੀ ਘਰ ਦੀ ਖਿੜਕੀ ਦੇ ਰਸਤਿਓਂ ਬੈਡਰੂਮ ਵਿੱਚ ਦਾਖਲ ਹੋਏ ਸਨ। ਚੋਰਾਂ ਨੇ ਖਿੜਕੀ ਨੂੰ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਜਦ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਪਤਾ ਲੱਗਾ ਕਿ ਦੋ ਚੋਰ ਬੀਤੀ ਦੇਰ ਰਾਤ ਘਰ ਦੇ ਅੰਦਰ ਦਾਖਲ ਹੋਏ ਅਤੇ ਕੁਝ ਹੀ ਸਮੇਂ ਵਿੱਚ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋਏ ਦਿਖਾਈ ਦਿੱਤੇ। ਪੁਲਿਸ ਨੇ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਫਤੀਸ਼ੀ ਅਫਸਰ ਨੇ ਦੱਸਿਆ ਕਿ ਇਸ ਮਾਮਲੇ ’ਚ ਰਾਜਨ ਮੰਡਲ ਦੀ ਸ਼ਿਕਾਇਤ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।