ਚਿੱਟੇ ਦਿਨ ਵਕੀਲ ਦੇ ਘਰ ’ਤੇ ਹਮਲਾ
ਚਿੱਟੇ ਦਿਨ ਵਕੀਲ ਦੇ ਘਰ ਤੇ ਹਮਲਾ, ਪੁੜਪੁੜੀ ਤੇ ਪਿਸਤੌਲ ਰੱਖ ਕੇ ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ
Publish Date: Fri, 27 Feb 2026 10:00 PM (IST)
Updated Date: Sat, 28 Feb 2026 04:08 AM (IST)

ਪੁੜਪੁੜੀ ਤੇ ਪਿਸਤੌਲ ਰੱਖ ਕੇ ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਲੁਧਿਆਣਾ ਦੇ ਬੀਆਰਐੱਸ ਨਗਰ ਇਲਾਕੇ ਵਿੱਚ ਦਿਨ ਦਿਹਾੜੇ ਇਕ ਵਕੀਲ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ’ਤੇ ਹਮਲਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦੋ ਨੌਜਵਾਨ ਗੱਲਬਾਤ ਦੇ ਬਹਾਨੇ ਘਰ ਅੰਦਰ ਦਾਖ਼ਲ ਹੋਏ ਅਤੇ ਬਾਅਦ ਵਿੱਚ ਘਰ ਦੇ ਮਾਲਕ ’ਤੇ ਪਿਸਤੌਲ ਤਾਣ ਕੇ ਹਮਲਾ ਕਰ ਦਿੱਤਾ। ਇਹ ਵਾਰਦਾਤ ਬੀਤੇ ਦਿਨੀਂ ਦੇਰ ਸ਼ਾਮ ਨੂੰ ਵਾਪਰੀ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਵਕੀਲ ਨੂੰ ਜਖ਼ਮੀ ਕਰ ਦਿੱਤਾ ਅਤੇ ਫ਼ਰਾਰ ਹੁੰਦੇ ਸਮੇਂ ਘਰ ਵਿੱਚ ਲੱਗੇ ਸੀਸੀਟੀਵੀ ਦਾ ਡੀਵੀਆਰ ਆਪਣੇ ਨਾਲ ਲੈ ਗਏ। ਪੀੜਤ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਵਕੀਲ ਹੈ। ਕਿਸੇ ਮਾਮਲੇ ਸਬੰਧੀ ਗੱਲ ਕਰਨ ਦੇ ਨਾਂ ’ਤੇ ਦੋ ਨੌਜਵਾਨ ਉਸ ਦੇ ਘਰ ਆਏ। ਉਸ ਵੇਲੇ ਘਰ ਵਿੱਚ ਉਸ ਦੀ ਮਾਤਾ ਅਤੇ ਪਤਨੀ ਇਕੱਲੀਆਂ ਸਨ। ਪਤਨੀ ਨੇ ਫ਼ੋਨ ਕਰਕੇ ਸੂਚਨਾ ਦਿੱਤੀ ਕਿ ਦੋ ਅਣਪਛਾਤੇ ਨੌਜਵਾਨ ਆਏ ਹਨ, ਜਿਨ੍ਹਾਂ ਵਿੱਚੋਂ ਇਕ ਨੇ ਆਪਣਾ ਨਾਮ ਅਵਦੇਸ਼ ਦੱਸਿਆ ਹੈ। ਜਾਣਕਾਰੀ ਮਿਲਦੇ ਹੀ ਵਕੀਲ ਆਪਣੇ ਘਰ ਪਹੁੰਚੇ ਅਤੇ ਮਾਤਾ ਤੇ ਪਤਨੀ ਨੂੰ ਅੰਦਰਲੇ ਕਮਰੇ ਵਿੱਚ ਭੇਜ ਕੇ ਦੋਨਾਂ ਨਾਲ ਗੱਲਬਾਤ ਕਰਨ ਲੱਗ ਪਏ। ਗਗਨਦੀਪ ਸਿੰਘ ਦੇ ਮੁਤਾਬਕ ਗੱਲਬਾਤ ਦੌਰਾਨ ਦੋਵੇਂ ਨੌਜਵਾਨ ਅਚਾਨਕ ਗੁੱਸੇ ਵਿੱਚ ਆ ਗਏ ਅਤੇ ਉਸ ਦਾ ਕਾਲਰ ਫੜ ਲਿਆ। ਉਨ੍ਹਾਂ ਕਿਹਾ ਕਿ ਉਹ ਉਸ ਦੇ ਭਰਾ ਕਰਨਵੀਰ ਦੇ ਕੰਮ ਸਬੰਧੀ ਆਏ ਹਨ। ਇਸ ਦੌਰਾਨ ਇਕ ਨੌਜਵਾਨ ਨੇ ਕਾਲੇ ਰੰਗ ਦੇ ਥੈਲੇ ਵਿੱਚੋਂ ਪਿਸਤੌਲ ਕੱਢ ਕੇ ਉਸ ਦੇ ਮੱਥੇ ਨਾਲ ਤਾਣ ਦਿੱਤੀ, ਜਦਕਿ ਦੂਜੇ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਗੱਲ ’ਤੇ ਵਾਰ ਕਰ ਦਿੱਤਾ। ਬਚਾਅ ਕਰਦੇ ਹੋਏ ਉਹ ਝੁਕ ਗਿਆ ਜਿਸ ਕਾਰਨ ਵਾਰ ਉਸ ਦੇ ਮੋਢੇ ’ਤੇ ਲੱਗਿਆ ਅਤੇ ਉਹ ਜਖ਼ਮੀ ਹੋ ਗਿਆ। ਹਮਲਾਵਰਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਘਰ ਵਿੱਚ ਲੱਗੇ ਸੀਸੀਟੀਵੀ ਦਾ ਰਿਕਾਰਡਰ ਆਪਣੇ ਨਾਲ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਸਰਾਭਾ ਨਗਰ ਦੇ ਜਾਂਚ ਅਧਿਕਾਰੀ ਹਰਭੋਲ ਸਿੰਘ ਨੇ ਦੱਸਿਆ ਕਿ ਹਮਲੇ ਦਾ ਸਹੀ ਕਾਰਨ ਹਾਲੇ ਸਪੱਸ਼ਟ ਨਹੀਂ ਹੋ ਸਕਿਆ। ਹਮਲਾਵਰ ਨਿਗਰਾਨੀ ਯੰਤਰ ਦਾ ਰਿਕਾਰਡਰ ਨਾਲ ਲੈ ਗਏ ਹਨ, ਜਿਸ ਕਰਕੇ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਿਲ ਬਣਿਆ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।