ਭਰੋਸਾ ਜਿੱਤ ਕੇ ਕ੍ਰਿਪਟੋ ਨਿਵੇਸ਼ ਦੇ ਨਾਮ ’ਤੇ ਵਕੀਲ ਨਾਲ ਮਾਰੀ 5.16 ਲੱਖ ਦੀ ਠੱਗੀ, ਮੁਲਜ਼ਮ ਫਰਾਰ
ਭਰੋਸਾ ਜਿੱਤ ਕੇ ਕ੍ਰਿਪਟੋ ਨਿਵੇਸ਼ ਦੇ ਨਾਮ ’ਤੇ ਵਕੀਲ ਨਾਲ ਮਾਰੀ 5.16 ਲੱਖ ਦੀ ਠੱਗੀ, ਮੁਲਜ਼ਮ ਫਰਾਰ
Publish Date: Wed, 18 Mar 2026 09:45 PM (IST)
Updated Date: Thu, 19 Mar 2026 04:13 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ’ਚ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਦੇ ਨਾਮ ’ਤੇ ਇੱਕ ਵਕੀਲ ਨਾਲ ਲੱਖਾਂ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੋਤੀ ਨਗਰ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਵਕੀਲ ਮੋਹਿਤ ਖੁੱਲਰ ਵਾਸੀ ਉਪਕਾਰ ਨਗਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਵਿਜੇ ਪਾਲ ਨਾਮ ਦਾ ਵਿਅਕਤੀ ਉਸ ਦੇ ਕੋਲ ਕਲਾਇੰਟ ਬਣ ਕੇ ਆਇਆ ਸੀ ਅਤੇ ਆਪਣੇ ਆਪ ਨੂੰ ਐਲਆਈਸੀ ਏਜੈਂਟ ਦੱਸਦਾ ਸੀ। ਸਮੇਂ ਦੇ ਨਾਲ ਉਸ ਨੇ ਭਰੋਸਾ ਜਿੱਤ ਲਿਆ ਅਤੇ ਬਾਅਦ ’ਚ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਕੇ ਵੱਡਾ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ। ਕ੍ਰਿਪਟੋ ਬਾਰੇ ਜਾਣਕਾਰੀ ਨਾ ਹੋਣ ਕਾਰਨ ਪੀੜਤ ਨੇ ਖੁਦ ਨਿਵੇਸ਼ ਕਰਨ ਦੀ ਬਜਾਏ ਦੋਸ਼ੀ ’ਤੇ ਭਰੋਸਾ ਕਰਦਿਆਂ ਲਗਭਗ 5 ਲੱਖ 16 ਹਜ਼ਾਰ 600 ਰੁਪਏ ਉਸ ਦੇ ਹਵਾਲੇ ਕਰ ਦਿੱਤੇ। ਦੋਸ਼ੀ ਨੇ ਪੀੜਤ ਦੇ ਜ਼ਰੀਏ ਹੋਰ 4 ਲੋਕਾਂ ਤੋਂ ਵੀ ਪੈਸੇ ਲੈ ਕੇ ਨਿਵੇਸ਼ ਕਰਨ ਦਾ ਦਾਅਵਾ ਕੀਤਾ। ਕੁਝ ਸਮੇਂ ਬਾਅਦ ਵਿਜੇ ਪਾਲ ਨੇ ਸਾਰੇ ਲੋਕਾਂ ਨੂੰ ਦੱਸਿਆ ਕਿ ਨਿਵੇਸ਼ ਵਿੱਚ ਨੁਕਸਾਨ ਹੋ ਗਿਆ ਹੈ ਅਤੇ ਇਸ ਤੋਂ ਬਾਅਦ ਉਹ ਫਰਾਰ ਹੋ ਗਿਆ। ਪੀੜਤ ਦਾ ਇਹ ਵੀ ਦੋਸ਼ ਹੈ ਕਿ ਦੋਸ਼ੀ ਲੋਕਾਂ ਦਾ ਭਰੋਸਾ ਜਿੱਤਣ ਲਈ ਵੱਡੇ ਪੁਲਿਸ ਅਧਿਕਾਰੀਆਂ ਨਾਲ ਆਪਣੀਆਂ ਤਸਵੀਰਾਂ ਵੀ ਦਿਖਾਉਂਦਾ ਸੀ। ਜਦੋਂ ਪੈਸੇ ਵਾਪਸ ਨਹੀਂ ਮਿਲੇ ਤਾਂ ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ। ਜਾਂਚ ਤੋਂ ਬਾਅਦ ਥਾਣਾ ਮੋਤੀ ਨਗਰ ਪੁਲਿਸ ਨੇ ਦੋਸ਼ੀ ਵਿਜੇ ਪਾਲ ਵਾਸੀ ਰੇਲਵੇ ਕਾਲੋਨੀ, ਫੋਕਲ ਪੁਆਇੰਟ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਅਜਮੇਰ ਸਿੰਘ ਮੁਤਾਬਕ ਦੋਸ਼ੀ ਦੀ ਗ੍ਰਿਫ਼ਤਾਰੀ ਹਾਲੇ ਨਹੀਂ ਹੋਈ ਅਤੇ ਉਸ ਦੀ ਤਲਾਸ਼ ਜਾਰੀ ਹੈ।