ਲੁਧਿਆਣਾ ਦੇ ਸ਼ਾਹੀ ਮੁਹੱਲੇ ’ਚ ਦੇਰ ਰਾਤ ਤਾਬੜਤੋੜ ਫਾਇਰਿੰਗ
ਲੁਧਿਆਣਾ ਦੇ ਸ਼ਾਹੀ ਮੁਹੱਲੇ ’ਚ ਦੇਰ ਰਾਤ ਤਾਬੜਤੋੜ ਫਾਇਰਿੰਗ
Publish Date: Tue, 06 Jan 2026 11:22 PM (IST)
Updated Date: Wed, 07 Jan 2026 04:09 AM (IST)

ਦਹਿਸ਼ਤ ’ਚ ਆਏ ਲੋਕ, ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਲੁਧਿਆਣਾ ਦੇ ਸ਼ਾਹੀ ਮੁਹੱਲਾ ਵਿੱਚ ਦੇਰ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਵੱਖ-ਵੱਖ ਬਾਈਕਾਂ ’ਤੇ ਆਏ ਕਰੀਬ 10 ਨੌਜਵਾਨਾਂ ਨੇ ਇੱਕ ਘਰ ਦੇ ਬਾਹਰ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਦੀਆਂ ਆਵਾਜ਼ਾਂ ਨਾਲ ਇਲਾਕੇ ਦੇ ਲੋਕ ਨੀਂਦ ਤੋਂ ਜਾਗ ਗਏ ਤੇ ਇਲਾਕੇ ’ਚ ਸਹਿਮ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਜਾਣਕਾਰੀ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 8 ਦੇ ਐੱਸਐੱਚਓ ਅਤੇ ਚੌਕੀ ਕੈਲਾਸ਼ ਨਗਰ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਨੂੰ ਮੌਕੇ ਤੋਂ ਗੋਲੀਆਂ ਦੇ ਖਾਲੀ ਖੋਲ ਵੀ ਬਰਾਮਦ ਹੋਏ ਹਨ। ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੀਪਕ ਨੇ ਦੱਸਿਆ ਕਿ ਉਹ ਟੂਰ ਐਂਡ ਟਰੈਵਲ ਦਾ ਕਾਰੋਬਾਰ ਕਰਦਾ ਹੈ। ਉਸ ਨੇ ਦੱਸਿਆ ਕਿ ਦੇਰ ਰਾਤ ਕਰੀਬ ਇੱਕ ਵਜੇ ਉਸ ਨੂੰ ਪਹਿਲਾਂ ਪਟਾਖਿਆਂ ਵਰਗੀਆਂ ਆਵਾਜ਼ਾਂ ਆਈਆਂ ਪਰ ਕੁਝ ਹੀ ਪਲਾਂ ਬਾਅਦ ਉਸ ਦੇ ਘਰ ਦੀ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। ਬਾਅਦ ’ਚ ਪਤਾ ਲੱਗਾ ਕਿ ਕਿਸੇ ਨੇ ਬਾਹਰੋਂ ਉਸ ਦੇ ਘਰ ’ਤੇ ਗੋਲੀਆਂ ਚਲਾਈਆਂ ਹਨ। ਦੀਪਕ ਨੇ ਦੱਸਿਆ ਕਿ ਉਸ ਨੇ ਰੌਲਾ ਪਾ ਕੇ ਪਰਿਵਾਰਕ ਮੈਂਬਰਾਂ ਨੂੰ ਜਗਾਇਆ, ਜਿਸ ਤੋਂ ਬਾਅਦ ਇਲਾਕੇ ਦੇ ਲੋਕ ਵੀ ਬਾਹਰ ਆ ਗਏ। ਇਸ ਦੌਰਾਨ ਬਾਈਕ ਸਵਾਰ ਸਾਰੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਦੀਪਕ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਉਸ ਨੂੰ ਸ਼ੱਕ ਹੈ ਕਿ ਸ਼ਾਇਦ ਗਲਤੀ ਨਾਲ ਉਸ ਦੇ ਘਰ ਦੇ ਬਾਹਰ ਫਾਇਰਿੰਗ ਹੋ ਗਈ ਹੋਵੇ। ਪੁਲਿਸ ਵੱਲੋਂ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।