- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਨਗਰ ਦੇ ਜਮਾਲਪੁਰ ਇਲਾਕੇ ਵਿੱਚ ਮੁਹੱਲਾ ਰਾਮ ਨਗਰ ਤੇ ਇੱਕ ਘਰ ਵਿੱਚ ਰਹਿਣ ਵਾਲੇ ਨੌਜਵਾਨ ਨੇ ਸ਼ੱਕੀ ਹਾਲਾਤ ਵਿੱਚ ਫਾਹਾ ਲਗਾ ਕੇ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ। ਮੌਤ ਨੂੰ ਗਲੇ ਲਗਾਉਣ ਵਾਲੇ ਨੌਜਵਾਨ ਦੀ ਪਛਾਣ ਤੇਜ ਰਾਮ ਉਮਰ ਕਰੀਬ 26 ਸਾਲ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਮਿਲਣ ਮਗਰੋਂ ਥਾਣਾ ਜਮਾਲਪੁਰ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ।

ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਮਹਾਨਗਰ ਦੇ ਜਮਾਲਪੁਰ ਇਲਾਕੇ ਵਿੱਚ ਮੁਹੱਲਾ ਰਾਮ ਨਗਰ ਤੇ ਇੱਕ ਘਰ ਵਿੱਚ ਰਹਿਣ ਵਾਲੇ ਨੌਜਵਾਨ ਨੇ ਸ਼ੱਕੀ ਹਾਲਾਤ ਵਿੱਚ ਫਾਹਾ ਲਗਾ ਕੇ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ। ਮੌਤ ਨੂੰ ਗਲੇ ਲਗਾਉਣ ਵਾਲੇ ਨੌਜਵਾਨ ਦੀ ਪਛਾਣ ਤੇਜ ਰਾਮ ਉਮਰ ਕਰੀਬ 26 ਸਾਲ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਮਿਲਣ ਮਗਰੋਂ ਥਾਣਾ ਜਮਾਲਪੁਰ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਨੇ ਬੀਤੇ ਦਿਨ ਆਪਣੇ ਭਰਾ ਨੂੰ ਫੋਨ ਰਾਹੀਂ ਦੱਸਿਆ ਸੀ ਕਿ ਉਸ ਦੀ ਪਤਨੀ ਛੋਟੀਆਂ-ਛੋਟੀਆਂ ਗੱਲਾਂ ਤੋਂ ਨਰਾਜ਼ ਹੋ ਕੇ ਉਸ ਨੂੰ ਆਪਣੇ ਜਾਣਕਾਰ ਦੋਸਤਾਂ ਰਾਹੀਂ ਕੁੱਟ ਮਾਰ ਕਰਵਾਉਂਦੀ ਹੈ। ਦੂਜੇ ਪਾਸੇ ਮ੍ਰਿਤਕ ਤੇਜ ਰਾਮ ਦੀ ਘਰਵਾਲੀ ਨੇ ਆਪਣੇ ਪਤੀ ਉੱਪਰ ਸ਼ਰਾਬ ਪੀ ਕੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਘਟਨਾ ਬਾਰੇ ਪਤਾ ਲੱਗਾ ਜਦ ਜਮਾਲਪੁਰ ਦੇ ਮੁਹੱਲਾ ਰਾਮ ਨਗਰ ਵਿੱਚ ਰਹਿਣ ਵਾਲੇ ਤੇਜ ਰਾਮ ਦੀ ਐਤਵਾਰ ਸਵੇਰੇ ਕਮਰੇ ਵਿੱਚ ਹੀ ਪੱਖੇ ਨਾਲ ਲਟਕਦੀ ਲਾਸ਼ ਬਰਾਮਦ ਹੋਈ।
ਜਿਸ ਵੇਲੇ ਤੇਜ ਰਾਮ ਨੇ ਘਰ ਵਿੱਚ ਫਾਹਾ ਲਗਾਇਆ ਉਸ ਵੇਲੇ ਉਸ ਦੀ ਪਤਨੀ ਅਨੀਤਾ ਆਪਣੇ ਦੂਜੇ ਘਰ ਵਿੱਚ ਮੌਜੂਦ ਸੀ। ਘਟਨਾ ਦਾ ਪਤਾ ਲੱਗਦੇ ਹੀ ਉਹ ਮੌਕੇ ਤੇ ਪੁੱਜੀ ਅਤੇ ਮੁਹੱਲੇ ਵਾਲਿਆਂ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਕੇ ਪੁਲਿਸ ਨੂੰ ਮੌਕੇ ’ਤੇ ਸੱਦ ਲਿਆ। ਤੇਜ ਰਾਮ ਦੇ ਪਰਿਵਾਰਕ ਮੈਂਬਰਾਂ ਨੂੰ ਉਕਤ ਘਟਨਾ ਦੀ ਜਾਣਕਾਰੀ ਮਿਲੀ ਤਾਂ ਪਰਿਵਾਰ ਵਾਲੇ ਵੀ ਮੌਕੇ ’ਤੇ ਪੁੱਜ ਗਏ। ਮ੍ਰਿਤਕ ਦੇ ਭਰਾ ਰਾਮ ਸਰੂਪ ਨੇ ਤੇਜ ਰਾਮ ਦੀ ਪਤਨੀ ਅਨੀਤਾ ਉੱਪਰ ਗੰਭੀਰ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਸ ਦਾ ਭਰਾ ਕਈ ਵਾਰ ਫੋਨ ਕਰਕੇ ਅਨੀਤਾ ਤੋਂ ਦੁਖੀ ਹੋਣ ਦੀ ਗੱਲ ਪਰਿਵਾਰ ਨਾਲ ਸਾਂਝੀ ਕਰਦਾ ਸੀ।
ਰਾਮ ਸਰੂਪ ਮੁਤਾਬਕ ਦੋ ਦਿਨ ਪਹਿਲਾਂ ਵੀ ਤੇਜ਼ ਰਾਮ ਨੇ ਰੋ ਰੋ ਕੇ ਦੱਸਿਆ ਕਿ ਉਸ ਦੀ ਪਤਨੀ ਆਪਣੇ ਕੁਝ ਜਾਣਕਾਰਾਂ ਨੂੰ ਸੱਦ ਕੇ ਉਸ ਦੀ ਕਈ ਵਾਰ ਕੁੱਟ ਮਾਰ ਕਰਵਾ ਚੁੱਕੀ ਹੈ। ਜਦੋਂ ਉਸ ਨੂੰ ਆਪਣੇ ਭਰਾ ਦੀ ਮਾੜੀ ਹਾਲਤ ਬਾਰੇ ਪਤਾ ਲੱਗਾ ਤਾਂ ਉਸ ਨੇ ਤੇਜ ਰਾਮ ਨੂੰ ਪਿੰਡ ਆਉਣ ਲਈ ਕਿਹਾ ਪਰ ਐਤਵਾਰ ਨੂੰ ਤੇਜ ਰਾਮ ਨੇ ਇਹ ਆਤਮ ਘਾਤੀ ਕਦਮ ਚੁੱਕ ਲਿਆ। ਭਰਾ ਨੇ ਦੋਸ਼ ਲਗਾਇਆ ਕਿ ਅਨੀਤਾ ਉਸ ਦੇ ਭਰਾ ਤੇਜ ਰਾਮ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਕਾਫੀ ਤੰਗ ਕਰਦੀ ਸੀ ਅਤੇ ਇਨਾਂ ਹਾਲਾਤਾਂ ਦੇ ਚੱਲਦੇ ਪਤਨੀ ਤੋਂ ਦੁਖੀ ਹੋ ਕੇ ਤੇਜ਼ਰਾਮ ਨੇ ਆਪਣੀ ਜਾਨ ਦਿੱਤੀ।
ਉਧਰ ਮ੍ਰਿਤਕ ਦੀ ਪਤਨੀ ਅਨੀਤਾ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਉਸ ਦਾ ਪਤੀ ਤੇਜ ਰਾਮ ਸ਼ਰਾਬ ਪੀਣ ਦਾ ਆਦੀ ਸੀ। ਆਮ ਤੌਰ ਤੇ ਸ਼ਰਾਬੀ ਹਾਲਤ ਵਿੱਚ ਘਰ ਆ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਸੀ। ਇਸ ਲੜਾਈ ਝਗੜੇ ਅਤੇ ਕੁੱਟਮਾਰ ਤੋਂ ਬਚਣ ਲਈ ਉਹ ਦੂਜੇ ਘਰ ਵਿੱਚ ਆ ਕੇ ਰਹਿ ਰਹੀ ਸੀ। ਇਸ ਮਾਮਲੇ ਵਿੱਚ ਤਫਤੀਸ਼ੀ ਅਧਿਕਾਰੀ ਥਾਣੇਦਾਰ ਹਰਮੀਤ ਸਿੰਘ ਮੁਤਾਬਕ ਮ੍ਰਿਤਾਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਦੋਨਾਂ ਪੱਖਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਮੌਤ ਦੇ ਅਸਲ ਕਾਰਨ ਦੀ ਜਾਣਕਾਰੀ ਮਿਲ ਸਕੇਗੀ ਬਹਿਰਹਾਲ ਸ਼ੁਰੂਆਤੀ ਪੜਤਾਲ ਦੌਰਾਨ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋ ਸਕਿਆ ਹੈ।