ਸ਼ਹਿਰ ’ਚ ਲੱਖਾਂ ਮੁਸਲਮਾਨਾਂ ਨੇ ਅਦਾ ਕੀਤੀ ਰਮਜਾਨ ਦੇ ਪਹਿਲੇ ਜੁੰਮੇ ਦੀ ਨਮਾਜ
ਸ਼ਹਿਰ 'ਚ ਲੱਖਾਂ ਮੁਸਲਮਾਨਾਂ ਨੇ ਅਦਾ ਕੀਤੀ ਰਮਜਾਨ ਦੇ ਪਹਿਲੇ ਜੁੰਮੇ ਦੀ ਨਮਾਜ
Publish Date: Fri, 20 Feb 2026 08:08 PM (IST)
Updated Date: Fri, 20 Feb 2026 08:09 PM (IST)
- ਰੋਜਾ ਇਨਸਾਨ ਨੂੰ ਬੁਰਾਈਆਂ ਤੋਂ ਰੋਕ ਕੇ ਨੇਕ ਰਾਹ ’ਤੇ ਲੈ ਜਾਂਦਾ ਹੈ : ਸ਼ਾਹੀ ਇਮਾਮ ਪੰਜਾਬ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਸ਼ੁੱਕਰਵਾਰ ਨੂੰ ਪਵਿੱਤਰ ਰਮਜਾਨ ਮਹੀਨੇ ਦੇ ਪਹਿਲੇ ਜੁੰਮੇ ਦੀ ਨਮਾਜ ਮੌਕੇ ਸ਼ਹਿਰ ਭਰ ਵਿੱਚ ਲੱਖਾਂ ਮੁਸਲਮਾਨਾਂ ਨੇ ਵੱਖ-ਵੱਖ ਮਸਜਿਦਾਂ ’ਚ ਅਦਾ ਕੀਤੀ | ਇਸ ਮੌਕੇ ਫੀਲਡਗੰਜ ਚੌਕ ਵਿਖੇ ਇਤਿਹਾਸਕ ਜਾਮਾ ਮਸਜਿਦ ਵਿੱਚ ਹਜ਼ਾਰਾਂ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰੋਜਾ ਇਨਸਾਨ ਨੂੰ ਬੁਰਾਈਆਂ ਤੋਂ ਰੋਕ ਕੇ ਚੰਗੇ ਰਾਹ ਵੱਲ ਲੈ ਕੇ ਜਾਂਦਾ ਹੈ। ਸ਼ਾਹੀ ਇਮਾਮ ਮੌਲਾਨਾ ਉਸਮਾਨ ਨੇ ਕਿਹਾ ਕਿ ਰੋਜਾ ਰੱਖਣ ਦਾ ਮਤਲਬ ਸਿਰਫ ਭੁੱਖੇ-ਪਿਆਸੇ ਰਹਿਣਾ ਨਹੀਂ ਹੈ। ਰੋਜੇਦਾਰ ’ਤੇ ਲਾਜ਼ਮੀ ਹੈ ਕਿ ਉਹ ਆਪਣੀਆਂ ਅੱਖਾਂ, ਆਪਣੀ ਜੁਬਾਨ ਅਤੇ ਕੰਨਾਂ ਦਾ ਵੀ ਰੋਜਾ ਰੱਖੇ ਅਤੇ ਕਿਸੇ ਵੱਲ ਵੀ ਗਲਤ ਨਿਗ੍ਹਾ ਨਾਲ ਨਾ ਵੇਖੇ ਅਤੇ ਆਪਣੀ ਜੁਬਾਨ ਨਾਲ ਲੋਕਾਂ ਨੂੰ ਤਕਲੀਫ ਨਾ ਪਹੁੰਚਾਵੇ। ਸ਼ਾਹੀ ਇਮਾਮ ਨੇ ਕਿਹਾ ਕਿ ਰੋਜੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਗੁਆਂਢੀਆਂ, ਰਿਸ਼ਤੇਦਾਰਾਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦਾ ਖਿਆਲ ਰੱਖਣ, ਜੋ ਕਿ ਗ਼ਰੀਬੀ ਕਰ ਕੇ ਰਮਜਾਨ ਵਿੱਚ ਪਰੇਸ਼ਾਨ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਗ਼ਰੀਬ ਦੀ ਮਦਦ ਕਰਨਾ ਸਾਡੇ ਲਈ ਲਾਜ਼ਿਮੀ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਰੋਜਾ ਖਾਸ ਅੱਲ੍ਹਾਹ ਲਈ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਲ੍ਹਾਹ ਤਾਆਲਾ ਨੂੰ ਰੋਜੇਦਾਰ ਦੇ ਮੂੰਹ ਦੀ ਬੂ ਬਹਿਸ਼ਤ (ਜੱਨਤ) ਦੀ ਖੁਸ਼ਬੂ ਨਾਲੋਂ ਜ਼ਿਆਦਾ ਚੰਗੀ ਲੱਗਦੀ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਰੋਜੇਦਾਰ ਨੂੰ ਚਾਹੀਦਾ ਹੈ ਕਿ ਉਹ ਰਮਜਾਨ ਵਿੱਚ ਨੇਕੀ ਕਰਨ ਦੀ ਆਦਤ ਪਾਉਣ ਤਾਂਕਿ ਰਮਜਾਨ ਤੋਂ ਬਾਅਦ ਉਹ ਨੇਕੀ ਕਰਦਾ ਰਹੇ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਰੋਜਾ ਸਾਨੂੰ ਝੂਠ ਬੋਲਣ, ਬੁਰੀ ਨਿਗ੍ਹਾ ਨਾਲ ਦੇਖਣ, ਮੰਦੀਆਂ ਗੱਲਾਂ ਕਰਨ, ਹਰਾਮ ਕਮਾਉਣ, ਸ਼ਰਾਬ ਪੀਣ ਤੋਂ ਨਹੀਂ ਰੋਕਦਾ ਤਾਂ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਉਹ ਇਨਸਾਨ ਰੋਜੇਦਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਰਮਜਾਨ ਦੇ 30 ਦਿਨ ਸਾਨੂੰ ਬੁਰਾਈਆਂ ਨੂੰ ਛੱਡ ਕੇ ਖੁਦਾ ਦੇ ਹੁਕਮ ਮੁਤਾਬਿਕ ਜੀਵਨ ਜਿਊਣਾ ਚਾਹੀਦਾ ਹੈ। ਵਰਣਨਯੋਗ ਹੈ ਕਿ ਪਵਿੱਤਰ ਰਮਜਾਨ ਦੇ ਪਹਿਲੇ ਜੁੰਮੇ ਦੀ ਨਮਾਜ ਦੇ ਮੌਕੇ 'ਤੇ ਲੱਖਾਂ ਮੁਸਲਮਾਨ ਮਸਜਿਦਾਂ 'ਚ ਇਕੱਠੇ ਹੋਏ ਜਿੱਥੇ ਨਮਾਜ ਤੋਂ ਬਾਅਦ ਵਿਸ਼ਵ ਸ਼ਾਂਤੀ ਦੀ ਦੁਆ ਵੀ ਕਰਵਾਈ ਗਈ।