ਮਜ਼ਦੂਰ ਯੂਨੀਅਨ ਦੀ ਮੀਟਿੰਗ ਹੋਈ
ਮਜ਼ਦੂਰ ਯੂਨੀਅਨ ਦੀ ਮੀਟਿੰਗ ਹੋਈ
Publish Date: Mon, 12 Jan 2026 07:51 PM (IST)
Updated Date: Tue, 13 Jan 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਖੰਨਾ : ਅੱਜ ਮਜ਼ਦੂਰ ਯੂਨੀਅਨ ਇਲਾਕਾ ਖੰਨਾ ਵੱਲੋਂ 16 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਡੀਸੀ ਦਫਤਰ ਲੁਧਿਆਣਾ ਅੱਗੇ ਦਿੱਤੇ ਜਾ ਰਹੇ ਵਿਸ਼ਾਲ ਧਰਨੇ ’ਚ ਪਿੰਡਾਂ ਦੇ ਮਜ਼ਦੂਰਾਂ ਦੀ ਸ਼ਮੂਲੀਅਤ ਕਰਵਾਉਣ ਲਈ ਪਿੰਡ ਅਲੀਪੁਰ ਤੇ ਲਲਹੇੜੀ ਵਿਖੇ ਮੀਟਿੰਗਾਂ ਕੀਤੀਆਂ ਗਈਆਂ| ਇਨ੍ਹਾਂ ਮੀਟਿੰਗਾਂ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਮਜ਼ਦੂਰ ਯੂਨੀਅਨ ਖੰਨਾ ਦੇ ਪ੍ਰਧਾਨ ਮਲਕੀਤ ਸਿੰਘ ਨੇ ਦੱਸਿਆ ਕਿ ਬਿਜਲੀ ਸੋਧ ਬਿਲ 2025, ਬੀਜ ਬਿੱਲ 2025, 44 ਕਿਰਤ ਕਾਨੂੰਨ ਤੋੜ ਕੇ ਚਾਰ ਲੇਬਰ ਕੋਡ ਲਾਗੂ ਕਰਨ, ਮਨਰੇਗਾ ਦੀ ਥਾਂ ਵੀਬੀਜੀ ਰਾਮ ਜੀ ਕਾਨੂੰਨ, ਸਾਮਰਾਜੀ ਮੁਲਕਾਂ ਨਾਲ ਮੁਕਤ ਵਪਾਰ ਸਮਝੌਤਾ ਤੇ ਨਿੱਜੀਕਰਨ ਦਾ ਹੱਲਾ ਤੇਜ ਕਰਨ ਖਿਲਾਫ ਅੱਜ ਮਜ਼ਦੂਰਾਂ, ਕਿਸਾਨਾਂ, ਮੁਲਾਜਮਾਂ, ਵਿਦਿਆਰਥੀਆਂ ਦਾ ਸਾਂਝੇ ਘੋਲਾਂ ’ਚ ਨਿਤਰਨਾ ਸ਼ੁੱਭ ਸ਼ਗਨ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਸਾਮਰਾਜੀ ਮੁਲਕਾਂ, ਬਹੁਕੌਮੀ ਕੰਪਨੀਆਂ ਤੇ ਦੇਸ਼ ਦੇ ਕਾਰਪੋਰੇਟ ਘਰਾਣਿਆ ਦੀ ਵਹਿਸ਼ੀ ਲੁੱਟ ਨੂੰ ਤੇਜ ਕਰਨ ਲਈ ਲੋਕਾਂ ਦੇ ਹਿੱਤਾਂ ਲਈ ਬਣੇ ਕਾਨੂੰਨਾਂ ਨੂੰ ਤੋੜ ਕੇ ਜਾਂ ਉਨਾਂ ’ਚ ਕਾਰਪੋਰੇਟ ਪੱਖੀ ਸੋਧਾਂ ਕਰਕੇ ਕਿਰਤੀ ਲੋਕਾਂ ਨੂੰ ਹਾਸ਼ੀਏ ਤੇ ਧੱਕਣ ਲਈ ਦਿਨ-ਰਾਤ ਇੱਕ ਕਰ ਰਹੀਆਂ ਹਨ। ਲੋਕਾਂ ਦੇ ਹਿੱਤਾਂ ਲਈ ਬਣੇ ਕਾਨੂੰਨਾਂ ਚ ਸੋਧਾ ਕਰਕੇ ਤੇ ਸੰਸਾਰੀਕਰਨ ਦੀ ਨੀਤੀਆਂ ਲਾਗੂ ਕਰਕੇ ਸਾਰੇ ਸਰਕਾਰੀ ਅਦਾਰਿਆਂ ਨੂੰ ਨਿੱਜੀਕਰਨ ਵੱਲ ਧੱਕਿਆ ਜਾ ਰਿਹਾ ਤੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕੀਤਾ ਜਾ ਰਿਹਾ। ਨਰੇਗਾ ਕਾਨੂੰਨ ਤਹਿਤ 100 ਦਿਨ ਦੇ ਕੰਮ ਦੀ ਗਰੰਟੀ ਦੇਣ ਦੀ ਬਜਾਏ ਇਹ ਸਕੀਮ ਦਾ ਨਾਂ ਬਦਲਣ ਦੇ ਨਾਲ ਨਾਲ ਕੇਂਦਰ ਵੱਲੋਂ ਦਿੱਤੇ ਜਾ ਰਹੇ 90 ਪ੍ਰਤੀਸ਼ਤ ਫੰਡ ਦੀ ਕਟੌਤੀ ਕਰਕੇ 60 ਪ੍ਰਤੀਸ਼ਤ ਕਰਨ ਤੇ ਹੋਰ ਕੋਝੀਆਂ ਸ਼ਰਤਾਂ ਲਾ ਕੇ ਕੰਮ ਠੱਪ ਕਰਨ ਚਾਲ ਚੱਲੀ ਜਾ ਰਹੀ ਹੈ। ਕਿਰਤ ਕਾਨੂੰਨਾਂ ਦੀ ਥਾਂ ’ਤੇ ਚਾਰ ਲੇਬਰ ਕੋਡ ਲਿਆ ਕੇ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਬਣਾਉਣ ਲਈ ਹੱਲਾ ਬੋਲਿਆ ਗਿਆ ਹੈ। ਬਿਜਲੀ ਸੋਧ ਬਿੱਲ 2025 ਤਹਿਤ ਬਿਜਲੀ ਉਤਪਾਦਨ ਤੇ ਵੰਡ ਦਾ ਕੰਮ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਕੇ ਲੋਕਾਂ ਦੀ ਲੁੱਟ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਸਰਕਾਰਾਂ ਵੱਲੋਂ ਲਾਗੂ ਕੀਤੇ ਜਾ ਰਹੇ ਇਨਾਂ ਕਾਲੇ ਕਾਨੂੰਨਾਂ ਤੇ ਲੋਕ ਵਿਰੋਧੀ ਨੀਤੀਆਂ ਨੂੰ ਲੋਕ ਹਰਗਿਜ ਬਰਦਾਸ਼ਤ ਨਹੀਂ ਕਰਨਗੇ। ਇਸ ਲਈ ਪਿੰਡਾਂ ਦੇ ਮਜ਼ਦੂਰ ਵੀ ਇਨਾਂ ਧਰਨਿਆਂ ਦੇ ’ਚ ਵੱਧ ਚੜ੍ਹਕੇ ਸ਼ਾਮਿਲ ਹੋਣਗੇ। ਅੱਜ ਦੀਆਂ ਮੀਟਿੰਗਾਂ ’ਚ ਮੁੱਖ ਤੌਰ ’ਤੇ ਮਲਕੀਤ ਸਿੰਘ, ਇਕਬਾਲਜੀਤ ਸਿੰਘ, ਅਮਰਿੰਦਰ ਸਿੰਘ, ਜਸਵਿੰਦਰ ਸਿੰਘ, ਕੇਵਲ ਸਿੰਘ, ਜਸਵੀਰ ਸਿੰਘ, ਹਰਚੰਦ ਸਿੰਘ, ਕੁਲਵਿੰਦਰ ਕੌਰ, ਕੁਲਦੀਪ ਕੌਰ, ਲਖਬੀਰ ਕੌਰ, ਕਰਮਜੀਤ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।