- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿੰਦਾ ਲਗਾਉਣ ਜਾਂਦੇ ਕੋਟਲੀ ਸਾਥੀਆਂ ਸਮੇਤ ਹਿਰਾਸਤ ’ਚ, ਸੋਂਦ ਨੇ ਕੱਸਿਆ ਤੰਜ੍ਹ

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ
ਖੰਨਾ : ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਨੂੰ ਲੈ ਕੇ ਸੋਮਵਾਰ ਨੂੰ ਸ਼ਹਿਰ ’ਚ ਵੱਡਾ ਸਿਆਸੀ ਹੰਗਾਮਾ ਹੋਇਆ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਸੈਂਕੜੇ ਕਾਂਗਰਸੀ ਧਰਨਾ ਦੇਣ ਤੇ ਬੀਡਪੀਓ ਦਫ਼ਤਰ ਨੂੰ ਜਿੰਦਾ ਲਗਾਉਣ ਪੁੱਜੇ। ਬੀਡੀਪੀਓ ਦਫ਼ਤਰ ਨੂੰ ਜਿੰਦਾ ਲਗਾਉਣ ਜਾ ਰਹੇ ਕਾਂਗਰਸੀ ਵਰਕਰਾਂ ਨੇ ਬੈਰੀਕੇਡ ਤੋੜ ਕੇ ਪੁਲਿਸ ਘੇਰਾ ਤੋੜ ਦਿੱਤਾ ਪਰ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਸਮਰਾਲਾ ਚੌਕ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ। ਪੂਰਾ ਇਲਾਕਾ ਪੁਲਿਸ ਛਾਉਣੀ ਬਣਿਆ ਹੋਇਆ ਸੀ। ਕਿਸੇ ਵੱਡੇ ਖ਼ਦਸੇ ਨੂੰ ਲੈ ਕੇ ਸਵੇਰ ਤੋਂ ਹੀ ਸ਼ਹਿਰ ’ਚ ਪੁਲਿਸ ਪ੍ਰਸ਼ਾਸਨ ਚੌਕਸ ਸੀ। ਦਫ਼ਤਰ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਗੁਰਕੀਰਤ ਕੋਟਲੀ ਸਮੇਤ ਕਾਂਗਰਸੀ ਵਰਕਰਾਂ ਨੂੰ ਬੱਸਾਂ ’ਚ ਲੈ ਗਈ। ਉਨ੍ਹਾਂ ਨੂੰ ਰੌਣੀ ਚੌਕੀ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਦੋ ਘੰਟੇ ਲਈ ਹਿਰਾਸਤ ’ਚ ਰੱਖਿਆ ਗਿਆ। ਬਾਅਦ ’ਚ ਸਥਿਤੀ ਠੰਢੀ ਹੋਣ 'ਤੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਕਾਂਗਰਸ ਦੇ ਪ੍ਰਦਰਸ਼ਨ ’ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਵੱਲੋਂ ਵੀ ਤੰਜ੍ਹ ਕੱਸਿਆ ਗਿਆ।
ਦੱਸਣਯੋਗ ਹੈ ਕਿ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਦੇ ਵਿਰੋਧ ’ਚ ਕਾਂਗਰਸ ਵੱਲੋਂ ਬੀਡਪੀਓ ਦਫ਼ਤਰ ਨੂੰ ਸੋਮਵਾਰ ਨੂੰ ਜਿੰਦਾ ਮਾਰਨ ਦਾ ਐਲਾਨ ਕੀਤਾ ਗਿਆ ਤੇ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਵੱਲੋਂ ਵੀ ਸਰਕਾਰੀ ਕੰਮਾਂ ਨੂੰ ਵਿਘਨ ਪਾਉਣ ’ਤੇ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤਾ ਗਈ ਸੀ। ਦੋਵੇਂ ਧਿਰਾਂ ’ਚ ਪਿਛਲੇ ਦੋ ਦਿਨਾਂ ਤੋਂ ਸ਼ਬਦੀ ਜੰਗ ਚੱਲ ਰਹੀ ਸੀ। ਅੱਜ ਕਾਂਗਰਸ ਨੇ ਪਹਿਲਾਂ ਸਮਰਾਲਾ ਚੌਕ ਖੰਨਾ ’ਚ ਵਿਰੋਧ ਪ੍ਰਦਰਸ਼ਨ ਕੀਤਾ, ਜਦੋਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਉਨ੍ਹਾਂ ਦੇ ਸਾਥੀ ਬੀਡਪੀਓ ਦਫ਼ਤਰ ਵੱਲ ਨੂੰ ਵੱਧਣ ਲੱਗੇ ਤਾਂ ਉਨ੍ਹਾਂ ਸਾਰਿਆਂ ਨੂੰ ਹਿਰਾਸਤ ’ਚ ਲੈ ਲਿਆ। ਪੁਲਿਸ ਅਧਿਕਾਰੀਆਂ ਨੇ ਪਹਿਲਾਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਹਿਰਾਸਤ ’ਚ ਲਿਆ ਕਿਉਂਕਿ ਉਨ੍ਹਾਂ ਦੇ ਹੱਥ ’ਚ ਜਿੰਦਾ ਤੇ ਸੰਗਲ ਫੜੇ ਹੋਏ ਸਨ। ਇਸ ਤੋਂ ਬਾਅਦ ਲੱਗਭੱਗ 40 ਤੋਂ 50 ਹੋਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਵੀ ਹਿਰਾਸਤ ’ਚ ਲੈ ਲਿਆ ਗਿਆ। ਪੁਲਿਸ ਸਾਰੇ ਹਿਰਾਸਤ ’ਚ ਲਏ ਪ੍ਰਦਰਸ਼ਨਕਾਰੀਆਂ ਨੂੰ ਦੋ ਬੱਸਾਂ ’ਚ ਬਿਠਾ ਕੇ ਲੈ ਗਈ। ਇਸ ਮੌਕੇ ਕਮਲਜੀਤ ਸਿੰਘ ਲੱਧੜ, ਰਾਜੀਵ ਮਹਿਤਾ, ਹਰਜਿੰਦਰ ਸਿੰਘ ਇਕੋਲਾਹਾ, ਵਿਕਾਸ ਮਹਿਤਾ, ਸਤਨਾਮ ਸਿੰਘ ਸੋਨੀ, ਅਮਿਤ ਤਿਵਾੜੀ, ਅਮਰੀਸ਼ ਕਾਲੀਆ, ਵਿਜੇ ਮੋਦਗਿੱਲ, ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਅਮਨ ਕਟਾਰੀਆ, ਗੁਰਦੀਪ ਰਸੂਲੜਾ, ਰਿੱਕੀ ਸ਼ਰਮਾ, ਸੰਦੀਪ ਘਈ, ਵਿਸ਼ਾਲ ਬੌਬੀ, ਸਤਨਾਮ ਚੌਧਰੀ, ਕੈਪਟਨ ਮੇਹਰ ਸਿੰਘ ਇਕੋਲਾਹੀ, ਸੁਦਰਸ਼ਨ ਵਰਮਾ ਪੱਪੀ, ਲਛਮਣ ਸਿੰਘ ਗਰੇਵਾਲ, ਪ੍ਰਿਆ ਧੀਮਾਨ, ਹਰਦੀਪ ਸਿੰਘ ਨੀਨੂੰ, ਰਵਿੰਦਰ ਬੱਬੂ, ਰਣਵੀਰ ਸਿੰਘ ਕਾਕਾ, ਗੁਰਪ੍ਰੀਤ ਨਾਗਪਾਲ, ਨਵਦੀਪ ਸ਼ਰਮਾ, ਵਿਕਾਸ ਮਿੱਤਲ, ਸੁਖਰਾਜ ਸਿੰਘ ਬੀਜਾ, ਅੰਮ੍ਰਿਤਪਾਲ ਸਿੰਘ ਪਿੰਚੀ, ਦਿਨੇਸ਼ ਮਿੰਟੂ, ਹੁਸ਼ਿਆਰ ਮਾਹੀ, ਬਬਲੂ ਖੰਨਾ, ਜਸਪਾਲ ਸਿੰਘ ਪਾਲੀ ਹੋਲ ਆਦਿ ਹਾਜ਼ਰ ਸਨ।
ਅੱਜ ਨਹੀਂ ਲੱਗ ਸਕੇ ਬੀਡਪੀਓ ਦਫ਼ਤਰ ਨੂੰ ਜਿੰਦੇ
ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ’ਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਬਲਾਕ ਸੰਮਤੀ ਦੀਆਂ ਚੋਣਾਂ ਲੋਕਤੰਤਰੀ ਢੰਗ ਨਾਲ ਨਹੀਂ ਹੋਈਆਂ। ਉਨ੍ਹਾਂ ਦਾਅਵਾ ਕੀਤਾ ਕਿ ਕੁੱਲ 16 ਮੈਂਬਰਾਂ ’ਚੋਂ ਆਮ ਆਦਮੀ ਪਾਰਟੀ (ਆਪ) ਨੇ ਸਿਰਫ਼ 6 ਜੇਤੂ ਮੈਂਬਰਾਂ ਨਾਲ ਚੇਅਰਮੈਨ ਤੇ ਉਪ-ਚੇਅਰਮੈਨ ਬਣਾਏ, ਭਾਵੇਂ ਕਿ ਉਨ੍ਹਾਂ ਕੋਲ ਬਹੁਮਤ ਨਹੀਂ ਸੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਉਹ ਇਸ ਮੁੱਦੇ ’ਤੇ ਚੁੱਪ ਨਹੀਂ ਰਹਿਣਗੇ ਤੇ ਲੋਕਤੰਤਰ ਦੀ ਰੱਖਿਆ ਲਈ ਸੰਘਰਸ਼ ਜਾਰੀ ਰੱਖਣਗੇ। ਕਾਂਗਰਸ ਵੱਲੋਂ ਬੀਡੀਪੀਓ ਦਫ਼ਤਰ ਨੂੰ ਜਿੰਦਾ ਲਗਾਉਣ ਦੀ ਕੋਸ਼ਿਸ਼ ਨੂੰ ਪ੍ਰਸ਼ਾਸਨ ਨੇ ਨਾਕਾਮ ਕਰ ਦਿੱਤੀ। ਘਟਨਾ ਸਥਾਨ ’ਤੇ ਭਾਰੀ ਪੁਲਿਸ ਤਾਇਨਾਤ ਸੀ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੂਰੇ ਖੇਤਰ ’ਚ ਸੁਰੱਖਿਆ ਵਧਾ ਦਿੱਤੀ ਗਈ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਕਦਮ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ। ਜੇਕਰ ਚੋਣ ’ਚ ਕਿਸੇ ਨਾਲ ਧੱਕਾ ਹੋਇਆ ਤਾਂ ਉਨ੍ਹਾਂ ਨੂੰ ਕਾਨੂੰਨ ਦੀ ਸਹਾਰਾ ਲੈਣਾ ਚਾਹੀਦਾ ਨਾ ਕਿ ਕਾਨੂੰਨ ਹੱਥ ’ਚ।
------
ਕਾਂਗਰਸ ਦਾ ਸਿਆਸੀ ਸਟੰਟ ਹੋਇਆ ਫੇਲ੍ਹ: ਮੰਤਰੀ ਸੋਂਦ
ਦੂਜੇ ਪਾਸੇ ਚੋਣਾਂ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਪੁਲਿਸ ਵੱਲੋਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮੰਤਰੀ ਸੋਂਦ ਨੇ ਸੋਸ਼ਲ ਮੀਡੀਆ ਰਾਹੀਂ ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਇਸਨੂੰ ਲੋਕਤੰਤਰੀ ਪ੍ਰਣਾਲੀ ਨੂੰ ਭੰਗ ਕਰਨ ਦੀ ਕੋਸ਼ਿਸ਼ ਦੱਸਿਆ। ਮੰਤਰੀ ਸੌਂਦ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਕੁਝ ਕਾਂਗਰਸੀ ਆਗੂ ਹਤਾਸ਼ ਹੋ ਗਏ ਹਨ ਅਤੇ ਸੱਤਾ ਦੇ ਲਾਲਚ ਵਿੱਚ ਅਜਿਹੇ ਵਿਰੋਧ ਪ੍ਰਦਰਸ਼ਨਾਂ ਅਤੇ ਪ੍ਰਦਰਸ਼ਨਾਂ ਦਾ ਸਹਾਰਾ ਲੈ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਵੀ ਕੀਮਤ ’ਤੇ ਕਾਨੂੰਨ ਵਿਵਸਥਾ ਨੂੰ ਭੰਗ ਨਹੀਂ ਹੋਣ ਦੇਵੇਗੀ। ਜੋ ਵੀ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਜਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ, ਉਸ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
----------
ਐੱਸਐੱਸਪੀ ਆਹਲੂਵਾਲੀਆ ਤੇ ਐੱਸਡੀਐੱਮ ਟਿਵਾਣਾ ਦੀ ਕੀਤਾ ਮੰਤਰੀ ਸੋਂਦ ਨੇ ਸਲਾਘਾ
ਆਪਣੇ ਫੇਸਬੁੱਕ ਪੇਜ ’ਤੇ ਇੱਕ ਪੋਸਟ ’ਚ ਮੰਤਰੀ ਸੌਂਦ ਨੇ ਖੰਨਾ ’ਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਐੱਸਐੱਸਪੀ ਡਾ. ਦਰਪਨ ਆਹਲੂਵਾਲੀਆ, ਐੱਸਡੀਐੱਮ ਸਵਾਤੀ ਟਿਵਾਣਾ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਸਮੇਂ ਸਿਰ ਕਾਰਵਾਈ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਵਿਗੜਨ ਤੋਂ ਰੋਕਣ ਲਈ ਜ਼ੋਰਦਾਰ ਸਲਾਘਾ ਕੀਤੀ। ਮੰਤਰੀ ਸੋਂਦ ਨੇ ਲਿਖਿਆ ਕਿ ਬੀਡੀਪੀਓ ਦਫ਼ਤਰ ਇੱਕ ਸਰਕਾਰੀ ਦਫ਼ਤਰ ਹੈ ਤੇ ਕਾਂਗਰਸੀ ਆਗੂਆਂ ਵੱਲੋਂ ਗੁੰਡਾਗਰਦੀ ਦਾ ਸਹਾਰਾ ਲੈ ਕੇ ਦਿਨ-ਦਿਹਾੜੇ ਇਸਨੂੰ ਬੰਦ ਕਰਨ ਦੀ ਕੋਸ਼ਿਸ਼ ਪੂਰੀ ਤਰ੍ਹਾਂ ਗੈਰ-ਸੰਵਿਧਾਨਕ ਅਤੇ ਗ਼ੈਰ-ਕਾਨੂੰਨੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਕਾਂਗਰਸੀ ਆਗੂ ਸਿਆਸੀ ਸਟੰਟ ਲਈ ਸਰਕਾਰੀ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਸਨ, ਜਿਸ ਨੂੰ ਪ੍ਰਸ਼ਾਸਨ ਨੇ ਸਖ਼ਤੀ ਨਾਲ ਰੋਕਿਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀਆਂ ਦੋ ਧੀਆਂ, ਸ਼ੇਰਨੀਆਂ ਵਾਂਗ ਖੜ੍ਹੀਆਂ ਹੋਈਆਂ ਅਤੇ ਗੁੰਡਾਗਰਦੀ ਦਾ ਸਾਹਮਣਾ ਕੀਤਾ। ਉਹ ਐੱਸਐੱਸਪੀ ਡਾ. ਦਰਪਨ ਆਹਲੂਵਾਲੀਆ ਅਤੇ ਐੱਸਡੀਐੱਮ ਸਵਾਤੀ ਟਿਵਾਣਾ ਦਾ ਹਵਾਲਾ ਦੇ ਰਹੇ ਸਨ। ਮੰਤਰੀ ਸੋਂਦ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਸਖ਼ਤ ਕਾਰਵਾਈ ਨਾ ਕੀਤੀ ਹੁੰਦੀ ਤਾਂ ਕਾਂਗਰਸੀ ਆਗੂ ਸ਼ਹਿਰ ਦਾ ਮਾਹੌਲ ਖਰਾਬ ਕਰਨ ’ਚ ਕੋਈ ਕਸਰ ਨਹੀਂ ਛੱਡਦੇ।
ਸੋਂਦ ਨੇ ਕਾਂਗਰਸ ਦੇ 10 ਸਾਲਾਂ ਰਾਜ ’ਤੇ ਉਠਾਏ ਸਵਾਲ
ਆਪਣੀ ਇੱਕ ਹੋਰ ਪੋਸਟ ’ਚ ਮਤਰੀ ਸੋਂਦ ਨੇ ਆਖਿਆ ਕਿ ਕਾਂਗਰਸੀਓ, ਆਹ ਜਿਹੜੇ ਖੰਨਾ ਦੇ ਚੌਕ ’ਚ ਤੁਸੀਂ ਚਿੱਟੀਆਂ ਚਾਦਰਾਂ ਵਿਛਾ ਕੇ ਧਾਰਨਾ ਲਾਈ ਬੈਠੇ ਸੀ ਨਾ, ਇਹ ਚੌਕ ਮੈਂ ਹੀ ਸਾਫ਼ ਕਰਵਾਏ ਹਨ, ਤੁਹਾਡੀ ਸਰਕਾਰ ਸਮੇਂ ਜਦੋਂ ਤੁਸੀਂ 10 ਸਾਲ ਖੰਨਾ ’ਚ ਰਾਜ ਕੀਤਾ ਸੀ ਨਾਂ, ਇਨ੍ਹਾਂ ਚੌਂਕਾਂ ’ਚ ਵੱਡੇ ਵੱਡੇ ਕੂੜੇ ਦੇ ਢੇਰ ਲੱਗੇ ਹੋਏ ਸਨ। ਬੇ-ਸਹਾਰਾ ਗਊਆਂ, ਸਾਨ੍ਹ ਕਈ ਸੌ ਦੀ ਗਿਣਤੀ ’ਚ ਫਿਰਦੇ ਹੁੰਦੇ ਸਨ। ਚੌਕਾਂ ’ਚੋਂ ਲੰਘਣ ਸਮੇਂ ਮੂੰਹ ਉੱਤੇ ਰੁਮਾਲ ਅਤੇ ਭੈਣਾਂ ਨੂੰ ਚੁੰਨੀਆਂ ਰੱਖਣੀਆਂ ਪੈਂਦੀਆਂ ਸਨ। ਸੋ ਮੈਨੂੰ ਮੇਰੇ ਖੰਨੇ ਦਾ ਸੁਧਾਰ ਕਰ ਲੈਣ ਦੋ, ਤੁਸੀਂ ਬਥੇਰੀ ਸੇਵਾ ਕਰ ਲਈ, ਖੰਨੇ ਨੇ ਤੁਹਾਡੀ ਸੇਵਾ, ਨੀਯਤ, ਕੀਤੇ ਕਾਰਨਾਮੇ ਸਬ ਦੇਖੇ ਹੋਏ ਨੇ।