ਖ਼ਾਲਸਾ ਕਾਲਜ ਲੜਕੀਆਂ ਦੇ 63ਵੇਂ ਇਨਾਮ ਵੰਡ ਸਮਾਰੋਹ ਦੌਰਾਨ ਵਿਦਿਆਰਥਣਾਂ ਦਾ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨ
ਖ਼ਾਲਸਾ ਕਾਲਜ ਲੜਕੀਆਂ ਦੇ 63ਵੇਂ ਇਨਾਮ ਵੰਡ ਸਮਾਰੋਹ ਦੌਰਾਨ ਵਿਦਿਆਰਥਣਾਂ ਦਾ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨ
Publish Date: Thu, 09 Apr 2026 05:57 PM (IST)
Updated Date: Thu, 09 Apr 2026 05:59 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਖ਼ਾਲਸਾ ਕਾਲਜ ਲੜਕੀਆਂ ਵਿਖੇ 63ਵਾਂ ਇਨਾਮ ਵੰਡ ਸਮਾਰੋਹ ਕਾਲਜ ਆਡੀਟੋਰੀਅਮ ਵਿਚ ਕਰਵਾਇਆ ਗਿਆ। ਸਮਾਰੋਹ ਦੌਰਾਨ ਵਿਦਿਆਰਥਣਾਂ ਦਾ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨ ਕੀਤਾ ਗਿਆ। ਸਮਾਰੋਹ ਵਿਚ ਜਸਟਿਸ ਰਿਤੂ ਬਾਹਰੀ ਸਾਬਕਾ ਮੁੱਖ ਜੱਜ ਉੱਤਰਾਖੰਡ ਹਾਈ ਕੋਰਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਮੈਨੇਜਿੰਗ ਕਮੇਟੀ ਦੇ ਮੈਂਨੇਜਰ ਕੁਸ਼ਲ ਢਿੱਲੋਂ, ਡਾਇਰੈਕਟਰ ਡਾ. ਮੁਕਤੀ ਗਿੱਲ ਅਤੇ ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ। ਸਮਾਰੋਹ ਦੀ ਸ਼ੁਰੂਆਤ ਕਾਲਜ ਸ਼ਬਦ ਗਾਇਨ ਨਾਲ ਹੋਈ। ਕਾਲਜ ਦੀ ਸਾਲਾਨਾ ਰਿਪੋਰਟ ਮਲਟੀਮੀਡੀਆ ਰਾਹੀਂ ਪੇਸ਼ ਕੀਤੀ ਗਈ, ਜਿਸ ਵਿਚ ਅਕਾਦਮਿਕ ਸਾਲ ਦੌਰਾਨ ਸੰਸਥਾ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ। ਵਿਦਿਆਰਥੀਆਂ ਦੀ ਨਿਰੰਤਰ ਮਿਹਨਤ ਦਾ ਸਾਲ 2024-25 ਵਿੱਚ ਭਰਪੂਰ ਲਾਭ ਹੋਇਆ, ਜਿੱਥੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਕ੍ਰਮਵਾਰ 9 ਪਹਿਲੇ, 6 ਦੂਜੇ ਅਤੇ 12 ਤੀਜੇ ਸਥਾਨ ਪ੍ਰਾਪਤ ਕਰਕੇ 93 ਪਹਿਲੀਆਂ 10 ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਸਰੀਰਕ ਸਿੱਖਿਆ ਵਿਭਾਗ ਨੇ 36 ਸੋਨੇ ਦੇ ਤਗਮੇ, 38 ਚਾਂਦੀ ਦੇ ਤਗਮੇ ਅਤੇ 43 ਕਾਂਸੀ ਦੇ ਤਗਮੇ ਜਿੱਤੇ। ਕਾਲਜ ਨੇ ਐਸਸੀਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਹੋਏ ਪੀਯੂ ਖੇਤਰੀ ਯੁਵਕ ਮੇਲੇ ਵਿਚ ਪਹਿਲੀ ਰਨਰਅੱਪ ਟਰਾਫੀ ਜਿੱਤੀ। ਵਿਦਿਆਰਥੀਆਂ ਨੇ ਕੁੱਲ 37 ਇਨਾਮ ਜਿੱਤੇ, 15 ਪਹਿਲੇ, 9 ਦੂਜੇ ਅਤੇ 13 ਤੀਜੇ ਸਥਾਨ ਤੇ ਰਹੇ। ਏਐਸ ਕਾਲਜ ਖੰਨਾ ਵਿਖੇ ਹੋਏ ਵਿਰਾਸਤੀ ਮੇਲੇ ਦੇ ਅੰਤਰ ਖੇਤਰੀ ਵਿਚ 17 ਇਨਾਮ ਜਿੱਤੇ। ਕਾਲਜ ਦੀ ਵਿਦਿਆਰਥਣ ਰੁਪਾਲੀ ਸ਼ਰਮਾ ਨੇ 39ਵੇਂ ਏਆਈਯੂ ਅੰਤਰ-ਯੂਨੀਵਰਸਿਟੀ ਰਾਸ਼ਟਰੀ ਯੁਵਾ ਉਤਸਵ ਵਿਚ ਮਿਮਿਕਰੀ ਵਿਚ ਰਾਸ਼ਟਰੀ ਦੂਜਾ ਇਨਾਮ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਪ੍ਰਬੰਧਕੀ ਕਮੇਟੀ ਦਾ ਸੰਸਥਾ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਧੰਨਵਾਦ ਕੀਤਾ। ਪ੍ਰਿੰਸੀਪਲ ਮੈਡਮ ਨੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਆਪਣੀ ਸਖ਼ਤ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਜ਼ਿੰਦਗੀ ਵਿੱਚ ਹੋਰ ਉਚਾਈਆਂ ਪ੍ਰਾਪਤ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮਹਿਮਾਨ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ। 83 ਵਿਦਿਆਰਥੀਆਂ ਨੂੰ ਕਾਲਜ ਕਲਰ ਨਾਲ ਸਨਮਾਨਿਤ ਕੀਤਾ ਗਿਆ। 74 ਵਿਦਿਆਰਥੀਆਂ ਨੂੰ ਅਕਾਦਮਿਕ ਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਮੈਰਿਟ ਸਰਟੀਫਿਕੇਟ ਦਿੱਤੇ ਗਏ, ਜਿਨ੍ਹਾਂ ਵਿੱਚੋਂ 41 ਵਿਦਿਆਰਥੀਆਂ ਨੂੰ ਸਮਾਜਿਕ ਤੇ ਸੱਭਿਆਚਾਰਕ ਗਤੀਵਿਧੀਆਂ ਲਈ, 8 ਨੂੰ ਅਕਾਦਮਿਕ ਲਈ, 5 ਨੂੰ ਐਨਸੀਸੀ/ਐਨਐਸਐਸ ਅਤੇ 20 ਨੂੰ ਖੇਡਾਂ ਲਈ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ 100 ਫ਼ੀਸਦੀ ਅੰਕ ਪ੍ਰਾਪਤ ਕਰਨ ਲਈ 26 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬੀ ਵਿਭਾਗ ਦੀ ਅਧਿਆਪਕਾ ਡਾ. ਕੰਵਲਜੀਤ ਕੌਰ ਅਤੇ ਬੀਐਸਸੀ ਭਾਗ ਪਹਿਲਾ ਮੈਡੀਕਲ ਦੀ ਵਿਦਿਆਰਥਣ ਨਿਧੀ ਨੂੰ ਸਰਵੋਤਮ ਲਾਇਬ੍ਰੇਰੀ ਉਪਭੋਗਤਾ ਪੁਰਸਕਾਰ ਦਿੱਤੇ ਗਏ। ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੂੰ ਸਾਲ ਭਰ ਕਾਲਜ ਗਤੀਵਿਧੀਆਂ ਵਿਚ ਉਨ੍ਹਾਂ ਦੇ ਯੋਗਦਾਨ ਲਈ ਵੀ ਸਨਮਾਨਿਤ ਕੀਤਾ ਗਿਆ। ਡਾ. ਪਰਮਿੰਦਰ ਕੌਰ ਦੀ ਅਗਵਾਈ ਵਾਲੇ ਕੰਪਿਊਟਰ ਸਾਇੰਸ ਵਿਭਾਗ ਨੂੰ ਯੂਨੀਵਰਸਿਟੀ ਦੀਆਂ ਵੱਧ ਤੋਂ ਵੱਧ ਉੱਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹੋਏ ਮੁੱਖ ਮਹਿਮਾਨ ਨੇ ਪ੍ਰਿੰਸੀਪਲ, ਡਾਇਰੈਕਟਰ, ਮੈਨੇਜਮੈਂਟ ਅਤੇ ਸਟਾਫ ਨੂੰ ਪ੍ਰਾਪਤੀਆਂ ਦੇ ਵਧਦੇ ਗ੍ਰਾਫ ਨੂੰ ਕਾਇਮ ਰੱਖਣ ਲਈ ਵਧਾਈ ਦਿੱਤੀ।