ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿਖੇ ਉਸਰਿਆ ‘ਕਵਿਤਾ ਭਵਨ’
ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿਖੇ ਉਸਰਿਆ ‘ਕਵਿਤਾ ਭਵਨ’
Publish Date: Mon, 02 Feb 2026 07:40 PM (IST)
Updated Date: Tue, 03 Feb 2026 04:14 AM (IST)

-ਪੰਜਾਬੀ ਭਾਸ਼ਾ ਦੇ ਪੰਜ ਨਾਮਵਰ ਕਵੀਆਂ ਨੂੰ ਹੋਵੇਗਾ ਸਮਰਪਿਤ ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਹਰਬਖਸ਼ ਸਿੰਘ ਸਰੋਆ ਵੱਲੋਂ ਹਾਲ ਕਮਰੇ ਦੇ ਨਾਮਕਰਨ ਲਈ ਇਕ ਸਮਾਗਮ ਦਾ ਕਰਵਾਇਆ ਗਿਆ। ਜਿਸ ਵਿੱਚ ਲੋਕ ਕਲਾ ਮੰਚ ਰਜਿ ਮੰਡੀ ਮੁੱਲਾਂਪੁਰ ਦੇ ਸੱਦੇ ਤੇ ਕੈਲਗਰੀ ਨਿਵਾਸੀ ਹਰਬਖਸ਼ ਸਿੰਘ ਸਰੋਆ, ਸੂਰੀਆ ਪ੍ਰਤਾਪ ਸਿੰਘ, ਜਰਨੈਲ ਤੱਗੜ ਅਤੇ ਅਵਤਾਰ ਤੱਗੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਹਰਬਖਸ਼ ਸਿੰਘ ਸਰੋਆ ਵੱਲੋਂ ਆਪਣੀ ਕਿਰਤ ਕਮਾਈ ਨਾਲ ਉਸਾਰੇ ਗਏ ਹਾਲ ਦਾ ਨਾਮਕਰਨ ਕੀਤਾ ਗਿਆ। ਇਸ ਹਾਲ ਨੂੰ ‘ਕਵਿਤਾ ਭਵਨ’ ਦਾ ਨਾਂ ਦਿੱਤਾ ਗਿਆ ਹੈ। ਇਸ ਹਾਲ ਵਿੱਚ ਕਵੀ ਦਰਬਾਰ ਕਰਵਾਏ ਜਾਇਆ ਕਰਨਗੇ ਅਤੇ ਇਹ ਹਾਲ ਪੰਜਾਬੀ ਮਾਤ ਭਾਸ਼ਾ ਦੇ ਪੰਜ ਨਾਮਵਰ ਕਵੀਆਂ ਨੂੰ ਸਮਰਪਿਤ ਹੋਵੇਗਾ। ਇਸ ਮੌਕੇ ਰਵਨੀਤ ਕੌਰ ਲੈਕਚਰਾਰ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਆਪਣੀ ਕਵਿਤਾ ਪੇਸ਼ ਕੀਤੀ। ਇਸ ਉਪਰੰਤ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਪ੍ਰਧਾਨ ਹਰਕੇਸ਼ ਚੌਧਰੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਤੇ ਮੰਚ ਦੇ ਕਾਰਜਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮਾਸਟਰ ਭਜਨ ਸਿੰਘ ਦੀ ਪ੍ਰੇਰਨਾ ਸਦਕਾ ਹੀ ਸਰੋਆ ਪਰਿਵਾਰ ਨੇ ਭਵਨ ਵਿਖੇ ਹਾਲ ਕਮਰੇ ਦੀ ਉਸਾਰੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਭਗਤ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਬਣਾਉਣਾ ਚਾਹੁੰਦੇ ਹਾਂ। ਲੇਖਕ ਅਮਰੀਕ ਤਲਵੰਡੀ ਨੇ ਸੁੱਚੀ ਕਿਰਤ ਕਮਾਈ ਨਾਲ ਉਸਾਰੇ ਹਾਲ ਲਈ ਸਰੋਆ ਪਰਿਵਾਰ ਦੀ ਸ਼ਲਾਘਾ ਕੀਤੀ। ਸਮਾਗਮ ਨੂੰ ਇਕਬਾਲ ਸਿੰਘ ਪੂੜੈਣ ਨੇ ਵੀ ਸੰਬੋਧਨ ਕੀਤਾ। ਪ੍ਰਿੰਸੀਪਲ ਰਾਜਿੰਦਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ’ ਲੋਕ ਕਲਾ ਮੰਚ’ ਦਾ ਸਮਾਜ ਅੰਦਰ ਵੱਡਾ ਯੋਗਦਾਨ ਹੈ ਅਤੇ ਉਹ ਨਾਟਕਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਸ਼ਲਾਘਾਯੋਗ ਉਦਮ ਕਰ ਰਿਹਾ ਹੈ। ਇਸ ਮੌਕੇ ਜਰਨੈਲ ਤੱਗੜ ਨੇ ਲੋਕ ਕਲਾ ਮੰਚ ਨਾਲ ਪਿੱਛਲੇ ਤੇਰਾਂ ਸਾਲ ਪੁਰਾਣੀ ਸਾਂਝ ਦਾ ਜ਼ਿਕਰ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਹਰਬਖਸ਼ ਸਰੋਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੇਰੀ ਗੁਰਸ਼ਰਨ ਸਿੰਘ ਭਾਅ ਜੀ ਨਾਲ ਗੂੜ੍ਹੀ ਸਾਂਝ ਸੀ ਅਤੇ ਉਹ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਕੰਮ ਤੋਂ ਪ੍ਰਭਾਵਿਤ ਹਨ ਅਤੇ ਮਾਸਟਰ ਭਜਨ ਸਿੰਘ ਨੇ ਮੈਨੂੰ ਇਸ ਥਾਂ ਤੋਂ ਵਾਕਿਫ਼ ਕਰਵਾਇਆ ਸੀ। ਇੱਥੇ ਆ ਕੇ ਮੈਨੂੰ ਖੁਸ਼ੀ ਹੁੰਦੀ ਹੈ। ਇਸ ਮੌਕੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ਼ ਸਕੱਤਰ ਦੀ ਭੂਮਿਕਾ ਮਾਸਟਰ ਦੀਪਕ ਰਾਏ ਨੇ ਬਾਖੂਬੀ ਨਿਭਾਈ। ਅੰਜੂ ਚੌਧਰੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਈ ਇਕੱਲਾ ਵਿਅਕਤੀ ਕੁੱਝ ਨਹੀਂ ਕਰ ਸਕਦਾ ਹੈ। ਇਸ ਮੌਕੇ ਮਾਸਟਰ ਉਜਾਗਰ ਸਿੰਘ, ਅਵਤਾਰ ਕੌਰ ਤੱਗੜ, ਐਡਵੋਕੇਟ ਗੁਰਚਰਨਜੀਤ, ਮਾਸਟਰ ਲਖਿੰਦਰ ਸਿੰਘ, ਲੈਕਚਰਾਰ ਪ੍ਰਗਟ ਸਿੰਘ, ਹਰਦੀਪ ਸਿੰਘ ਨੂਰਪੁਰਾ, ਸੂਰੀਆ ਪ੍ਰਤਾਪ ਸਿੰਘ, ਲੈਕਚਰਾਰ ਅਰਵਿੰਦ ਕੌਰ, ਕਮਲਜੀਤ ਮੋਹੀ , ਪ੍ਰਦੀਪ ਕੌਰ, ਨੈਨਾ ਸ਼ਰਮਾ, ਭਾਗ ਸਿੰਘ, ਲਖਵੀਰ ਸਿੰਘ, ਮਾਸਟਰ ਗੁਰਜੀਤ ਸਿੰਘ, ਅਭਿਨੈ ਬਾਂਸਲ ਅਤੇ ਕਿਰਨਦੀਪ ਕੌਰ ਆਦਿ ਹਾਜ਼ਰ ਸਨ।