ਕਵੀ ਦਰਬਾਰ ਅਤੇ ਪੁਸਤਕ ਲੋਕ ਅਰਪਣ ਸਮਾਗਮ ਭਲਕੇ
ਕਵੀ ਦਰਬਾਰ ਅਤੇ ਪੁਸਤਕ ਲੋਕ ਅਰਪਣ ਸਮਾਗਮ ਭਲਕੇ
Publish Date: Thu, 09 Apr 2026 06:01 PM (IST)
Updated Date: Thu, 09 Apr 2026 06:05 PM (IST)

ਸੁਸਾਇਟੀ ਦੇ ਚੇਅਰਮੈਨ ਡਾ. ਹਰੀ ਸਿੰਘ ਜਾਚਕ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹੈ ਸਮਾਗਮ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ 11 ਅਪ੍ਰੈਲ ਦਿਨ ਸ਼ਨਿੱਚਰਵਾਰ ਨੂੰ ਸਵੇਰੇ 10 ਵਜੇ ਪੰਜਾਬੀ ਭਵਨ ਵਿਖੇ ਵਿਸ਼ੇਸ਼ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਲੇਖਿਕਾ ਪਰਵਿੰਦਰ ਕੌਰ ਸੁੱਖ ਦੀ ਬਾਲ ਪੁਸਤਕ ‘ਚੂਹਿਆਂ ਦੀ ਮੀਟਿੰਗ’ ਲੋਕ ਅਰਪਣ ਕੀਤੀ ਜਾਵੇਗੀ। ਜਾਣਕਾਰੀ ਦਿੰਦੇ ਹੋਏ ਡਾ.ਹਰੀ ਸਿੰਘ ਜਾਚਕ, ਚੇਅਰਮੈਨ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਪ੍ਰਸਿੱਧ ਕਵੀ-ਕਵਿਤਰੀਆਂ ਵੱਲੋਂ ਕਵੀ ਦਰਬਾਰ ਰਾਹੀਂ ਸਾਹਿਤਕ ਰੰਗ ਬਿਖੇਰੇ ਜਾਣਗੇ। ਉਕਤ ਪੁਸਤਕ ਸੰਬੰਧੀ ਸਟੇਟ ਅਵਾਰਡੀ ਅਤੇ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਵੱਲੋਂ ਪੇਪਰ ਪੜ੍ਹਿਆ ਜਾਵੇਗਾ। ਪੁਸਤਕ ਦੇ ਸਾਰਥਕ ਪੱਖਾਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਡਾ.ਜਾਚਕ ਨੇ ਦੱਸਿਆ ਕਿ ਪ੍ਰਭਦੀਪ ਸਿੰਘ ਨੱਥੋਵਾਲ ਡਿਪਟੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ, ਡਾ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਦਮੀ, ਰਣਯੋਧ ਸਿੰਘ ਪ੍ਰਧਾਨ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ, ਦਵਿੰਦਰ ਸਿੰਘ ਲੋਟੇ ਡਿਪਟੀ ਡਾਇਰੈਕਟਰ ਸਪੋਰਟਸ ਐਂਡ ਯੂਥ ਸੇਵਾਵਾਂ ਲੁਧਿਆਣਾ ਅਤੇ ਗਾਇਕ ਕਰਮਜੀਤ ਸਿੰਘ ਗਰੇਵਾਲ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਸੁਸਾਇਟੀ ਦੇ ਜਨਰਲ ਸਕੱਤਰ ਡਾ. ਰਮਨਦੀਪ ਸਿੰਘ ਦੀਪ, ਸਕੱਤਰ ਮਨਦੀਪ ਕੌਰ ਪ੍ਰੀਤ, ਦਫ਼ਤਰ ਸਕੱਤਰ ਜਸਵਿੰਦਰ ਕੌਰ ਜੱਸੀ, ਐਗਜੈਕਟਿਵ ਮੈਂਬਰ ਪਰਵਿੰਦਰ ਕੌਰ ਤੇ ਕੁਲਦੀਪ ਕੌਰ ਦੀਪ ਲੁਧਿਆਣਵੀ ਸਮੇਤ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਾਹਿਤ ਪ੍ਰੇਮੀਆਂ ਨੂੰ ਬੇਨਤੀ ਕੀਤੀ ਕਿ ਵੱਡੀ ਗਿਣਤੀ ਵਿੱਚ ਇਸ ਸਾਹਿਤਕ ਸਮਾਗਮ ’ਚ ਸ਼ਮੂਲੀਅਤ ਕਰਨ।