ਨਾਰੀ ਸ਼ਕਤੀ ਵੰਦਨ ਐਕਟ ’ਤੇ ਕਾਲੀਆ ਨੇ ਕਾਂਗਰਸ ਸਮੇਤ ਵਿਰੋਧੀ ਧਿਰ ਨੂੰ ਘੇਰਿਆ
ਨਾਰੀ ਸ਼ਕਤੀ ਵੰਦਨ ਐਕਟ ’ਤੇ ਕਾਲੀਆ ਨੇ ਕਾਂਗਰਸ ਸਮੇਤ ਵਿਰੋਧੀ ਧਿਰ ਨੂੰ ਘੇਰਿਆ
Publish Date: Tue, 21 Apr 2026 07:32 PM (IST)
Updated Date: Tue, 21 Apr 2026 07:34 PM (IST)

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਨਾਰੀ ਸ਼ਕਤੀ ਵੰਦਨ ਐਕਟ ਦੇ ਵਿਰੋਧ ਵਿੱਚ ਪਾਸ ਕੀਤੇ ਗਏ ਮਤਿਆਂ ਨੂੰ ਲੈ ਕੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ’ਤੇ ਕਰਾਰਾ ਹਮਲਾ ਕੀਤਾ। ਉਹ ਅੱਜ ਭਾਜਪਾ ਦੇ ਮੁੱਖ ਜ਼ਿਲ੍ਹਾ ਦਫਤਰ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕਾਲੀਆ ਨੇ ਕਿਹਾ ਕਿ ਨਾਰੀ ਸ਼ਕਤੀ ਵੰਦਨ ਐਕਟ ਦੇਸ਼ ਦੀਆਂ ਮਹਿਲਾਵਾਂ ਨੂੰ ਰਾਜਨੀਤਿਕ ਤੌਰ ’ਤੇ ਮਜ਼ਬੂਤ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਹੈ, ਪਰ ਦੁੱਖ ਦੀ ਗੱਲ ਹੈ ਕਿ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਇਸਨੂੰ ਸਿਆਸੀ ਨਜ਼ਰੀਏ ਨਾਲ ਦੇਖਦੀਆਂ ਹੋਈਆਂ ਇਸਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਸਾਲਾਂ ਤੱਕ ਮਹਿਲਾਵਾਂ ਦੇ ਹੱਕਾਂ ਦੀ ਗੱਲ ਤਾਂ ਕਰਦੀਆਂ ਰਹੀਆਂ, ਪਰ ਅਸਲ ਵਿਚ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ। ਉਨ੍ਹਾਂ ਦੱਸਿਆ ਕਿ ਭਾਜਪਾ ਨੇ ਇਸ ਬਿੱਲ ਨੂੰ ਸ਼ੁਰੂ ਤੋਂ ਲੈ ਕੇ ਸੰਸਦ ਵਿੱਚ ਪਾਸ ਹੋਣ ਤੱਕ ਪੂਰੀ ਗੰਭੀਰਤਾ ਨਾਲ ਅੱਗੇ ਵਧਾਇਆ ਅਤੇ ਇਸਦੇ ਹੱਕ ਵਿੱਚ ਸਪੱਸ਼ਟ ਸਟੈਂਡ ਲਿਆ। ਇਸ ਮੌਕੇ ਉਨ੍ਹਾਂ ਨੇ ਬਿੱਲ ਨਾਲ ਸੰਬੰਧਿਤ ਤੱਥ ਅਤੇ ਅੰਕੜੇ ਵੀ ਪੱਤਰਕਾਰਾਂ ਦੇ ਸਾਹਮਣੇ ਰੱਖਦੇ ਹੋਏ ਦਾਅਵਾ ਕੀਤਾ ਕਿ ਇਹ ਕਾਨੂੰਨ ਮਹਿਲਾਵਾਂ ਨੂੰ ਵਿਧਾਨ ਸਭਾਵਾਂ ਅਤੇ ਲੋਕ ਸਭਾ ਵਿੱਚ ਵਧੇਰੇ ਪ੍ਰਤਿਨਿਧਿਤਾ ਦੇਵੇਗਾ। ਕਾਲੀਆ ਨੇ ਕਾਂਗਰਸ ‘ਤੇ ਤੰਜ ਕਸਦਿਆਂ ਕਿਹਾ ਕਿ ਜਦੋਂ ਉਹ ਸੱਤਾ ਵਿੱਚ ਸਨ, ਤਾਂ ਮਹਿਲਾ ਆਰੱਖਸ਼ਣ ਬਿੱਲ ਸਾਲਾਂ ਤੱਕ ਲਟਕਾਇਆ ਗਿਆ, ਪਰ ਹੁਣ ਉਹੀ ਪਾਰਟੀ ਇਸ ਦੇ ਵਿਰੋਧ ਵਿੱਚ ਮਤੇ ਪਾਸ ਕਰਕੇ ਆਪਣਾ ਦੋਹਰਾ ਚਿਹਰਾ ਬੇਨਕਾਬ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਦੇਸ਼ ਦੀ ਜਨਤਾ ਹੁਣ ਸਭ ਕੁਝ ਸਮਝਦੀ ਹੈ।ਅੰਤ ਵਿੱਚ ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਵਚਨਬੱਧ ਰਹੀ ਹੈ ਅਤੇ ਨਾਰੀ ਸ਼ਕਤੀ ਵੰਦਨ ਐਕਟ ਇਸਦੀ ਸਪੱਸ਼ਟ ਮਿਸਾਲ ਹੈ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਅਰੁਣੇਸ਼ ਮਿਸ਼ਰਾ, ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲੀ, ਯਸ਼ਪਾਲ ਜਨੋਤਰਾ, ਉਪ ਪ੍ਰਧਾਨ ਮਹੇਸ਼ ਸ਼ਰਮਾ, ਡਾ. ਨਿਰਮਲ ਨਈਅਰ, ਮਨੀਸ਼ ਚੋਪੜਾ, ਨਵਲ ਜੈਨ, ਡਾ. ਸਤੀਸ਼ ਕੁਮਾਰ, ਸੋਸ਼ਲ ਮੀਡੀਆ ਸਕੱਤਰ ਰਾਜਨ ਪਾਂਡੇ ਮੌਜੂਦ ਸਨ।