ਦੋਹਰੇ ਕਤਲ ਮਾਮਲੇ ’ਚ ਯੂਕੇ ਵਾਸੀ ਨੂੰ ਉਮਰ ਕੈਦ ਦੀ ਸਜ਼ਾ
ਲੁਧਿਆਣਾ ਵਿੱਚ ਹੋਏ ਬਜ਼ੁਰਗ ਜੋੜੇ ਦੇ ਕਤਲ ਦੇ ਮਾਮਲੇ ਵਿੱਚ ਮਿਲਿਆ ਇਨਸਾਫ
Publish Date: Tue, 20 Jan 2026 09:23 PM (IST)
Updated Date: Wed, 21 Jan 2026 04:19 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਵਧੀਕ ਸੈਸ਼ਨ ਜੱਜ ਅਮਨਦੀਪ ਕੌਰ ਦੀ ਅਦਾਲਤ ਨੇ ਸੋਮਵਾਰ ਨੂੰ ਸਾਲ 2022 ’ਚ ਲੁਧਿਆਣਾ ਦੇ ਪਾਸ਼ ਇਲਾਕੇ ਭਾਈ ਰਣਧੀਰ ਸਿੰਘ ਨਗਰ ’ਚ ਹੋਈ ਬਜ਼ੁਰਗ ਜੋੜੇ ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ’ਚ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਬ੍ਰਿਟੇਨ ਵਾਸੀ ਚਰਨਜੀਤ ਸਿੰਘ ਉਰਫ ਚੰਨੀ (39) ਨੂੰ ਬਿਨਾਂ ਕਿਸੇ ਰਿਹਾਈ ਦੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ ਆਪਣੇ ਹੁਕਮਾਂ ’ਚ ਆਖਿਆ ਕਿ ਦੋਸ਼ੀ ਨੇ ਦੋਹਾਂ ਬਜ਼ੁਰਗਾਂ ਦਾ ਕਤਲ ਪੂਰੀ ਯੋਜਨਾ ਤੇ ਬੜੇ ਹੀ ਸ਼ਾਂਤ ਮਨ ਨਾਲ ਕੀਤਾ ਸੀ। ਦੋਸ਼ੀ ਦਾ ਮੰਨਣਾ ਸੀ ਕਿ ਉਸ ਦੀ ਭੈਣ ਦੇ ਵਿਆਹ ਜੀਵਨ ’ਚ ਪੈਦਾ ਹੋਏ ਤਕਰਾਰ ਲਈ ਲੜਕੀ ਦਾ ਸਹੁਰਾ ਪਰਿਵਾਰ ਜਿੰਮੇਵਾਰ ਹੈ ਅਤੇ ਉਹ ਉਸ ਦੀ ਭੈਣ ਨਾਲ ਬੁਰਾ ਸਲੂਕ ਕਰਦੇ ਹਨ। ਅਦਾਲਤ ਨੇ ਆਈਪੀਸੀ ਦੀ ਧਾਰਾ-302 ਤਹਿਤ ਦੋਸ਼ੀ ਨੂੰ ਕਠੋਰ ਉਮਰ ਕੈਦ ਬਿਨਾਂ ਰਿਹਾਈ ਤੇ ਹਰ ਕਤਲ ਲਈ 50 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ। ਅਸਲਾ ਐਕਟ ਦੀ ਧਾਰਾ-25 ਤਹਿਤ ਦੋ ਸਾਲ ਦੀ ਸਜ਼ਾ ਤੇ ਦੋ ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਇੰਜ ਵਾਪਰੀ ਸੀ ਕਤਲ ਦੀ ਵਾਰਦਾਤ ਚਾਰ ਮਈ 2022 ਦੀ ਰਾਤ ਨੂੰ ਬਜ਼ੁਰਗ ਜੋੜਾ ਸੁਖਦੇਵ ਸਿੰਘ (68) ਤੇ ਉਨ੍ਹਾਂ ਦੀ ਪਤਨੀ ਗੁਰਮੀਤ ਕੌਰ (65) ਆਪਣੇ ਘਰ ਮੌਜੂਦ ਸਨ। ਇਸੇ ਦੌਰਾਨ ਮੁਲਜ਼ਮ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋਇਆ ਅਤੇ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਦੋਨਾਂ ਦਾ ਕਤਲ ਕਰ ਦਿੱਤਾ। ਮੁਲਜ਼ਮ ਵੱਲੋਂ ਦੋਵਾਂ ਦੇ ਸਰੀਰ ’ਤੇ ਕਈ ਵਾਰ ਕੀਤੇ ਗਏ। ਵਾਰਦਾਤ ਵੇਲੇ ਧੀ ਕਰ ਰਹੀ ਸੀ ਫੋਨ ’ਤੇ ਗੱਲ ਇਸ ਮਾਮਲੇ ’ਚ ਮ੍ਰਿਤਕ ਜੋੜੇ ਦੀ ਧੀ ਰੁਪਿੰਦਰ ਕੌਰ ਪਨੇਸਰ ਨੇ ਪੁਲਿਸ ਨੂੰ ਬਿਆਨ ਦਿੱਤਾ ਸੀ ਕਿ ਘਟਨਾ ਵੇਲੇ ਉਹ ਆਪਣੇ ਪਿਤਾ ਨਾਲ ਫੋਨ ’ਤੇ ਗੱਲ ਕਰ ਰਹੀ ਸੀ। ਇਸੇ ਦੌਰਾਨ ਦਰਵਾਜ਼ਾ ਖੜ੍ਹਕਣ ਦੀ ਆਵਾਜ਼ ਆਈ। ਰੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਬੜੇ ਹੀ ਆਦਰ ਨਾਲ ਮੁਲਜ਼ਮ ਨੂੰ ਘਰ ਅੰਦਰ ਆਉਣ ਲਈ ਆਖਿਆ। ਕੁਝ ਹੀ ਪਲਾਂ ’ਚ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ। ਜਾਂਚ ਅਨੁਸਾਰ ਪਹਿਲਾਂ ਤਕਰਾਰ ਹੋਈ, ਜਿਸ ਨੇ ਛੇਤੀ ਹੀ ਖੂਨੀ ਰੂਪ ਧਾਰਨ ਕਰ ਲਿਆ। ਮੁਲਜ਼ਮ ਨੇ ਛੁਰੀ ਕੱਢ ਕੇ ਬਜ਼ੁਰਗਾਂ ’ਤੇ ਅਨੇਕਾਂ ਵਾਰ ਕੀਤੇ। ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਬਜ਼ੁਰਗ ਜੋੜੇ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਦਰਿੰਦਗੀ ਭਰੀ ਸੀ ਦੋਸ਼ੀ ਦੀ ਕਰਤੂਤ ਪੀੜਤ ਪਰਿਵਾਰ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਆਖਿਆ ਕਿ ਦੋਸ਼ੀ ਦੀ ਕਰਤੂਤ ਇਨੀ ਜ਼ਿਆਦਾ ਦਰਿੰਦਗੀ ਭਰੀ ਸੀ ਕਿ ਅਦਾਲਤ ਨੇ ਬਿਨਾਂ ਰਿਹਾਈ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਉਨ੍ਹਾਂ ਆਖਿਆ ਕਿ ਇਸ ਸਜ਼ਾ ਦਾ ਅਰਥ ਇਹ ਹੈ ਕਿ ਦੋਸ਼ੀ ਨੂੰ ਪੂਰੀ ਸਜ਼ਾ ਕੱਟਣੀ ਪਵੇਗੀ ਤੇ ਉਸ ਦੀ ਕਿਸੇ ਵੀ ਤਰ੍ਹਾਂ ਦੀ ਅਗਾਂਹ ਰਿਹਾਈ ਸੰਭਵ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਦੋਹਰੇ ਕਤਲ ਦੇ ਮਾਮਲੇ ’ਚ 5 ਮਈ 2022 ਨੂੰ ਥਾਣਾ ਸਰਾਭਾ ਨਗਰ ’ਚ ਮਾਮਲਾ ਦਰਜ ਕੀਤਾ ਗਿਆ ਸੀ।