ਕੁੱਟਮਾਰ ਕਰਨ ਵਾਲੇ ਤਿੰਨ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ
ਖਤਰੇ ਤੋਂ ਅਗਾਹ ਕਰਨ ਲਈ ਪੱਤਰਕਾਰ ਨੇ ਵੀਡੀਓ ਬਣਾਈ ਤਾਂ ਕੀਤੀ ਕੁੱਟਮਾਰ
Publish Date: Sat, 18 Apr 2026 06:30 PM (IST)
Updated Date: Sat, 18 Apr 2026 06:33 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਕੂੜੇ ਦੇ ਢੇਰ ਨੂੰ ਲੱਗੀ ਅੱਗ ਤੋਂ ਇਲਾਕੇ ਨੂੰ ਸੁਰੱਖਿਤ ਕਰਨ ਲਈ ਇਕ ਸਥਾਨਕ ਅਖਬਾਰ ਦੇ ਪੱਤਰਕਾਰ ਨੇ ਜਦ ਇੱਕ ਵਿਅਕਤੀ ਨੂੰ ਆਪਣੇ ਮਿੰਨੀ ਟਰੱਕ ਹਾਦਸੇ ਵਾਲੀ ਥਾਂ ਦੇ ਲਾਗਿਓ ਹਟਾਉਣ ਲਈ ਆਖਿਆ, ਤਾਂ ਮੁਲਜ਼ਮ ਭੜਕ ਗਿਆ, ਜਿਵੇਂ ਹੀ ਪੱਤਰਕਾਰ ਨੇ ਤਸਵੀਰਾਂ ਖਿੱਚਣੀਆਂ ਅਤੇ ਵੀਡੀਓ ਬਣਾਉਣੀ ਸ਼ੁਰੂ ਕੀਤੀ, ਤਾਂ ਮੁਲਜਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਉੱਪਰ ਹਮਲਾ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਸਥਾਨਕ ਅਖਬਾਰ ਦੇ ਪੱਤਰਕਾਰ ਅੰਮ੍ਰਿਤ ਪਾਲ ਸਿੰਘ ਦੀ ਸ਼ਿਕਾਇਤ ’ਤੇ ਮੁਹੱਲਾ ਢੋਲੇਵਾਲ ਗਲੀ ਨੰਬਰ ਏਕੜ ਦੇ ਰਹਿਣ ਵਾਲੇ ਮਲਕੀਤ ਸਿੰਘ, ਰਾਹੁਲ ਅਤੇ ਸਨੀ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਅੰਮ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਦੀ ਇਕ ਸਥਾਨਕ ਅਖਬਾਰ ਵਿੱਚ ਕੰਮ ਕਰਦੇ ਹਨ। ਅੰਮ੍ਰਿਤ ਪਾਲ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਢੋਲੇਵਾਲ ਚੌਕ ਵਿਚ ਨਗਰ ਨਿਗਮ ਲੁਧਿਆਣਾ ਦੀ ਖਾਲੀ ਪਈ ਜ਼ਮੀਨ ਵਿਚ ਕੂੜੇ ਦੇ ਢੇਰ ਨੂੰ ਅੱਗ ਲੱਗੀ ਹੋਈ ਹੈ। ਉਹਨਾਂ ਨੂੰ ਪਤਾ ਲੱਗਾ ਕਿ ਅੱਗ ਬਹੁਤ ਜ਼ਿਆਦਾ ਫੈਲ ਚੁੱਕੀ ਸੀ। ਮੌਕੇ ਤੇ ਪਹੁੰਚ ਕੇ ਅੰਮ੍ਰਿਤ ਪਾਲ ਨੇ ਉੱਥੇ ਖੜੇ ਦੋ ਮਿਨੀ ਟਰੱਕਾਂ ਨੂੰ ਹਟਾਉਣ ਲਈ ਉਸ ਦੇ ਮਾਲਕ ਨੂੰ ਆਖਿਆ। ਟਰੱਕਾਂ ਦੇ ਮਾਲਕ ਮਲਕੀਤ ਸਿੰਘ ਨੇ ਅੰਮ੍ਰਿਤ ਪਾਲ ਦੀ ਗੱਲ ਨਜ਼ਰਅੰਦਾਜ਼ ਕਰ ਦਿੱਤੀ। ਅੰਮ੍ਰਿਤਪਾਲ ਸਿੰਘ ਨੇ ਜਿਵੇਂ ਹੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਉੱਪਰ ਹਮਲਾ ਕਰ ਦਿੱਤਾ। ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮ ਨੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਝਗੜੇ ਦੇ ਦੌਰਾਨ ਮੁਲਜ਼ਮ ਉਸ ਦੀ ਚਾਂਦੀ ਦੀ ਚੇਨ ਵੀ ਲੈ ਗਿਆ ਹੈ। ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਸ਼ਿਕਾਇਤ ’ਤੇ ਮਲਕੀਤ ਸਿੰਘ, ਰਾਹੁਲ ਅਤੇ ਸਨੀ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।