- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਲਡ ਬੈਂਕ ਅਤੇ ਏਆਈਆਈਬੀ ਦੀ ਸਾਂਝੀ ਟੀਮ ਨੇ ਲਿਆ ਨਹਿਰੀ ਜਲ ਸਪਲਾਈ ਪ੍ਰੋਜੈਕਟ ਦਾ ਜਾਇਜ਼ਾ

35, 36)
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਨਿਵਾਸੀਆਂ ਨੂੰ 24 ਘੰਟੇ ਪਾਣੀ ਨਿਰੰਤਰ ਸਪਲਾਈ ਲਈ ਨਿਗਮ ਵੱਲੋਂ ਨਹਿਰੀ ਪਾਣੀ ਸਪਲਾਈ ਦੇ ਪ੍ਰਜੈਕਟ ਤੇ ਕੰਮ ਕਰਵਾਇਆ ਜਾ ਰਿਹਾ ਹੈ। ਜਿਸ ਦੀ ਸਮੀਖਿਆ ਕਰਨ ਲਈ ਵਰਲਡ ਬੈਂਕ ਅਤੇ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ) ਦੀ ਇੱਕ ਸਾਂਝੀ ਟੀਮ ਨੇ ਸ਼ਹਿਰ ਵਿੱਚ ਚੱਲ ਰਹੇ ਨਹਿਰੀ ਜਲ ਸਪਲਾਈ ਪ੍ਰੋਜੈਕਟ ਦੀ ਪ੍ਰਗਤੀ ਦੀ ਜਾਂਚ ਕੀਤੀ ਅਤੇ ਪ੍ਰਜੈਕਟ ਦੀ ਅਗਲੀ ਰੂਪ ਰੇਖਾ ਜਾਨਣ ਲਈ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਮੌਜੂਦਾ ਸਮੇਂ ਇਸ ਪ੍ਰੋਜੈਕਟ ਅਧੀਨ 28 ਪ੍ਰਤੀਸ਼ਤ ਕੰਮ ਪੂਰਾ ਹੋਣ ਤੇ ਟੀਮ ਨੇ ਪ੍ਰੋਜੈਕਟ ਦੀ ਗਤੀ ਦੀ ਸ਼ਲਾਘਾ ਕੀਤੀ ਅਤੇ ਵਾਤਾਵਰਣ ਅਤੇ ਸਮਾਜਿਕ ਸਮੀਖਿਆ ਕੀਤੀ।
ਸ਼ਹਿਰ ਦੇ ਦੋ ਦਿਨਾਂ ਦੌਰੇ 'ਤੇ ਆਏ ਵਫ਼ਦ ਵਿੱਚ ਮਾਰੀਆ ਲੁਈਸਾ ਡੁਰਾਨ ਫਾਰਗਾਸ (ਸੀਨੀਅਰ ਸਮਾਜਿਕ ਵਿਕਾਸ ਮਾਹਰ, ਵਰਲਡ ਬੈਂਕ), ਰੂਪਲ ਗਣੇਸ਼ ਕੁਲਕਰਨੀ (ਸੀਨੀਅਰ ਸਮਾਜਿਕ ਵਿਕਾਸ ਮਾਹਰ, ਏਆਈਆਈਬੀ), ਚਾਰੂ ਜੈਨ (ਸੀਨੀਅਰ ਵਾਤਾਵਰਣ ਮਾਹਰ, ਵਰਲਡ ਬੈਂਕ) ਅਤੇ ਈਆ ਗੀਨੇਲਾ ਕਰੂਜ਼ (ਸੀਨੀਅਰ ਵਾਤਾਵਰਣ ਮਾਹਰ, ਏ.ਆਈ.ਆਈ.ਬੀ) ਸ਼ਾਮਲ ਹਨ। ਨਿਗਮ ਦੇ ਅਧਿਕਾਰੀਆਂ ਦੀ ਅਗਵਾਈ ਸੰਯੁਕਤ ਕਮਿਸ਼ਨਰ ਵਿਨੀਤ ਕੁਮਾਰ ਨੇ ਕੀਤੀ, ਜਦੋਂ ਕਿ ਨਿਗਰਾਨ ਇੰਜੀਨੀਅਰ ਪਾਰੁਲ ਗੋਇਲ ਅਤੇ ਪ੍ਰੋਜੈਕਟ ਮੈਨੇਜਰ ਗੁਰਵਿੰਦਰ ਪਾਲ ਸਿੰਘ, ਪ੍ਰੋਜੈਕਟ ਇੰਪਲੀਮੈਂਟੇਸ਼ਨ ਯੂਨਿਟ (ਪੀਆਈਯੂ) ਦੇ ਅਧਿਕਾਰੀ ਵੀ ਸਮੀਖਿਆ ਮੀਟਿੰਗ ਦੌਰਾਨ ਮੌਜੂਦ ਸਨ।
ਦੌਰੇ ਦੌਰਾਨ, ਵਫ਼ਦ ਨੇ ਪਿੰਡ ਬਿਲਗਾ (ਨੇੜੇ ਸਾਹਨੇਵਾਲ) ਵਿਖੇ 580 ਐਮਐਲਡੀ ਵਾਟਰ ਟ੍ਰੀਟਮੈਂਟ ਪਲਾਂਟ (ਡਬਲਯੂਟੀਪੀ) ਸਾਈਟ ਅਤੇ ਉਨ੍ਹਾਂ ਥਾਵਾਂ ਦਾ ਵਿਸਥਾਰਤ ਨਿਰੀਖਣ ਕੀਤਾ ਜਿੱਥੇ ਪਾਣੀ ਵਾਲੀਆਂ ਟੈਂਕੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਅਤੇ ਪ੍ਰੋਜੈਕਟ ਅਧੀਨ ਪਾਈਪਲਾਈਨਾਂ ਵਿਛਾਈਆਂ ਜਾ ਰਹੀਆਂ ਹਨ। ਭਾਈਚਾਰਕ ਸ਼ਮੂਲੀਅਤ ਪਹਿਲਕਦਮੀਆਂ ਅਤੇ ਸ਼ਿਕਾਇਤ ਨਿਵਾਰਨ ਵਿਧੀ ਦਾ ਵੀ ਮੁਲਾਂਕਣ ਕੀਤਾ ਗਿਆ। ਡਬਲਯੂਬੀ ਤੇ ਏਆਈਆਈਬੀ ਦੁਆਰਾ ਫੰਡ ਕੀਤੇ ਨਹਿਰੀ ਜਲ ਸਪਲਾਈ ਪ੍ਰੋਜੈਕਟ ਦੇ ਪਹਿਲੇ ਪੜਾਅ ਨੂੰ ਲਗਭਗ 1300 ਕਰੋੜ ਰੁਪਏ (ਸਿਵਲ ਵਰਕਸ) ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰੋਜੈਕਟ ਤਹਿਤ 28 ਪ੍ਰਤੀਸ਼ਤ ਪ੍ਰਗਤੀ ਪ੍ਰਾਪਤ ਕੀਤੀ ਜਾ ਚੁੱਕੀ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਭਗ 60 ਕਿਲੋਮੀਟਰ ਪਾਈਪਲਾਈਨਾਂ ਵਿਛਾਈਆਂ ਜਾ ਚੁੱਕੀਆਂ ਹਨ ਅਤੇ 50 ਥਾਵਾਂ 'ਤੇ ਪਾਣੀ ਵਾਲੀਆਂ ਟੈਂਕੀਆਂ ਸਥਾਪਤ ਕਰਨ ਲਈ ਕੰਮ ਚੱਲ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡਬਲਯੂਟੀਪੀ ਦਾ ਨਿਰਮਾਣ ਲਗਾਤਾਰ ਜਾਰੀ ਹੈ। ਵਫ਼ਦ ਨੇ ਕੰਮ ਦੀ ਗੁਣਵੱਤਾ ਅਤੇ ਗਤੀ ਦੀ ਸ਼ਲਾਘਾ ਕੀਤੀ, ਜਦੋਂ ਕਿ ਈਐਂਡਐਸ ਨਿਗਰਾਨੀ, ਦਸਤਾਵੇਜ਼ੀਕਰਨ, ਜਨਤਕ ਸੰਚਾਰ ਅਤੇ ਸੁਰੱਖਿਆ ਅਭਿਆਸਾਂ ਨੂੰ ਹੋਰ ਮਜ਼ਬੂਤ ਕਰਨ ਦੀ ਸਿਫ਼ਾਰਸ਼ ਕੀਤੀ।