ਅੱਪਡੇਟ)------ਸਾਂਝਾ ਫਰੰਟ ਵੱਲੋਂ ਡਾ. ਰੰਧਾਵਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਜੁਆਇੰਟ ਫਰੰਟ ਵੱਲੋਂ ਡਾ.ਰੰਧਾਵਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
Publish Date: Wed, 01 Apr 2026 07:00 PM (IST)
Updated Date: Thu, 02 Apr 2026 04:10 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੀਏਯੂ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਸਾਂਝੇ ਮੋਰਚੇ (ਜੁਆਇੰਟ ਫਰੰਟ ਆਫ ਪੀਏਯੂ ਟੀਚਰਜ਼, ਇੰਪਲਾਈਜ਼ ਐਂਡ ਪੈਨਸ਼ਨਰਜ਼ ) ਵੱਲੋਂ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਅਤੇ ਪੀਏਯੂ ਦੇ ਹੋਣਹਾਰ ਸਾਬਕਾ ਵਿਦਿਆਰਥੀ ਡਾ. ਗਗਨਦੀਪ ਸਿੰਘ ਰੰਧਾਵਾ ਦੇ ਬੇਵਕਤੀ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਇਨਸਾਫ਼ ਦੀ ਮੰਗ ਕੀਤੀ ਗਈ। ਸਾਂਝਾ ਮੋਰਚਾ ਵੱਲੋਂ ਪਾਸ ਕੀਤੇ ਗਏ ਇੱਕ ਮਤੇ ਵਿੱਚ ਪੀਏਯੂ. ਅਧਿਆਪਕਾਂ, ਕਰਮਚਾਰੀਆਂ ਅਤੇ ਪੈਨਸ਼ਨਰਾਂ ਨੇ ਕਿਹਾ ਕਿ ਡਾ. ਰੰਧਾਵਾ ਦਾ ਵਿਛੋੜਾ ਸਮੁੱਚੇ ਪੀਏਯੂ. ਭਾਈਚਾਰੇ ਲਈ ਇੱਕ ਵੱਡਾ ਘਾਟਾ ਅਤੇ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਦੁਖਾਂਤ ਹੈ। ਸਾਂਝਾ ਮੋਰਚਾ ਨੇ ਕਿਹਾ ਕਿ ਇੱਕ ਕਾਬਲ ਅਤੇ ਸਮਰਪਿਤ ਅਧਿਕਾਰੀ ਨੂੰ ਕਥਿਤ ਤੌਰ ਤੇ ਸਿਆਸੀ ਪ੍ਰਸ਼ਾਸਨ ਦੇ ਬੇਲੋੜੇ ਅਤੇ ਬਾਹਰੀ ਦਬਾਅ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਮਜਬੂਰ ਹੋਣਾ ਪਿਆ। ਡਾ. ਰੰਧਾਵਾ ਸਾਡੀ ਸੰਸਥਾ ਦੇ ਮਾਣਮੱਤੇ ਮੈਂਬਰ ਸਨ; ਉਨ੍ਹਾਂ ਦੀ ਬੇਵਕਤੀ ਮੌਤ ਦੀ ਖ਼ਬਰ ਨੇ ਪੀਏਯੂ. ਦੇ ਦੇਸ਼-ਵਿਦੇਸ਼ ਵਿੱਚ ਫੈਲੇ ਸਮੁੱਚੇ ਸਾਬਕਾ ਵਿਦਿਆਰਥੀਆਂ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਅਸੀਂ ਇਸ ਉੱਚ-ਪੱਧਰੀ ਸਿਆਸੀ ਅਨਿਆਂ ਅਤੇ ਪ੍ਰਸ਼ਾਸਨਿਕ ਵਧੀਕੀ ਦੀ ਸਖ਼ਤ ਨਿੰਦਾ ਕਰਦੇ ਹਾਂ। ਜੁਆਇੰਟ ਫਰੰਟ ਇਨਸਾਫ਼ ਦੀ ਇਸ ਲੜਾਈ ਵਿੱਚ ਪਰਿਵਾਰ ਦੇ ਨਾਲ ਹੈ। ਰਸਮੀ ਤੌਰ ਤੇ ਫੈਸਲਾ ਲਿਆ ਗਿਆ ਕਿ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਜਾਵੇਗੀ ਅਤੇ ਇਸ ਔਖੀ ਘੜੀ ਵਿੱਚ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹੇ ਰਹਾਂਗੇ। ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰ ਰਹੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਦਾ ਪੂਰਨ ਸਮਰਥਨ ਕੀਤਾ ਜਾਵੇਗਾ। ਡਾ. ਰੰਧਾਵਾ ਦੀ ਮੌਤ ਦੇ ਹਾਲਾਤਾਂ ਦੀ ਜਲਦ, ਤਰਕਪੂਰਨ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਜਾਂਦੀ ਹੈ। ਅਜਿਹਾ ਮਾਹੌਲ ਸਿਰਜਣ ਦੀ ਵਕਾਲਤ ਕੀਤੀ ਜਾਵੇਗੀ ਜਿੱਥੇ ਅਧਿਕਾਰੀਆਂ ਦੀ ਸ਼ਾਨ ਅਤੇ ਸਵੈ-ਮਾਣ ਸਿਆਸੀ ਦਖ਼ਲਅੰਦਾਜ਼ੀ ਤੋਂ ਸੁਰੱਖਿਅਤ ਰਹੇ। ਪੀਏਯੂ ਭਾਈਚਾਰਾ ਵਿਛੜੀ ਰੂਹ ਲਈ ਸਮੂਹਿਕ ਅਰਦਾਸ ਕਰਦਾ ਹੈ। ਪਰਮਾਤਮਾ ਡਾ. ਰੰਧਾਵਾ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਹ ਅਸਹਿ ਘਾਟਾ ਸਹਿਣ ਦਾ ਬਲ ਪ੍ਰਦਾਨ ਕਰਨ। ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਡਾ.ਐੱਚਐੱਸ ਕਿੰਗਰਾ ਪ੍ਰਧਾਨ ਪੋਟਾ ਐਸੋਸੀਏਸ਼ਨ, ਬਲਦੇਵ ਸਿੰਘ ਵਾਲੀਆ ਪ੍ਰਧਾਨ ਪੀਏਯੂ ਇੰਪਲਾਈਜ਼ ਯੂਨੀਅਨ, ਡੀਪੀ ਮੋੜ ਪ੍ਰਧਾਨ ਪੀਏਯੂ ਪੈਨਸ਼ਨਰਜ਼, ਡਾ.ਚੇਤਨ ਸਿੰਗਲਾ ਸਕੱਤਰ ਪੋਟਾ ਐਸੋ, ਮਨਮੋਹਨ ਸਿੰਘ ਸਕੱਤਰ ਪੀਏਯੂ ਇੰਪਲਾਈਜ਼ ਯੂਨੀਅਨ ਅਤੇ ਜੇਐੱਲ ਨਾਰੰਗ ਸਕੱਤਰ ਪੀਏਯੂ ਪੈਨਸ਼ਨਰਜ਼ ਸ਼ਾਮਲ ਹਨ।