ਜਿਊਲਰਜ਼ ਨੂੰ ਲੁੱਟਣ ਵਾਲੀ ਤਿਕੜੀ ’ਚ ਚਾਚਾ-ਭਤੀਜਾ ਸਮੇਤ ਤਿੰਨਾਂ ਤੋਂ ਲੁੱਟੇ ਗਹਿਣੇ ਬਰਾਮਦ
ਜਿਊਲਰਜ਼ ਨੂੰ ਲੁੱਟਣ ਵਾਲੀ ਤਿਕੜੀ ’ਚ ਚਾਚਾ-ਭਤੀਜਾ ਸਮੇਤ ਤਿੰਨਾਂ ਤੋਂ ਲੁੱਟੇ ਗਹਿਣੇ ਬਰਾਮਦ
Publish Date: Mon, 01 Jun 2026 07:12 PM (IST)
Updated Date: Tue, 02 Jun 2026 04:07 AM (IST)
-ਤਿੰਨਾਂ ’ਚੋਂ ਦੋ ਕਈ ਕੇਸਾਂ ’ਚ ਹਨ ਲੁੜੀਂਦੇ
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਕੱਚਾ ਮਲਕ ਰੋਡ ਵਿਖੇ ਸਥਿਤ ਫੈਂਸੀ ਕੰਢਾ ਜਿਊਲਰਜ਼ ਦੇ ਸ਼ੋਅ ਰੂਮ ’ਤੇ 28 ਮਈ ਦੀ ਸ਼ਾਮ ਨੂੰ ਹਥਿਆਰਾਂ ਦੇ ਦਮ ’ਤੇ ਚਾਂਦੀ ਅਤੇ ਸੋਨੇ ਦੇ ਗਹਿਣੇ ਲੁੱਟਣ ਵਾਲੀ ਤਿਕੜੀ ਵਿਚ ਚਾਚਾ-ਭਤੀਜਾ ਵੀ ਸ਼ਾਮਲ ਹਨ। ਪੁਲਿਸ ਨੇ ਤਿੰਨਾਂ ਦੀ ਨਿਸ਼ਾਨਦੇਹੀ ’ਤੇ ਜਿਊਲਰਜ਼ ਤੋਂ ਲੁੱਟੇ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕਰ ਲਏ ਹਨ। ਸੋਮਵਾਰ ਨੂੰ ਪੁਲਿਸ ਲਾਈਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਐੱਸਪੀ ਡੀ ਸਾਗਰ ਬਨਾਲ ਨੇ ਦੱਸਿਆ ਕਿ 28 ਮਈ ਦੀ ਸ਼ਾਮ ਨੂੰ ਸਥਾਨਕ ਕੱਚਾ ਮਲਕ ਰੋਡ ਸਥਿਤ ਫੈਂਸੀ ਕੰਢਾ ਜਿਊਲਰਜ਼ ਦੇ ਸ਼ੋਅ ਰੂਮ ’ਤੇ 3 ਹਥਿਆਰਬੰਦਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਸੋਨੇ ਅਤੇ ਚਾਂਦੀ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਸਨ।
ਇਸ ਸਬੰਧੀ ਐੱਸਐੱਸਪੀ ਡਾ. ਅੰਕੁਰ ਗੁਪਤਾ ਵੱਲੋਂ ਇੱਕ ਸਪੈਸ਼ਲ ਜਾਂਚ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿਚ ਜਗਰਾਓਂ ਸੀਆਈਏ ਸਟਾਫ਼ ਦੇ ਮੁਖੀ ਅੰਮ੍ਰਿਤਪਾਲ ਸਿੰਘ, ਜਗਰਾਓਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਸੀਸੀਟੀਵੀ ਫੁਟੇਜ਼ ਖੰਗਾਲਦਿਆਂ ਲੁਟੇਰਿਆਂ ਵੱਲੋਂ ਬੀਤੇ ਸ਼ਨੀਵਾਰ ਡਾਲਾ ਤੋਂ ਜਗਰਾਓਂ ਆਉਣ ਦੀ ਸੂਚਨਾ ਮਿਲਣ ’ਤੇ ਨਾਕਾਬੰਦੀ ਕੀਤੀ ਅਤੇ ਤਿੰਨਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਤਰਲੋਚਨ ਸਿੰਘ ਉਰਫ ਬਾਬਾ ਪੁੱਤਰ ਦਲਬਾਰਾ ਸਿੰਘ, ਉਸ ਦਾ ਭਤੀਜਾ ਜਸਕਰਨ ਸਿੰਘ ਪੁੱਤਰ ਸੇਵਕ ਸਿੰਘ ਅਤੇ ਕਮਲਦੀਪ ਸਿੰਘ ਉਰਫ ਕਮਲ ਪੁੱਤਰ ਲਖਵੀਰ ਸਿੰਘ ਵਾਸੀਆਨ ਬੱਧਣੀ ਕਲਾਂ ਨੇ ਜਗਰਾਓਂ ’ਚ ਲੁੱਟ ਸਮੇਂ ਵਰਤਿਆ ਹਾਂਡਾ ਮੋਟਰਸਾਈਕਲ 3 ਦਿਨ ਪਹਿਲਾਂ ਹੀ ਮੋਗਾ ਸ਼ਹਿਰ ’ਚੋਂ ਖੋਹਿਆ ਸੀ। ਇਨ੍ਹਾਂ ਤਿੰਨਾਂ ਤੋਂ ਰਿਮਾਂਡ ਵਿਚ ਹੋਰ ਵਾਰਦਾਤਾਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਾਇਲ, ਫ਼ਰੀਦਕੋਟ, ਬੱਧਨੀ ਕਲਾਂ, ਮਹਿਣਾ ਤੇ ਹਠੂਰ ਥਾਣਿਆਂ ’ਚ ਦਰਜ ਹਨ ਮਾਮਲੇ
ਜਗਰਾਓਂ ਪੁਲਿਸ ਵੱਲੋਂ ਜਿਊਲਰਜ਼ ਦੇ ਸ਼ੋਅ ਰੂਮ ’ਤੇ ਲੁੱਟ ਨੂੰ ਅੰਜਾਮ ਦੇਣ ਵਾਲੇ ਤਿੰਨ ਮੈਂਬਰੀ ਗੈਂਗ ਵਿਚੋਂ ਦੋ ਮੈਂਬਰਾਂ ਖ਼ਿਲਾਫ਼ ਕਤਲ, ਅਸਲਾ ਐਕਟ, ਇਰਾਦਾ ਕਤਲ ਸਮੇਤ ਕਈ ਸੰਗੀਨ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ। ਇਨ੍ਹਾਂ ਦੋਵਾਂ ਖ਼ਿਲਾਫ਼ ਥਾਣਾ ਪਾਇਲ, ਫਰੀਦਕੋਟ, ਹਠੂਰ, ਬੱਧਣੀ ਕਲਾਂ, ਅੰਮ੍ਰਿਤਸਰ ਅਤੇ ਮਹਿਣਾ ਵਿਚ 10 ਮੁਕੱਦਮੇ ਦਰਜ ਹਨ। ਇਨ੍ਹਾਂ ਦਸਾਂ ਮੁਕੱਦਮਿਆਂ ਵਿਚੋਂ ਤਰਲੋਚਨ ਸਿੰਘ ਉਰਫ ਬਾਬਾ ਅਤੇ ਕਮਲਜੀਤ ਸਿੰਘ ਉਰਫ ਕਮਲ ਕਈ ਮੁਕੱਦਮਿਆਂ ’ਚ ਜ਼ੇਲ੍ਹ ’ਚੋਂ ਜ਼ਮਾਨਤ ’ਤੇ ਆਏ ਹਨ ਤੇ ਕਈ ਮੁਕੱਦਮਿਆਂ ’ਚ ਵੱਖ ਵੱਖ ਥਾਣਿਆਂ ਦੀ ਪੁਲਿਸ ਨੂੰ ਲੁੜੀਂਦੇ ਸਨ।