ਜਗਰਾਓਂ ਪੁਲਿਸ ਨੇ ਮਾਣੂੰਕੇ ਪਿੰਡ ’ਚ ਹੋਏ ਕਤਲ ’ਚ ਕਈ ਕੀਤੇ ਰਾਊਂਡਅਪ
ਜਗਰਾਓਂ ਪੁਲਿਸ ਨੇ ਮਾਣੂੰਕੇ ਪਿੰਡ ’ਚ ਹੋਏ ਕਤਲ ’ਚ ਕਈ ਕੀਤੇ ਰਾਊਂਡਅਪ
Publish Date: Mon, 05 Jan 2026 06:43 PM (IST)
Updated Date: Tue, 06 Jan 2026 04:06 AM (IST)
ਸੰਜੀਵ ਗੁਪਤਾ, ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ,
ਜਗਰਾਓਂ/ਹਠੂਰ : ਜਗਰਾਓਂ ਪੁਲਿਸ ਨੇ ਪਿੰਡ ਮਾਣੂੰਕੇ ’ਚ ਦਿਨ ਦਿਹਾੜੇ 3 ਬੱਚਿਆਂ ਦੇ ਪਿਤਾ ਨੂੰ ਕਤਲ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ’ਚ ਇੱਕ ਘੰਟੇ ’ਚ ਕਈਆਂ ਨੂੰ ਰਾਊਂਡਅਪ ਕਰ ਲਿਆ। ਇਸ ਘਟਨਾ ਨੂੰ ਲੈ ਕੇ ਲੁਧਿਆਣਾ ਦੇ ਡੀਆਈਜੀ ਸਤਿੰਦਰ ਸਿੰਘ ਖੁਦ ਪੁੱਜੇ। ਉਨ੍ਹਾਂ ਨਾਲ ਐੱਸਐੱਸਪੀ ਡਾ. ਅੰਕੁਰ ਗੁਪਤਾ, ਐੱਸਪੀ ਰਾਜਨ ਸ਼ਰਮਾ, ਡੀਐੱਸਪੀ ਰਾਏਕੋਟ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਮਾਣੂੰਕੇ ਪਿੰਡ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਮੌਕੇ ਡੀਆਈਜੀ ਸਤਿੰਦਰ ਸਿੰਘ ਨੇ ਕਿਹਾ ਕਿ ਜਗਰਾਓਂ ਪੁਲਿਸ ਨੇ ਅੱਜ ਹੋਏ ਕਤਲ ਵਿਚ ਇਕ ਨੂੰ ਗ੍ਰਿ੍ਰਫ਼ਤਾਰ ਕਰ ਲਿਆ ਗਿਆ ਹੈ, ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਘਟਨਾ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਮ੍ਰਿਤਕ ਗਗਨਦੀਪ ਸਿੰਘ ਅਤੇ ਵਿਰੋਧ ਗੁੱਟ ਦਾ ਗੁਰਸੇਵਕ ਸਿੰਘ ਮੋਟੂ ਇੱਕੋ ਪਿੰਡ ਦੇ ਹਨ। ਦੋਵਾਂ ਵਿਚ ਪਿੰਡ ਦੀ ਦੁਸ਼ਮਣੀ ਸੀ। ਜਿਸ ਨੂੰ ਲੈ ਕੇ ਅੱਜ ਸਵੇਰੇ ਪਹਿਲਾਂ ਇਨ੍ਹਾਂ ਦੀ ਲੜਾਈ ਹੋਈ, ਇਸ ਤੋਂ ਬਾਅਦ ਦੋਵਾਂ ਵੱਲੋਂ ਸਾਥੀਆਂ ਨੂੰ ਸੱਦਿਆ ਗਿਆ। ਕਤਲ ਕਰਨ ਵਾਲੇ ਮੋਟੂ ਨੇ ਨਾਲ ਦੇ ਜ਼ਿਲਿ੍ਹਆਂ ਤੋਂ ਵੀ ਸਾਥੀਆਂ ਨੂੰ ਸੱਦਿਆ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਵਿਚ ਸ਼ਾਮਿਲ ਪ੍ਰਦੀਪ ਸਿੰਘ ਪਿੰਡ ਮਾਣੂੰਕੇ ਨੂੰ ਪੁਲਿਸ ਨੇ ਇੱਕ ਘੰਟੇ ਦੇ ਅੰਦਰ ਅੰਦਰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੋਟੂ ਗਰੁੱਪ ਵੱਲੋਂ ਚਾਰ-ਪੰਜ ਫਾਇਰ ਕੀਤੇ ਗਏ ਸਨ।
-ਗੁਆਂਢੀ ਜ਼ਿਲਿ੍ਹਆਂ ’ਚੋਂ ਕਈ ਕੀਤੇ ਰਾਊਂਡਅਪ
ਜਗਰਾਓਂ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਗਗਨਦੀਪ ਸਿੰਘ ਉਰਫ ਬਾਬਾ ਦੇ ਕਤਲ ਮਾਮਲੇ ਵਿਚ ਜਗਰਾਓਂ ਪੁਲਿਸ ਦੇ ਨਾਲ ਨਾਲ ਗੁਆਂਢੀ ਜ਼ਿਲਿ੍ਹਆਂ ਦੀ ਪੁਲਿਸ ਨੇ ਵੀ ਉਨ੍ਹਾਂ ਦੇ ਠਿਕਾਣਿਆਂ ’ਤੇ ਛਾਪਾਮਾਰੀ ਕੀਤੀ। ਇਸ ਛਾਪਾਮਾਰੀ ਦੌਰਾਨ ਵੱਖ ਵੱਖ ਟੀਮਾਂ ਵੱਲੋਂ ਕਈਆਂ ਨੂੰ ਰਾਊਂਡਅਪ ਕੀਤਾ ਗਿਆ ਹੈ। ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਕਤਲ ਵਿਚ ਮੁੱਖ ਮੁਜਰਮ ਗੁਰਸੇਵਕ ਸਿੰਘ ਉਰਫ ਮੋਟੂ ਦੀ ਗ੍ਰਿਫ਼ਤਾਰੀ ਲਈ ਵੀ ਕਈ ਟੀਮਾਂ ਛਾਪਾਮਾਰੀ ਕਰ ਰਹੀਆਂ ਹਨ, ਜਦਕਿ ਉਸ ਦੇ ਸਾਥੀ ਪ੍ਰਦੀਪ ਸਿੰਘ ਨੂੰ ਕਾਬੂ ਕੀਤਾ ਜਾ ਚੁੱਕਾ ਹੈ।