ਜਗਰਾਓਂ ਪੁਲਿਸ ਨੇ ਆਪ੍ਰੇਸ਼ਨ ‘ਪ੍ਰਹਾਰ-2’ ਤਹਿਤ 40 ਫੜੇ
ਜਗਰਾਓਂ ਪੁਲਿਸ ਨੇ ਆਪ੍ਰੇਸ਼ਨ ‘ਪ੍ਰਹਾਰ-2’ ਤਹਿਤ 40 ਫੜੇ
Publish Date: Mon, 09 Feb 2026 08:00 PM (IST)
Updated Date: Tue, 10 Feb 2026 04:09 AM (IST)

-ਬੋਲੇ ਡੀਆਈਜੀ ‘ਚੰਗੇ ਸ਼ਹਿਰੀ ਸਾਡੇ ਦੋਸਤ ਮਾੜੇ ਅਨਸਰਾਂ ਲਈ ਕਾਨੂੰਨ ਸਖਤ’ -ਡੀਆਈਜੀ, ਐੱਸਐੱਸਪੀ, ਐੱਸਪੀ, ਡੀਐੱਸਪੀਜ਼ ਖੁਦ ਆਏ ‘ਐਕਸ਼ਨ ਵਿਚ’ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪੰਜਾਬ ਪੁਲਿਸ ਵੱਲੋਂ 72 ਘੰਟਿਆਂ ਲਈ ਛੇੜਿਆ ਆਪ੍ਰੇਸ਼ਨ ‘ਪ੍ਰਹਾਰ-2’ ਤਹਿਤ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਛਾਪਾਮਾਰੀ ’ਚ 40 ਫੜੇ। ਅੱਜ ਦੇ ਇਸ ਆਪ੍ਰੇਸ਼ਨ ਦੌਰਾਨ ਪੁਲਿਸ ਦੇ ਨਿਸ਼ਾਨੇ ’ਤੇ ਗੈਂਗਸਟਰ ਅਤੇ ਕ੍ਰਿਮੀਨਲ ਰਹੇ ਜਿਨ੍ਹਾਂ ਦੇ ਪੁਲਿਸ ਨੇ ਠਿਕਾਣਿਆਂ ’ਤੇ ਛਾਪੇਮਾਰੀ ਕਰਦਿਆਂ ਕਈਆਂ ਨੂੰ ਕਾਬੂ ਕੀਤਾ। ਅੱਜ ਦੀ ਇਸ ਕਾਰਵਾਈ ਦੌਰਾਨ ਲੁਧਿਆਣਾ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ, ਐੱਸਐੱਸਪੀ ਡਾ. ਅੰਕੁਰ ਗੁਪਤਾ, ਐੱਸਪੀ ਰਾਜਨ ਸ਼ਰਮਾ, ਡੀਐੱਸਪੀ ਜਸਵਿੰਦਰ ਸਿੰਘ ਢੀਂਡਸਾ, ਡੀਐੱਸਪੀ ਵਰਿੰਦਰ ਸਿੰਘ ਖੋਸਾ ਸਮੇਤ ਜ਼ਿਲ੍ਹੇ ਦੇ ਸਾਰੇ ਥਾਣੇ, ਸੀਆਈਏ ਮੁਖੀਆਂ ਅਤੇ ਚੌਂਕੀ ਇੰਚਾਰਜਾਂ ਤੋਂ ਇਲਾਵਾ 400 ਮੁਲਾਜ਼ਮਾਂ ਦੀ ਪੁਲਿਸ ਫੋਰਸ ਸੜਕਾਂ ’ਤੇ ਉੱਤਰੀ। ਸ਼ਾਮ ਨੂੰ ਜਗਰਾਓਂ ਵਿਚ ਫਲੈਗ ਮਾਰਚ ਵੀ ਕੱਢਿਆ ਗਿਆ ਜਿਸ ਦੀ ਅਗਵਾਈ ਡੀਆਈਜੀ ਨੇ ਖੁਦ ਕੀਤੀ। ਇਹੀ ਨਹੀਂ ਬੱਦੋਵਾਲ ਵਿਖੇ ਸਪੈਸ਼ਲ ਨਾਕੇ ’ਤੇ ਐੱਸਐੱਸਪੀ ਡਾ. ਅੰਕੁਰ ਗੁਪਤਾ ਖੁਦ ਡਟੇ ਰਹੇ। ਉਨ੍ਹਾਂ ਆਪਣੀ ਸੁਪਰਵੀਜ਼ਨ ਵਿਚ ਵਾਹਨਾਂ ਦੀ ਚੈਕਿੰਗ ਕਰਵਾਈ ਅਤੇ ਖਾਮੀਆਂ ਪਾਉਣ ’ਤੇ ਕਾਰਵਾਈ ਵੀ ਕੀਤੀ। ਇਸ ਮੌਕੇ ਡੀਆਈਜੀ ਸਤਿੰਦਰ ਸਿੰਘ ਨੇ ਕਿਹਾ ਕਿ ਸਵੇਰ ਤੋਂ ਹੀ ਸੂਬੇ ਭਰ ਵਿਚ ‘ਪ੍ਰਹਾਰ-2’ ਤਹਿਤ ਪੁਲਿਸ ਐਕਸ਼ਨ ਵਿਚ ਹੈ। ਜਿਸ ਦੀ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ’ਚ ਸਫਲਤਾ ਵੀ ਮਿਲੀ ਹੈ। ਅੱਜ ਕ੍ਰਿਮੀਨਲ, ਗੈਂਗਸਟਰ ਅਤੇ ਭਗੌੜੇ ਨਿਸ਼ਾਨੇ ’ਤੇ ਰਹੇ। ਇਸ ਸਬੰਧੀ ਜਲਦੀ ਹੀ ਮੀਡੀਆ ਨੂੰ ਜਾਣਕਾਰੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਪੁਲਿਸ ਦਾ ਸੜਕਾਂ ’ਤੇ ਉਤਰਣ ਦਾ ਮਤਲਬ ਲੋਕਾਂ ਦੇ ਵਿਚ ਜਾ ਕੇ ਉਨ੍ਹਾਂ ਦੇ ਹੌਸਲੇ ਬੁਲੰਦ ਕਰਨਾ ਹੈ। ਇਹ ਸਾਫ ਸੁਨੇਹਾ ਹੈ ਕਿ ਪੁਲਿਸ ਜਨਤਾ ਦੇ ਨਾਲ ਹੈ ਅਤੇ ਕ੍ਰਿਮੀਨਲਾਂ ਨੂੰ ਤਾੜਨਾ ਹੈ ਕਿ ਕਾਨੂੰਨ ਹੱਥ ਵਿਚ ਲਿਆ ਤਾਂ ਖ਼ੈਰ ਨਹੀਂ। ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਜ਼ਿਲ੍ਹੇ ਵਿਚ 72 ਘੰਟੇ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਅੱਜ ਦੀ ਕਾਰਵਾਈ ਵਿਚ ਪੁਲਿਸ ਨੂੰ ਕਾਫੀ ਸਫਲਤਾ ਵੀ ਹੱਥ ਲੱਗੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਕਿਸੇ ਵੀ ਸ਼ਮੂਲੀਅਤ ਬਾਰੇ ਉਨ੍ਹਾਂ ਨੂੰ ਪਤਾ ਹੋਵੇ ਤਾਂ ਬੇਝਿਜਕ, ਬੇਖੋਫ਼ ਪੁਲਿਸ ਨੂੰ ਦੱਸਣ, ਉਨ੍ਹਾਂ ਦਾ ਨਾਮ ਅਤੇ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।