ਬਾਲ ਵਿਆਹ ਕਰਵਾਉਣ ਦੇ ਦੋਸ਼ ’ਚ ਮਾਂ, ਪਿਓ ਤੇ ਪਤੀ ਗ੍ਰਿਫ਼ਤਾਰ
ਜਗਰਾਓਂ ਪੁਲਿਸ ਨੇ ਬਾਲ ਵਿਆਹ ਕਰਵਾਉਣ ਵਾਲੀ ਮਾਂ, ਪਿਉ ਅਤੇ ਪਤੀ ਕੀਤਾ ਗ੍ਰਿਫ਼ਤਾਰ
Publish Date: Mon, 02 Feb 2026 08:11 PM (IST)
Updated Date: Tue, 03 Feb 2026 04:14 AM (IST)

-ਮਾਂ ਨੇ ਦੂਸਰਾ ਵਿਆਹ ਰਚਾਉਂਦਿਆਂ ਨਾਬਾਲਿਗ ਧੀ ਦਾ ਕਰ ਦਿੱਤਾ ਬਾਲ ਵਿਆਹ -16 ਸਾਲਾਂ ਦੀ ਨਾਬਾਲਿਗ ਧੀ ਹੋਈ ਗਰਭਵਤੀ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਪੁਲਿਸ ਨੇ ਨਾਬਾਲਿਗ ਧੀ ਦਾ ਬਾਲ ਵਿਆਹ ਕਰਵਾਉਣ ਵਾਲੀ ਉਸ ਦੀ ਮਾਂ, ਮਤਰੇਏ ਪਿਉ ਤੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਲ ਵਿਆਹ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ 16 ਸਾਲਾਂ ਨਾਬਾਲਿਗਾ ਗਰਭਵਤੀ ਹੋ ਗਈ। ਇਸ ’ਤੇ ਜਗਰਾਓਂ ਥਾਣਾ ਸਦਰ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ। ਐਤਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਜਗਰਾਓਂ ਥਾਣਾ ਸਦਰ ਦੇ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਗਰਭਵਤੀ ਲੜਕੀ ਜਿਸ ਦੀ ਉਮਰ 18 ਸਾਲ ਤੋਂ ਘੱਟ ਜਾਪਦੀ ਹੈ, ਦੇ ਗਰਭਵਤੀ ਹੋਣ ਬਾਰੇ ਸ਼ਿਕਾਇਤ ਮਿਲੀ। ਇਸ ਸ਼ਿਕਾਇਤ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਲੜਕੀ ਦਾ ਜਨਮ 14 ਸਤੰਬਰ, 2009 ਨੂੰ ਹੋਇਆ ਸੀ। ਜਿਸ ਦੀ ਉਮਰ ਸਾਲ 16 ਸਾਲ ਦੋ ਮਹੀਨੇ ਬਣਦੀ ਹੈ। ਲੜਕੀ ਦੀ ਮਾਂ ਸਰਬਜੀਤ ਕੌਰ ਨੇ ਆਪਣੇ ਪਤੀ ਨਾਲ ਪੰਚਾਇਤੀ ਤਲਾਕ ਲੈ ਲਿਆ ਸੀ ਤੇ ਉਸ ਤੋਂ ਬਾਅਦ ਮੋਗਾ ਜ਼ਿਲ੍ਹੇ ਦੇ ਪਿੰਡ ਦਾਇਆ ਕਲਾਂ ਦੇ ਸੁਰਜਨ ਸਿੰਘ ਪੁੱਤਰ ਦਲਜੀਤ ਸਿਘ ਨਾਲ ਪੱਕੇ ਤੌਰ ’ਤੇ ਰਹਿਣ ਲੱਗ ਪਈ। ਇਸ ਦੌਰਾਨ ਸਰਬਜੀਤ ਕੌਰ ਨੇ ਆਪਣੇ ਦੂਸਰੇ ਪਤੀ ਸੁਰਜਨ ਸਿੰਘ ਨਾਲ ਮਿਲ ਕੇ ਪਿੰਡ ਅਮਰਗੜ੍ਹ ਕਲੇਰ ਦੇ ਜਸਪ੍ਰੀਤ ਸਿੰਘ ਨਾਲ ਬਾਲ ਵਿਆਹ ਕਰਵਾ ਦਿੱਤਾ। ਜਿਸ ’ਤੇ ਕਾਰਵਾਈ ਕਰਦਿਆਂ ਨਾਬਾਲਿਗ ਦਾ ਬਾਲ ਵਿਆਹ ਕਰਵਾਉਣ ਵਾਲੀ ਉਸ ਦੀ ਮਾਂ ਸਰਬਜੀਤ ਕੌਰ, ਮਤਰੇਏ ਪਿਉ ਸੁਰਜਣ ਸਿੰਘ ਅਤੇ ਪਤੀ ਜਸਪ੍ਰੀਤ ਸਿੰਘ ਖ਼ਿਲਾਫ਼ ਜੇਰੇ ਧਾਰਾ 9, 10, ਬਾਲ ਵਿਆਹ ਮਨਾਹੀ ਐਕਟ 2006 ਤੇ 3, 4 ਪੋਕਸੋ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।