- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਰਾਓਂ ਨੇੜਲੇ ਚੌਕੀਮਾਨ ਸਥਿਤ ਸੀਟੀ ਯੂਨੀਵਰਸਿਟੀ ਦੇ ਮੁਸਲਿਮ ਵਿਦਿਆਰਥੀਆਂ ਵੱਲੋਂ ਰੋਜ਼ੇ ਲਈ ਸੇਹਰੀ ਅਤੇ ਇਫ਼ਤਾਰੀ ਮੰਗਣ ’ਤੇ ਵਾਇਸ ਚਾਂਸਲਰ ਨੇ ਗਾਲ੍ਹਾਂ ਕੱਢਦਿਆਂ ਬੇਇੱਜ਼ਤ ਕੀਤਾ। ਜਿਸ ਤੋਂ ਖਫ਼ਾ ਹੋਏ ਵਿਦਿਆਰਥੀਆਂ ਨੇ ਕੈਂਪਸ ਗੇਟ ’ਤੇ ਧਰਨਾ ਦਿੰਦਿਆਂ ਸੰਘਰਸ਼ ਸ਼ੁਰੂ ਕਰ ਦਿੱਤਾ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨੇੜਲੇ ਚੌਕੀਮਾਨ ਸਥਿਤ ਸੀਟੀ ਯੂਨੀਵਰਸਿਟੀ ਦੇ ਮੁਸਲਿਮ ਵਿਦਿਆਰਥੀਆਂ ਵੱਲੋਂ ਰੋਜ਼ੇ ਲਈ ਸੇਹਰੀ ਅਤੇ ਇਫ਼ਤਾਰੀ ਮੰਗਣ ’ਤੇ ਵਾਇਸ ਚਾਂਸਲਰ ਨੇ ਗਾਲ੍ਹਾਂ ਕੱਢਦਿਆਂ ਬੇਇੱਜ਼ਤ ਕੀਤਾ। ਜਿਸ ਤੋਂ ਖਫ਼ਾ ਹੋਏ ਵਿਦਿਆਰਥੀਆਂ ਨੇ ਕੈਂਪਸ ਗੇਟ ’ਤੇ ਧਰਨਾ ਦਿੰਦਿਆਂ ਸੰਘਰਸ਼ ਸ਼ੁਰੂ ਕਰ ਦਿੱਤਾ।
ਵਿਦਿਆਰਥੀਆਂ ਦੇ ਸੰਘਰਸ਼ ਦੀ ਗੂੰਜ ਦੂਰ ਤਕ ਗੂੰਜੀ ਜਿਸ ’ਤੇ ਉਨ੍ਹਾਂ ਦੀ ਹਮਾਇਤ ਵਿਚ ਖੁਦ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਸੀਟੀ ਯੂਨੀਵਰਸਿਟੀ ਪੁੱਜੇ। ਰੋਜ਼ਾ ਰੱਖਣ ਵਾਲੇ ਵਿਦਿਆਰਥੀਆਂ ਵੱਲੋਂ ਸੰਘਰਸ਼ ਤਿੱਖਾ ਐਲਾਨਣ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਮੁੱਖ ਮੰਤਰੀ ਨੂੰ ਟੈਗ ਕਰਨ ਦੇ ਨਾਲ ਹੀ ਵੀਡੀਓ ਵਾਇਰਲ ਕਰਨ ਤੋਂ ਬਾਅਦ ਐੱਸਐੱਸਪੀ, ਐੱਸਡੀਐੱਮ ਸਮੇਤ ਪੁਲਿਸ ਪ੍ਰਸ਼ਾਸਨ ਵੀ ਸੀਟੀ ਯੂਨੀਵਰਸਿਟੀ ਪੁੱਜਾ। ਵੱਡੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਪ੍ਰਸ਼ਾਸਨ, ਸ਼ਾਹੀ ਇਮਾਮ ਅਤੇ ਸੀਟੀ ਯੂਨੀਵਰਸਿਟੀ ਪ੍ਰਬੰਧਕਾਂ ਵਿਚ ਚੱਲੀ ਲੰਮੀ ਮੀਟਿੰਗ ਤੋਂ ਬਾਅਦ ਵਾਈਸ ਚਾਂਸਲਰ ਦੀ ਛੁੱਟੀ ਕਰਨ ’ਤੇ ਵਿਦਿਆਰਥੀਆਂ ਦਾ ਗੁੱਸਾ ਠੰਢਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਸੀਟੀ ਯੂਨੀਵਰਸਿਟੀ ਪੜ੍ਹਦੇ ਕਸ਼ਮੀਰੀ ਵਿਦਿਆਰਥੀ ਰੋਜ਼ਿਆਂ ਲਈ ਸੇਹਰੀ ਅਤੇ ਇਫ਼ਤਾਰੀ ਦੀ ਮੰਗ ਕਰ ਰਹੇ ਸਨ। ਕਈ ਦਿਨਾਂ ਤੋਂ ਉਨ੍ਹਾਂ ਦੀ ਮੰਗ ਪੂਰੀ ਨਾ ਹੋਣ ’ਤੇ ਗੁੱਸੇ ਵਿਚ ਆਏ ਵਿਦਿਆਰਥੀਆਂ ਨੇ ਬੀਤੀ ਰਾਤ ਯੂਨੀਵਰਸਿਟੀ ਦੀ ਮੈਸ ਨੂੰ ਜਿੰਦਰਾ ਲਾ ਦਿੱਤਾ। ਜਿਸ ਦਾ ਪਤਾ ਲੱਗਦੇ ਹੀ ਵਾਇਸ ਚਾਂਸਲਰ ਨਿਤਿਨ ਟੰਡਨ ਪੁੱਜੇ ਤਾਂ ਉਹ ਵੀ ਤਲਖ਼ੀ ਵਿਚ ਆ ਗਏ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਸਿੱਧਾ ਗਾਲ੍ਹਾਂ ਕੱਢਦਿਆਂ ਦਾਖ਼ਲੇ ਰੱਦ ਕਰਨ ਦੀ ਧਮਕੀ ਦੇ ਦਿੱਤੀ। ਜਿਸ ਦੀ ਵੀਡੀਓ ਵੀ ਬਣ ਗਈ।
ਦਿਨ ਚੜ੍ਹਦਿਆਂ ਹੀ ਵਿਦਿਆਰਥੀਆਂ ਨੇ ਧਰਨਾ ਦਿੰਦਿਆਂ ਵੀਡੀਓ ਵਾਇਰਲ ਕਰ ਦਿੱਤੀ। ਇਸ ’ਤੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਡਾ. ਅੰਕੁਰ ਗੁਪਤਾ, ਐੱਸਡੀਐੱਮ ਉਪਿੰਦਰਜੀਤ ਕੌਰ, ਐੱਸਪੀ ਰਾਮਨਿੰਦਰ ਸਿੰਘ, ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਸੀਟੀ ਯੂਨੀਵਰਸਿਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਹੋਈ।
ਇਸ ਮੀਟਿੰਗ ਵਿਚ ਸ਼ਾਹੀ ਇਮਾਮ ਵੀ ਸ਼ਾਮਲ ਹੋਏ। ਜਿਨ੍ਹਾਂ ਨੇ ਇਸ ਮੁੱਦੇ ’ਤੇ ਗੱਲਬਾਤ ਕਰਦਿਆਂ ਵਾਈਸ ਚਾਂਸਲਰ ਦੀ ਗਲਤੀ ’ਤੇ ਅਫਸੋਸ ਪ੍ਰਗਟਾਇਆ ਅਤੇ ਵਿਦਿਆਰਥੀਆਂ ਦੀ ਮੰਗ ’ਤੇ ਵਾਈਸ ਚਾਂਸਲਰ ਤੋਂ ਅਸਤੀਫਾ ਲੈ ਲਿਆ ਗਿਆ ਜਿਸ ਤੋਂ ਬਾਅਦ ਵਿਦਿਆਰਥੀਆਂ ਦਾ ਸੰਘਰਸ਼ ਸਮਾਪਤ ਹੋਇਆ।