Jagraon News : ਤਿੰਨ ਬੱਚਿਆਂ ਦੇ ਬਾਪ ਨੂੰ ਕਤਲ ਕਰਨ ਵਾਲਾ ਇੱਕ ਗ੍ਰਿਫ਼ਤਾਰ, ਬਾਕੀਆਂ ਦੀ ਭਾਲ ਜਾਰੀ
ਇਸ ਮੌਕੇ ਡੀਆਈਜੀ ਸਤਿੰਦਰ ਸਿੰਘ ਨੇ ਕਿਹਾ ਕਿ ਜਗਰਾਓਂ ਪੁਲਿਸ ਨੇ ਅੱਜ ਹੋਏ ਕਤਲ ਵਿਚ ਇੱਕ ਨੂੰ ਗ੍ਰਿ੍ਰਫ਼ਤਾਰ ਕਰ ਲਿਆ ਗਿਆ ਹੈ, ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਘਟਨਾ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਮ੍ਰਿਤਕ ਗਗਨਦੀਪ ਸਿੰਘ ਅਤੇ ਵਿਰੋਧੀ ਧੜੇ ਦਾ ਗੁਰਸੇਵਕ ਸਿੰਘ ਮੋਟੂ ਇੱਕੋ ਪਿੰਡ ਦੇ ਹਨ।
Publish Date: Mon, 05 Jan 2026 06:15 PM (IST)
Updated Date: Mon, 05 Jan 2026 06:18 PM (IST)
ਜਗਰਾਓਂ : ਜਗਰਾਓਂ ਪੁਲਿਸ ਨੇ ਪਿੰਡ ਮਾਣੂੰਕੇ ’ਚ ਦਿਨ ਦਿਹਾੜੇ 3 ਬੱਚਿਆਂ ਦੇ ਪਿਤਾ ਨੂੰ ਕਤਲ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਇੱਕ ਘੰਟੇ ’ਚ ਕਈਆਂ ਨੂੰ ਰਾਊਂਡਅਪ ਕਰ ਲਿਆ। ਇਸ ਘਟਨਾ ਨੂੰ ਲੈ ਕੇ ਲੁਧਿਆਣਾ ਦੇ ਡੀਆਈਜੀ ਸਤਿੰਦਰ ਸਿੰਘ ਖੁਦ ਪੁੱਜੇ। ਉਨ੍ਹਾਂ ਨਾਲ ਐੱਸਐੱਸਪੀ ਡਾ. ਅੰਕੁਰ ਗੁਪਤਾ, ਐਸਪੀ ਰਾਜਨ ਸ਼ਰਮਾ, ਡੀਐੱਸਪੀ ਰਾਏਕੋਟ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਮਾਣੂੰਕੇ ਪਿੰਡ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ।
ਇਸ ਮੌਕੇ ਡੀਆਈਜੀ ਸਤਿੰਦਰ ਸਿੰਘ ਨੇ ਕਿਹਾ ਕਿ ਜਗਰਾਓਂ ਪੁਲਿਸ ਨੇ ਅੱਜ ਹੋਏ ਕਤਲ ਵਿਚ ਇੱਕ ਨੂੰ ਗ੍ਰਿ੍ਰਫ਼ਤਾਰ ਕਰ ਲਿਆ ਗਿਆ ਹੈ, ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਘਟਨਾ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਮ੍ਰਿਤਕ ਗਗਨਦੀਪ ਸਿੰਘ ਅਤੇ ਵਿਰੋਧੀ ਧੜੇ ਦਾ ਗੁਰਸੇਵਕ ਸਿੰਘ ਮੋਟੂ ਇੱਕੋ ਪਿੰਡ ਦੇ ਹਨ। ਦੋਵਾਂ ਵਿਚ ਪਿੰਡ ਦੀ ਦੁਸ਼ਮਣੀ ਸੀ ਜਿਸ ਨੂੰ ਲੈ ਕੇ ਅੱਜ ਸਵੇਰੇ ਪਹਿਲਾਂ ਇਨ੍ਹਾਂ ਦੀ ਲੜਾਈ ਹੋਈ, ਇਸ ਤੋਂ ਬਾਅਦ ਦੋਵਾਂ ਵੱਲੋਂ ਸਾਥੀਆਂ ਨੂੰ ਸੱਦਿਆ ਗਿਆ। ਕਤਲ ਕਰਨ ਵਾਲੇ ਮੋਟੂ ਨੇ ਨਾਲ ਦੇ ਜ਼ਿਲਿ੍ਹਆਂ ਤੋਂ ਵੀ ਸਾਥੀਆਂ ਨੂੰ ਸੱਦਿਆ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਵਿਚ ਸ਼ਾਮਿਲ ਪ੍ਰਦੀਪ ਸਿੰਘ ਪਿੰਡ ਮਾਣੂੰਕੇ ਨੂੰ ਪੁਲਿਸ ਨੇ ਇੱਕ ਘੰਟੇ ਦੇ ਅੰਦਰ ਅੰਦਰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੋਟੂ ਗਰੁੱਪ ਵੱਲੋਂ ਚਾਰ-ਪੰਜ ਫਾਇਰ ਕੀਤੇ ਗਏ ਸਨ।