- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਮੀਨੀ ਵਿਵਾਦ ਵਿਚ ਅਦਾਲਤ ’ਚੋਂ ਤਰੀਕ ਤੋਂ ਵਾਪਸ ਪਰਤ ਰਹੇ ਨਿਹੰਗ ਸਿੰਘ ਨੂੰ ਉਸ ਦੇ ਹੀ ਭਰਾ ਵੱਲੋਂ ਵਾਹਨ ਦੀ ਫੇਟ ਮਾਰ ਕੇ ਮਾਰਨ ਦੇ ਪਰਿਵਾਰ ਨੇ ਗੰਭੀਰ ਦੋਸ਼ ਲਗਾਏ ਹਨ। ਇਸ ਮਾਮਲੇ ਵਿਚ ਫ਼ਿਲਹਾਲ ਹਠੂਰ ਪੁਲਿਸ ਨੇ ਭਰਾ ਖ਼ਿਲਾਫ਼ ਸੜਕ ਹਾਦਸੇ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜ਼ਮੀਨੀ ਵਿਵਾਦ ਵਿਚ ਅਦਾਲਤ ’ਚੋਂ ਤਰੀਕ ਤੋਂ ਵਾਪਸ ਪਰਤ ਰਹੇ ਨਿਹੰਗ ਸਿੰਘ ਨੂੰ ਉਸ ਦੇ ਹੀ ਭਰਾ ਵੱਲੋਂ ਵਾਹਨ ਦੀ ਫੇਟ ਮਾਰ ਕੇ ਮਾਰਨ ਦੇ ਪਰਿਵਾਰ ਨੇ ਗੰਭੀਰ ਦੋਸ਼ ਲਗਾਏ ਹਨ। ਇਸ ਮਾਮਲੇ ਵਿਚ ਫ਼ਿਲਹਾਲ ਹਠੂਰ ਪੁਲਿਸ ਨੇ ਭਰਾ ਖ਼ਿਲਾਫ਼ ਸੜਕ ਹਾਦਸੇ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੀ ਇਸ ਕਾਰਵਾਈ ਤੋਂ ਖਫਾ ਪਰਿਵਾਰ ਨੇ ਕਤਲ ਦਾ ਪਰਚਾ ਦਰਜ ਨਾ ਹੋਣ ਤਕ ਪੁਲਿਸ ਨੂੰ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਨਾ ਦੇਣ ਅਤੇ ਅੰਤਿਮ ਸੰਸਕਾਰ ਨਾ ਕਰਨ ਦਾ ਫੈਸਲਾ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਨੇੜਲੇ ਪਿੰਡ ਹਠੂਰ ਦੇ ਨਿਹੰਗ ਜਸਵੀਰ ਸਿੰਘ ਪੁੱਤਰ ਮਹਾ ਸਿੰਘ ਅਤੇ ਉਸ ਦੇ ਭਰਾ ਬਲਵੀਰ ਸਿੰਘ ’ਚ ਸਾਲ 2011 ਤੋਂ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਜਿਸ ਦਾ ਕੇਸ ਲੁਧਿਆਣਾ ਦੀ ਸਿਵਲ ਅਦਾਲਤ ’ਚ ਚੱਲ ਰਿਹਾ ਹੈ। ਬੀਤੀ ਕੱਲ੍ਹ ਨਿਹੰਗ ਜਸਵੀਰ ਸਿੰਘ ਲੁਧਿਆਣਾ ਅਦਾਲਤ ਵਿਚ ਕੇਸ ਦੀ ਤਾਰੀਕ ਭੁਗਤ ਕੇ ਆਪਣੀ ਸਕੂਟਰੀ ’ਤੇ ਘਰ ਵਾਪਸ ਆ ਰਿਹਾ ਸੀ। ਜੋ ਕਿ ਰਸਤੇ ਵਿਚ ਸੜਕ ਹਾਦਸੇ ’ਚ ਗੰਭੀਰ ਜਖ਼ਮੀ ਹੋ ਗਿਆ।
ਉਸਨੂੰ ਜਖ਼ਮੀ ਹਾਲਤ ਵਿਚ ਜਗਰਾਓਂ ਦੇ ਭੀਵਾਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿਚ ਮ੍ਰਿਤਕ ਨਿਹੰਗ ਸਿੰਘ ਦੀ ਪਤਨੀ ਸੁਖਵੰਤ ਕੌਰ ਨੇ ਦੱਸਿਆ ਕਿ ਮੌਤ ਤੋਂ ਪਹਿਲਾਂ ਉਨ੍ਹਾਂ ਦੇ ਪਤੀ ਨੇ ਦੱਸਿਆ ਸੀ ਕਿ ਤਰੀਕ ਤੋਂ ਵਾਪਸ ਆਉਂਦਿਆਂ ਉਨ੍ਹਾਂ ਦਾ ਭਰਾ ਬਲਵੀਰ ਸਿੰਘ ਪਿੱਛੇ ਆ ਰਿਹਾ ਸੀ। ਜਿਸ ਨੇ ਕਿਸੇ ਵਹੀਕਲ ਦੀ ਫੇਟ ਮਾਰੀ ਸੀ। ਜਿਸ ਕਾਰਨ ਉਹ ਸੜਕ ਲਾਗੇ ਲੱਗੀ ਬੁਰਜੀ ਵਿਚ ਜਾ ਵੱਜਾ।
ਇਸ ਮਾਮਲੇ ਵਿਚ ਥਾਣਾ ਹਠੂਰ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਬਲਵੀਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿਚ ਪਰਿਵਾਰ ਪੁਲਿਸ ਦੀ ਕਾਰਵਾਈ ਤੋਂ ਖਫਾ ਹੈ। ਮ੍ਰਿਤਕ ਦੀ ਪਤਨੀ ਸੁਖਵੰਤ ਕੌਰ ਅਤੇ ਧੀ ਪ੍ਰਭਜੋਤ ਕੌਰ ਨੇ ਕਿਹਾ ਕਿ ਜ਼ਮੀਨ ਵਿਵਾਦ ਵਿਚ ਫੇਟ ਮਾਰ ਕੇ ਮਾਰਿਆ ਗਿਆ ਹੈ। ਜਿਸ ’ਤੇ ਸਿੱਧਾ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਪਰ ਪੁਲਿਸ ਨੇ ਇਸ ਨੂੰ ਸੜਕ ਹਾਦਸਾ ਦਿਖਾ ਦਿੱਤਾ।
ਇਸ ਲਈ ਇਨਸਾਫ ਲਈ ਉਹ ਕਤਲ ਦਾ ਮੁਕੱਦਮਾ ਦਰਜ ਨਾ ਹੋਣ ਤਕ ਨਾ ਹੀ ਪੁਲਿਸ ਨੂੰ ਪੋਸਟਮਾਰਟਮ ਲਈ ਮ੍ਰਿਤਕ ਦੇਹ ਦੇਣਗੇ ਅਤੇ ਨਾ ਹੀ ਅੰਤਿਮ ਸੰਸਕਾਰ ਕਰਨਗੇ। ਇਸ ਮਾਮਲੇ ਵਿਚ ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਕੁਲਦੀਪ ਕੁਮਾਰ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਅਨੁਸਾਰ ਸੜਕ ਹਾਦਸੇ ਦੀ ਕਾਰਵਾਈ ਕੀਤੀ ਗਈ ਹੈ। ਹੁਣ ਉਨ੍ਹਾਂ ਵੱਲੋਂ ਮਾਰਨ ਦੀ ਗੱਲ ਕਹੀ ਗਈ ਹੈ ਤਾਂ ਉਸ ਮੁਤਾਬਿਕ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿਚ ਸੱਚ ਸਾਹਮਣੇ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।