Jagraon News : ਪੰਜਾਬ 'ਚ ਅਕਾਲੀ ਸਰਕਾਰ ਬਣਨ ’ਤੇ ਗੈਂਗਸਟਰ ਤੇ ਨਸ਼ੇ ਦਾ ਹੋਵੇਗਾ ਖ਼ਾਤਮਾ : ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਸੂਬੇ ’ਚ ਨਾ ਨਸ਼ਾ ਅਤੇ ਨਾ ਗੈਂਗਸਟਰ ਲੱਭਿਆ ਲੱਭੇਗਾ। ਸਰਕਾਰ ਬਣਦੇ ਹੀ ਸਭ ਨਾਲੋਂ ਪਹਿਲਾਂ ਇਨ੍ਹਾਂ ਦੋਵਾਂ ਦਾ ਸਿਰਿਓਂ ਸਫ਼ਾਇਆ ਕੀਤਾ ਜਾਵੇਗਾ।
Publish Date: Thu, 19 Feb 2026 08:29 PM (IST)
Updated Date: Thu, 19 Feb 2026 08:32 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਸੂਬੇ ’ਚ ਨਾ ਨਸ਼ਾ ਅਤੇ ਨਾ ਗੈਂਗਸਟਰ ਲੱਭਿਆ ਲੱਭੇਗਾ। ਸਰਕਾਰ ਬਣਦੇ ਹੀ ਸਭ ਨਾਲੋਂ ਪਹਿਲਾਂ ਇਨ੍ਹਾਂ ਦੋਵਾਂ ਦਾ ਸਿਰਿਓਂ ਸਫ਼ਾਇਆ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਜਿਸ ਦੇ ਲਈ ਸੂਬਾ ਸਰਕਾਰ ਹਰ ਪੱਖ ਤੋਂ ਫੇਲ੍ਹ ਹੋ ਚੁੱਕੀ ਹੈ ਪਰ ਉਹ ਦਾਅਵਾ ਕਰਦੇ ਹਨ ਕਿ ਸੂਬੇ ’ਚ ਅਕਾਲੀ ਸਰਕਾਰ ਬਣਦੇ ਹੀ ਪੰਜਾਬ ਨੂੰ ਬਚਾਉਣ ਲਈ ਸਾਰਿਆਂ ਨਾਲੋਂ ਪਹਿਲਾਂ ਨਸ਼ੇ ਅਤੇ ਗੈਂਗਸਟਰਵਾਦ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਸਾਬਕਾ ਉਪ ਮੁੱਖ ਮੰਤਰੀ ਵੀਰਵਾਰ ਦੇਰ ਸ਼ਾਮ ਜਗਰਾਓਂ ਦੇ ਨਾਨਕਸਰ ਵਿਖੇ ਤਿੰਨ ਰੋਜ਼ਾ ਹਾਰਸ ਸ਼ੋਅ ’ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪੰਜਾਬ ਵਿਚ ਅਕਾਲੀ ਸਰਕਾਰ ਬਣਨ ’ਤੇ ਜਿੱਥੇ ਰੇਸ ਕੋਰਸ ਬਣੇਗਾ, ਜਿਸ ਵਿਚ ਹਰ ਸ਼ਨੀਵਾਰ ਅਤੇ ਐਤਵਾਰ ਘੋੜਿਆਂ ਦੀਆਂ ਦੌੜਾਂ ਹੋਣਗੀਆਂ, ਉਥੇ ਕੌਮਾਂਤਰੀ ਪੱਧਰ ’ਤੇ ਡੌਗ ਰੇਸਜ਼ ਵੀ ਹੋਣਗੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਣ ’ਤੇ ਉਨ੍ਹਾਂ ਵੱਲੋਂ ਪਸ਼ੂ ਮੇਲੇ ਸ਼ੁਰੂ ਕਰਵਾਏ ਗਏ। ਜਿਸ ’ਚ ਵੱਡੇ ਵੱਡੇ ਇਨਾਮ ਰੱਖੇ ਗਏ। ਉਸ ਸਦਕਾ ਪੰਜਾਬ ’ਚ ਘੋੜਿਆਂ ਦੇ ਸ਼ੌਕੀਨ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਹੇ ਹਨ। ਇਸ ਸ਼ੌਂਕ ਸਦਕਾ ਪੰਜਾਬੀਆਂ ਨੇ ਵੀ ਕਮਾਲ ਕੀਤਾ। ਘੋੜਿਆਂ ਦੀ ਬਰੀਡਿੰਗ ਪੰਜਾਬ ’ਚ ਕੀਤੀ ਅਤੇ ਜਿਸ ਸਦਕਾ ਦੇਸ਼ ਦੀ ਸਭ ਨਾਲੋਂ ਵਧੀਆ ਨੁਕਰੇ ਮਾਲਵਾੜੀ ਘੋੜੇ ਪੰਜਾਬ ’ਚ ਹਨ।
ਇਨ੍ਹਾਂ ਦੀ ਕੀਮਤ ਅੱਜ ਕਰੋੜਾਂ ਵਿਚ ਲੱਗਦੀ ਹੈ। ਉਨ੍ਹਾਂ ਕਿਹਾ ਕਿ ਅਫਸੋਸ ਪਿਛਲੇ 10 ਸਾਲਾਂ ਤੋਂ ਪੰਜਾਬ ਵਿਚ ਮਾਂ ਖੇਡ ਕਬੱਡੀ ਕੱਪ ਬੰਦ ਹੋ ਗਏ। ਪਸ਼ੂ ਮੇਲੇ ਬੰਦ ਕਰ ਦਿੱਤੇ ਗਏ। ਜਿਸ ਕਾਰਨ ਪਸ਼ੂ ਮੇਲੇ ਜੋ ਸਰਕਾਰ ਨੂੰ ਕਰਵਾਉਣੇ ਚਾਹੀਦੇ ਹਨ, ਉਸ ਨੂੰ ਲੋਕ ਖੁਦ ਇਕੱਠੇ ਹੋ ਕੇ ਕਰਵਾ ਰਹੇ ਹਨ।
ਹਾਰਸ ਸ਼ੋਅ ਦੇ ਜੇਤੂਆਂ ਨੂੰ ਸੁਖਬੀਰ ਸਿੰਘ ਬਾਦਲ ਅਤੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਐੱਸਆਰ ਕਲੇਰ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਾਬਕਾ ਸਰਪੰਚ ਸ਼ਿਵਰਾਜ ਸਿੰਘ ਆਦਿ ਹਾਜ਼ਰ ਸਨ।