Jagraon news : ਪਾਕਿਸਤਾਨ ਤੋਂ ਆਈ ਹੈਰੋਇਨ ਦੀ ਵੱਡੀ ਖੇਪ ਸਪਲਾਈ ਕਰਨ ਜਾਂਦੇ ਚਾਰ ਮੁਲਜ਼ਮ ਗ੍ਰਿਫ਼ਤਾਰ, ਹਥਿਅਰ ਤੇ ਡਰੱਗ ਮਨੀ ਵੀ ਬਰਾਮਦ
ਜਗਰਾਓਂ ਸੀਆਈਏ ਸਟਾਫ਼ ਦੀ ਪੁਲਿਸ ਨੇ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦਾ ਪਰਦਾਫਾਸ਼ ਕਰਦਿਆਂ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਵੱਡੀ ਖੇਪ ਦੀ ਸਪਲਾਈ ਕਰਨ ਜਾ ਰਹੇ ਕਾਰ ਸਵਾਰ ਚਾਰ ਗੈਂਗ ਮੈਂਬਰਾਂ ਨੂੰ ਤਿੰਨ ਕਿਲੋ ਹੈਰੋਇਨ, ਪਿਸਟਲ ਅਤੇ 30 ਹਜਾਰ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ।
Publish Date: Wed, 04 Feb 2026 07:07 PM (IST)
Updated Date: Wed, 04 Feb 2026 07:09 PM (IST)
ਸੰਜੀਵ ਗੁੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਸੀਆਈਏ ਸਟਾਫ਼ ਦੀ ਪੁਲਿਸ ਨੇ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦਾ ਪਰਦਾਫਾਸ਼ ਕਰਦਿਆਂ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਵੱਡੀ ਖੇਪ ਦੀ ਸਪਲਾਈ ਕਰਨ ਜਾ ਰਹੇ ਕਾਰ ਸਵਾਰ ਚਾਰ ਗੈਂਗ ਮੈਂਬਰਾਂ ਨੂੰ ਤਿੰਨ ਕਿਲੋ ਹੈਰੋਇਨ, ਪਿਸਟਲ ਅਤੇ 30 ਹਜਾਰ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ। ਜਗਰਾਓਂ ਪੁਲਿਸ ਦੀ ਇਸ ਸਾਲ ਦੀ ਇਹ ਪਹਿਲੀ ਅਤੇ ਵੱਡੀ ਹੈਰੋਇਨ ਦੀ ਬਰਾਮਦਗੀ ਹੈ।
ਇਨ੍ਹਾਂ ਚਾਰਾਂ ਨੂੰ ਪੁਲਿਸ ਨੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਇਹ ਪਾਕਿਸਤਾਨ ਤੋਂ ਮੰਗਵਾਈ ਹੈਰੋਇਨ ਦੀ ਖੇਪ ਗਾਹਕਾਂ ਤਕ ਪਹੁੰਚਾਉਣ ਜਾ ਰਹੇ ਸਨ। ਬੁੱਧਵਾਰ ਨੂੰ ਜਗਰਾਓਂ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਡਾ. ਅੰਕਰ ਗੁਪਤਾ ਨੇ ਦੱਸਿਆ ਕਿ ਜਗਰਾਓਂ ਦੇ ਐੱਸਪੀ ਡੀ ਰਾਜਨ ਸ਼ਰਮਾ, ਡੀਐੱਸਪੀ ਕੁਲਵੰਤ ਸਿੰਘ, ਸੀਆਈਏ ਸਟਾਫ਼ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦੀ ਜ਼ੇਰੇ ਨਿਗਰਾਨੀ ਹੇਠ ਜਗਰਾਓਂ ਸੀਆਈਏ ਸਟਾਫ਼ ਦੇ ਥਾਣੇਦਾਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੁਖਬਰ ਦੀ ਸੂਚਨਾ ’ਤੇ ਰਾਏਕੋਟ ਇਲਾਕੇ ਦੇ ਤਲਵੰਡੀ ਰਾਏ ਦਾਣਾ ਮੰਡੀ ਨਾਕਾਬੰਦੀ ਕੀਤੀ।
ਇਸ ਦੌਰਾਨ ਸ਼ਵਿਫਟ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 3 ਕਿਲੋ 34 ਗ੍ਰਾਮ ਹੈਰੋਇਨ, 1 ਪਿਸਟਲ ਅਤੇ 30 ਹਜਾਰ ਡਰੱਗ ਮਨੀ ਬਰਾਮਦ ਹੋਈ। ਜਿਸ ’ਤੇ ਕਾਰ ਸਵਾਰ ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਰਾਜਿੰਦਰਪਾਲ ਸਿੰਘ ਵਾਸੀ ਐਤੀਆਣਾ, ਪ੍ਰਿੰਸ ਪੁੱਤਰ ਰਵੀ ਕੁਮਾਰ ਵਾਸੀ ਕਰਨੈਲ ਗੇਟ, ਦੇਵ ਕੁਮਾਰ ਪੁੱਤਰ ਮਨੋਜ ਕੁਮਾਰ ਵਾਸੀ ਕੱਚਾ ਮਲਕ ਰੋਡ ਜਗਰਾਓਂ ਅਤੇ ਹਰਪ੍ਰੀਤ ਸਿੰਘ ਉਰਫ ਮੱਪਾ ਪੁੱਤਰ ਜਸਵੀਰ ਸਿੰਘ ਵਾਸੀ ਮੁਹੱਲਾ ਨਿਊ ਆਬਾਦੀ ਅਟਾਰੀ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਉਕਤ ਚਾਰੋਂ ਹੈਰੋਇਨ ਦੀ ਇਹ ਖੇਪ ਗਾਹਕਾਂ ਤਕ ਪਹੁੰਚਾਉਣ ਜਾ ਰਹੇ ਸਨ। ਉਕਤ ਚਾਰਾਂ ਨੂੰ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਜਿਸ ਦੌਰਾਨ ਪਾਕਿਸਤਾਨ ਤੋਂ ਹੈਰੋਇਨ ਤਸਕਰੀ ਦੇ ਵੱਡੇ ਕਾਰੋਬਾਰ ਦਾ ਪਰਦਾਫਾਸ਼ ਹੋਵੇਗਾ।