Jagraon News : ਘਰ 'ਚ ਸੁੱਤੇ ਪਏ ਕਿਸਾਨ ਦਾ ਕਤਲ, ਪੁਲਿਸ ਨੇ ਪਤਨੀ ਤੇ ਪੁੱਤ ਨੂੰ ਕੀਤਾ ਰਾਊਂਡਅਪ
ਪਿੰਡ ਜੰਡੀ ਵਿਖੇ ਘਰ ਵਿਚ ਸੁੱਤੇ ਪਏ ਕਿਸਾਨ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ’ਚ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਮ੍ਰਿਤਕ ਕਿਸਾਨ ਦੀ ਪਤਨੀ ਅਤੇ ਉਸਦੇ ਪੁੱਤ ਨੂੰ ਪੁੱਛਗਿੱਛ ਲਈ ਰਾਊਂਡਅਪ ਕਰ ਲਿਆ ਹੈ। ਮ੍ਰਿਤਕ ਪਿੰਡ ਦੇ ਸਾਬਕਾ ਸਰਪੰਚ ਦਾ ਛੋਟਾ ਭਰਾ ਹੈ ਅਤੇ ਇਸ ਕਤਲ ਪਿੱਛੇ ਘਰੇਲੂ ਕਲੇਸ਼ ਨੂੰ ਕਾਰਨ ਮੰਨਿਆ ਜਾ ਰਿਹਾ ਹੈ।
Publish Date: Wed, 18 Mar 2026 09:03 PM (IST)
Updated Date: Wed, 18 Mar 2026 09:06 PM (IST)
ਕੁਲਵਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ, ਸਿੱਧਵਾਂ ਬੇਟ : ਪਿੰਡ ਜੰਡੀ ਵਿਖੇ ਘਰ ਵਿਚ ਸੁੱਤੇ ਪਏ ਕਿਸਾਨ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ’ਚ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਮ੍ਰਿਤਕ ਕਿਸਾਨ ਦੀ ਪਤਨੀ ਅਤੇ ਉਸਦੇ ਪੁੱਤ ਨੂੰ ਪੁੱਛਗਿੱਛ ਲਈ ਰਾਊਂਡਅਪ ਕਰ ਲਿਆ ਹੈ। ਮ੍ਰਿਤਕ ਪਿੰਡ ਦੇ ਸਾਬਕਾ ਸਰਪੰਚ ਦਾ ਛੋਟਾ ਭਰਾ ਹੈ ਅਤੇ ਇਸ ਕਤਲ ਪਿੱਛੇ ਘਰੇਲੂ ਕਲੇਸ਼ ਨੂੰ ਕਾਰਨ ਮੰਨਿਆ ਜਾ ਰਿਹਾ ਹੈ।
ਕਿਸਾਨ ਹਰਜਿੰਦਰ ਸਿੰਘ ਉਰਫ ਸ਼ਕਤੀ ਦਾ ਆਪਣੀ ਪਤਨੀ ਤਰਨਜੀਤ ਕੌਰ ਅਤੇ 22 ਸਾਲਾ ਪੁੱਤ ਜਸਕਰਨ ਸਿੰਘ ਜੱਸੂ ਨਾਲ ਅਕਸਰ ਹੀ ਘਰੇਲੂ ਮਾਮਲਿਆ ਨੂੰ ਲੈ ਕੇ ਝਗੜਾ ਰਹਿੰਦਾ ਸੀ ਜਿਸ ਦਾ ਪਿੰਡ ਦੀ ਪੰਚਾਇਤ ਵੱਲੋਂ ਕਈ ਵਾਰ ਸਮਝੌਤਾ ਵੀ ਕਰਵਾਇਆ।
ਪਤਾ ਲੱਗਾ ਕਿ ਮ੍ਰਿਤਕ ਹਰਜਿੰਦਰ ਸਿੰਘ ਦੀ ਪਤਨੀ ਅਤੇ ਪੁੱਤਰ ਕੁਝ ਦਿਨ ਪਹਿਲਾਂ ਲੜ ਕੇ ਘਰੋਂ ਚਲੇ ਗਏ ਸਨ। ਬੀਤੀ ਰਾਤ ਹਰਜਿੰਦਰ ਸਿੰਘ ਆਪਣੇ ਘਰ ਵਿੱਚ ਸੁੱਤਾ ਪਿਆ ਸੀ। ਘਰ ਦਾ ਬਾਹਰਲਾ ਗੇਟ ਅਤੇ ਬਰਾਂਡੇ ਵਾਲਾ ਦਰਵਾਜ਼ਾ ਵੀ ਅੰਦਰੋਂ ਬੰਦ ਸੀ ਪਰ ਵਾਰਦਾਤ ਕਰਨ ਵਾਲਾ ਸ਼ਖ਼ਸ ਘਰ ਦੇ ਪਿਛਲੇ ਪਾਸਿਓਂ ਦੀ ਖਾਲੀ ਪਏ ਪਲਾਟ ਵਿੱਚ ਟੱਪ ਕੇ ਅੰਦਰ ਵੜ ਗਿਆ ਅਤੇ ਉਸ ਨੇ ਕਿਸੇ ਤਰੀਕੇ ਨਾਲ ਬਰਾਂਡੇ ਦਾ ਕੁੰਡਾ ਵੀ ਖੋਲ੍ਹ ਲਿਆ।
ਉਪਰੰਤ ਉਸ ਨੇ ਕਿਸੇ ਹਥਿਆਰ ਨਾਲ ਹਰਜਿੰਦਰ ਸਿੰਘ ਦੇ ਸਿਰ ’ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸਦੀ ਉਦੋਂ ਸੂਚਨਾ ਮਿਲੀ ਜਦੋਂ ਉਸਦੀ ਪਹਿਲਾਂ ਮਰ ਚੁੱਕੀ ਪਤਨੀ ਦੀ ਕੁੱਖੋਂ ਜਨਮੇਂ ਅਤੇ ਹੁਣ ਕੈਨੇਡਾ ਵਿੱਚ ਰਹਿ ਰਹੇ ਪੁੱਤ ਹਰਕਮਲ ਸਿੰਘ ਨੇ ਆਪਣੇ ਪਿਤਾ ਨੂੰ ਫੋਨ ਲਗਾਇਆ ਪਰ ਜਦੋਂ ਉਸਨੇ ਫੋਨ ਨਾ ਚੁੱਕਿਆ ਤਾਂ ਉਸਨੇ ਇਸਦੀ ਸੂਚਨਾ ਆਪਣੇ ਤਾਏ ਜਗਰਾਜ ਸਿੰਘ ਅਤੇ ਹੋਰ ਨਜ਼ਦੀਕੀ ਦੋਸਤਾਂ ਨੂੰ ਦਿੱਤੀ।
ਜਦੋਂ ਉਕਤ ਲੋਕ ਕੰਧ ਟੱਪ ਕੇ ਅੰਦਰ ਦਾਖਲ ਹੋਏ ਤਾਂ ਹਰਜਿੰਦਰ ਸਿੰਘ ਬੈੱਡ ’ਤੇ ਹੀ ਮ੍ਰਿਤਕ ਹਾਲਤ ’ਚ ਪਿਆ ਸੀ ਅਤੇ ਲਾਸ਼ ਦੇ ਕੋਲ ਹੀ ਅਲਮਾਰੀ ਵਿਚਲੇ ਕਾਗਜ ਖਿੱਲਰੇ ਪਏ ਸਨ। ਉਪਰੰਤ ਉਹਨਾਂ ਨੇ ਇਸਦੀ ਸੂਚਨਾ ਉਸਦੀ ਪਤਨੀ ਤਰਨਜੀਤ ਕੌਰ ਅਤੇ ਉਸਦੇ ਪੁੱਤ ਜਸਕਰਨ ਸਿੰਘ ਅਤੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੂੰ ਦਿੱਤੀ। ਪੁਲਿਸ ਵੀ ਮੌਕੇ 'ਤੇ ਪੁੱਜ ਗਈ ਪਰ ਉਹਨਾਂ ਨੇ ਮੀਡੀਏ ਸਮੇਤ ਪਿੰਡ ਦੇ ਹੋਰ ਲੋਕਾਂ ਨੂੰ ਅੰਦਰ ਨਾ ਵੜਣ ਦਿੱਤਾ। ਮੌਕੇ ’ਤੇ ਪੁੱਜੇ ਜਗਰਾਓਂ ਸਬ ਡਵੀਜ਼ਨ ਦੇ ਡੀਐੱਸਪੀ ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।