Jagraon News : ਜੋਧਾਂ ਦੇ ਇੱਕ ਘਰ ਵਿੱਚ ਪਟਾਕੇ ਬਣਾਉਂਦਿਆਂ ਹੋਇਆ ਧਮਾਕਾ, ਇੱਕ ਦੀ ਮੌਤ; ਤਿੰਨ ਜ਼ਖ਼ਮੀ
ਕਸਬਾ ਜੋਧਾਂ ਵਿੱਚ ਅੱਜ ਇੱਕ ਫੈਕਟਰੀ ਨਵਾਂ ਘਰ ਵਿੱਚ ਪਟਾਕੇ ਬਣਾਉਂਦਿਆਂ ਹੋਏ ਵਿਸਫੋਟ ਤੋਂ ਬਾਅਦ ਗੈਸ ਸਿਲੰਡਰ ਫਟਣ ਕਾਰਨ ਇੱਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਇੱਕ 16 ਸਾਲਾ ਅਲੀਸ਼ਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
Publish Date: Tue, 31 Mar 2026 11:01 PM (IST)
Updated Date: Tue, 31 Mar 2026 11:06 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਉਂ: ਕਸਬਾ ਜੋਧਾਂ ਵਿੱਚ ਅੱਜ ਇੱਕ ਫੈਕਟਰੀ ਨਵਾਂ ਘਰ ਵਿੱਚ ਪਟਾਕੇ ਬਣਾਉਂਦਿਆਂ ਹੋਏ ਵਿਸਫੋਟ ਤੋਂ ਬਾਅਦ ਗੈਸ ਸਿਲੰਡਰ ਫਟਣ ਕਾਰਨ ਇੱਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਇੱਕ 16 ਸਾਲਾ ਅਲੀਸ਼ਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅੱਜ ਦੀ ਘਟਨਾ ਤੋਂ ਬਾਅਦ ਪਿੰਡ ਜੋਧਾਂ ਵਿੱਚ ਪਟਾਕੇ ਬਣਾਉਣ ਦੇ ਹੋਏ ਖੁਲਾਸੇ ਤੋਂ ਬਾਅਦ ਇਲਾਕੇ ਦੇ ਲੋਕ ਹੈਰਾਨ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ 9 ਵਜੇ ਉਕਤ ਫੈਕਟਰੀਨੁਮਾ ਘਰ ਵਿੱਚ ਪਟਾਕੇ ਤਿਆਰ ਕਰਦਿਆਂ ਬਿਸਫੋਟ ਹੋਇਆ। ਜਿਸ ਤੋਂ ਬਾਅਦ ਜਿਸ ਕਮਰੇ ਵਿੱਚ ਵਿਸਫੋਟ ਹੋਇਆ ਨਾਲ ਲੱਗਦੀ ਰਸੋਈ ਵਿੱਚ ਪਏ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਹੋਏ ਧਮਾਕੇ ਵਿੱਚ ਕਈ ਲੋਕ ਝੁਲਸ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਮੁੱਲਾਪੁਰ ਦਾਖਾ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਥਾਣਾ ਜੋਧਾਂ ਦੀ ਪੁਲਿਸ ਫੋਰਸ ਸਮੇਤ ਮੌਕੇ ਤੇ ਪੁੱਜੇ ।
ਪੁਲਿਸ ਵੱਲੋਂ ਸਿਹਤ ਵਿਭਾਗ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਬੁਲਾਇਆ ਗਿਆ। ਧਮਾਕਾ ਸੁਣ ਕੇ ਪਿੰਡ ਦੇ ਲੋਕ ਵੀ ਵੱਡੀ ਗਿਣਤੀ ਚ ਇਕੱਠੇ ਹੋ ਗਏ ਸਾਰਿਆਂ ਨੇ ਮਿਲ ਕੇ ਜਖਮੀਆਂ ਨੂੰ ਬਚਾਉਣ ਲਈ ਜਦੋ ਜਹਿਤ ਸ਼ੁਰੂ ਕੀਤੀ। ਕਾਫੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਅਤੇ ਜ਼ਖ਼ਮੀ ਚਾਰ ਵਿਅਕਤੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਇਸ ਦੌਰਾਨ 19 ਸਾਲਾ ਕੈਫ ਮੁਹੰਮਦ ਦੀ ਮੌਤ ਹੋ ਗਈ।
ਇਸ ਹਾਦਸੇ ਵਿੱਚ 16 ਸਾਲਾ ਅਲੀ ਸ਼ਾਹ ਜਿੱਥੇ ਗੰਭੀਰ ਜ਼ਖ਼ਮੀ ਹੈ ਉੱਥੇ ਆਰਿਅਨ ਅਤੇ ਜਮੀਲ ਵੀ ਕਾਫੀ ਝੁਲਸ ਗਏ ਹਨ ਜਿਨਾਂ ਦਾ ਸਿਵਿਲ ਹਸਪਤਾਲ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ। ਇਸ ਸਬੰਧ ਵਿੱਚ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਵਿਸਫੋਟ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜੀ ਅਤੇ ਉਨਾਂ ਨੂੰ ਜਾਂਚ ਦੌਰਾਨ ਘਰ ਵਿੱਚ ਪਈ ਪੋਟਾਸ ਵੀ ਮਿਲੀ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਪੁਲਿਸ ਵੱਲੋਂ ਘਟਨਾ ਨੂੰ ਲੈ ਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।