Jagraon News : ਪਿੰਡ ਚੌਕੀਮਾਨ ਦੇ ਜੋੜੇ ਦੀ ਕੈਨੇਡਾ 'ਚ ਸ਼ੱਕੀ ਹਾਲਾਤ 'ਚ ਮੌਤ, ਘਰ 'ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ
ਜਗਰਾਓਂ ਨੇੜਲੇ ਪਿੰਡ ਚੌਕੀਮਾਨ ਦੇ ਕੈਨੇਡਾ ਰਹਿੰਦੇ ਪਤੀ-ਪਤਨੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਹੈ। ਦੋਵਾਂ ਦੀਆਂ ਲਾਸ਼ਾਂ ਘਰ 'ਚੋਂ ਬਰਾਮਦ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਗੋਲ਼ੀਆਂ ਲੱਗਣ ਕਾਰਨ ਮੌਤ ਹੋਈ ਹੈ ਪਰ ਮੌਤ ਨੂੰ ਲੈ ਕੇ ਭੇਤ ਬਣਿਆ ਹੋਇਆ ਹੈ।
Publish Date: Fri, 30 Jan 2026 07:10 PM (IST)
Updated Date: Fri, 30 Jan 2026 07:19 PM (IST)
ਸੰਜੀਵ ਗੁੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨੇੜਲੇ ਪਿੰਡ ਚੌਕੀਮਾਨ ਦੇ ਕੈਨੇਡਾ ਰਹਿੰਦੇ ਪਤੀ-ਪਤਨੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਹੈ। ਦੋਵਾਂ ਦੀਆਂ ਲਾਸ਼ਾਂ ਘਰ 'ਚੋਂ ਬਰਾਮਦ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਗੋਲ਼ੀਆਂ ਲੱਗਣ ਕਾਰਨ ਮੌਤ ਹੋਈ ਹੈ ਪਰ ਮੌਤ ਨੂੰ ਲੈ ਕੇ ਭੇਤ ਬਣਿਆ ਹੋਇਆ ਹੈ। ਪਿੰਡ ਵਿਚ ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਹਨ। ਹਾਲਾਂਕਿ ਪਰਿਵਾਰ ਨੇ ਇਸ ’ਤੇ ਚੁੱਪੀ ਸਾਧਦਿਆਂ ਕੁਝ ਵੀ ਪਤਾ ਹੋਣ ਤੋਂ ਇਨਕਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੌਕੀਮਾਨ ਦੇ ਜੰਮਪਲ ਏਕਮਵੀਰ ਸਿੰਘ ਕੈਨੇਡਾ ਦੇ ਕੈਲਗਿਰੀ ਵਿਖੇ ਆਪਣੀ ਪਤਨੀ ਜੈਸਮੀਨ ਕੌਰ ਨਾਲ ਰਹਿੰਦਾ ਸੀ। ਦੋਵਾਂ ਪਤੀ ਪਤਨੀ ਦੀਆਂ ਘਰ ਵਿਚ ਲਾਸ਼ਾਂ ਦੀ ਸੂਚਨਾ ਮਿਲਣ ’ਤੇ ਕੈਨੇਡਾ ਪੁਲਿਸ ਨੇ ਦਸਤਕ ਦਿੱਤੀ। ਉਨ੍ਹਾਂ ਘਰ ਵਿਚ ਘਟਨਾ ਦੀ ਜਾਂਚ ਕਰਦਿਆਂ ਘਰ ਅਤੇ ਨੇੜਲੇ ਏਰੀਏ ਨੂੰ ਸੀਲ ਕਰ ਦਿੱਤਾ। ਇਸ ਦੌਰਾਨ ਕੈਨੇਡਾ ਪੁਲਿਸ ਨੇ ਦੋਵਾਂ ਦੀਆਂ ਮ੍ਰਿਤਕ ਦੇਹਾਂ ਦੇ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਲਿਆ।
ਹਾਲਾਂਕਿ ਇਸ ਦਰਦਨਾਕ ਘਟਨਾ ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗਿਆ ਪਰ ਪਿੰਡ ਵਿਚ ਕਈ ਤਰ੍ਹਾਂ ਦੇ ਚਰਚੇ ਹਨ। ਪਿੰਡ ਵਿਚ ਮ੍ਰਿਤਕ ਦਾ ਭਰਾ ਰਹਿੰਦਾ ਹੈ। ਘਰ ਵਿਚ ਗ਼ਮ ਦਾ ਮਾਹੌਲ ਅਤੇ ਪਰਿਵਾਰ ਇਸ ਘਟਨਾ ਨੂੰ ਲੈ ਕੇ ਕੁਝ ਵੀ ਦੱਸਣ ਤੋਂ ਇਨਕਾਰ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੂੰ ਖੁਦ ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ।