Jagraon News : 60 ਗਜ਼ ਜ਼ਮੀਨ ਲਈ ਭਰਾਵਾਂ ’ਚ ਝਗੜਾ, ਇੱਕ ਦੀ ਮੌਤ
ਜਗਰਾਓਂ ਨੇੜਲੇ ਪਿੰਡ ਡਾਗੀਆਂ ਵਿਖੇ ਸਿਰਫ 60 ਗਜ ਜ਼ਮੀਨ ਲਈ ਝਗੜੇ ਚਾਚੇ-ਤਾਏ ਦੇ ਪੁੱਤਾਂ ਵਿਚੋਂ ਇੱਕ ਦੀ ਮੌਤ ਹੋ ਗਈ। ਜਗਰਾਓਂ ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੇ ਤਾਏ ਦੇ ਪੁੱਤ ਤੋਂ ਇਲਾਵਾ ਪਿਉ-ਪੁੱਤ ਸਮੇਤ ਚਾਰ ’ਤੇ ਮੁਕੱਦਮਾ ਦਰਜ ਕਰ ਲਿਆ।
Publish Date: Thu, 09 Apr 2026 08:26 PM (IST)
Updated Date: Thu, 09 Apr 2026 08:28 PM (IST)
ਸੰਜੀਵ ਗੁਪਤਾ, ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ, ਜਗਰਾਓਂ/ਹਠੂਰ : ਜਗਰਾਓਂ ਨੇੜਲੇ ਪਿੰਡ ਡਾਗੀਆਂ ਵਿਖੇ ਸਿਰਫ 60 ਗਜ ਜ਼ਮੀਨ ਲਈ ਝਗੜੇ ਚਾਚੇ-ਤਾਏ ਦੇ ਪੁੱਤਾਂ ਵਿਚੋਂ ਇੱਕ ਦੀ ਮੌਤ ਹੋ ਗਈ। ਜਗਰਾਓਂ ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੇ ਤਾਏ ਦੇ ਪੁੱਤ ਤੋਂ ਇਲਾਵਾ ਪਿਉ-ਪੁੱਤ ਸਮੇਤ ਚਾਰ ’ਤੇ ਮੁਕੱਦਮਾ ਦਰਜ ਕਰ ਲਿਆ।
ਪਿੰਡ ਡਾਗੀਆਂ ਵਿਖੇ ਖੇਤਾਂ ਵਿਚ ਰਹਿੰਦੇ 67 ਸਾਲਾਂ ਬਜ਼ੁਰਗ ਕੇਵਲ ਸਿੰਘ ਅਤੇ ਪਿੰਡ ਵਿਚ ਰਹਿੰਦੇ ਤਾਏ ਦੇ ਪੁੱਤ ਬਲਵੰਤ ਸਿੰਘ ਵਿਚ ਕਰੀਬ 60 ਗਜ਼ ਪਲਾਟ ਨੂੰ ਲੈ ਕੇ ਘਰੇਲੂ ਝਗੜਾ ਸੀ। ਇਸੇ ਝਗੜੇ ਨੂੰ ਲੈ ਕੇ ਦੋਵਾਂ ਦੇ ਰਿਸ਼ਤੇਦਾਰ ਇਕੱਠੇ ਹੋਏ ਅਤੇ ਆਪਸੀ ਸਹਿਮਤੀ ਬਣਾਉਣ ਲਈ ਬਲਵੰਤ ਸਿੰਘ ਦੇ ਘਰ ਗੱਲਬਾਤ ਲਈ ਬੈਠ ਗਏ। 60 ਗਜ ਲਈ ਦੋਵਾਂ ਵਿਚ ਸਹਿਮਤੀ ਨਾ ਬਣੀ ਅਤੇ ਇੱਕ ਦੂਸਰੇ ਖ਼ਿਲਾਫ਼ ਉੱਚੀ ਆਵਾਜ਼ ਵਿਚ ਗੱਲ ਕਰਦਿਆਂ ਤਕਰਾਰ ਹੋ ਗਈ।
ਮਾਮਲਾ ਇੱਕਦਮ ਤੋਂ ਹੀ ਇਸ ਕਦਰ ਗੰਭੀਰ ਹੋਇਆ ਕਿ ਦੋਵਾਂ ਸਮੇਤ ਆਏ ਦੋਵਾਂ ਦੇ ਰਿਸ਼ਤੇਦਾਰ ਅਤੇ ਹੋਰ ਵੀ ਆਪਸ ਵਿਚ ਝਗੜ ਪਏ। ਦੇਖਦੇ ਹੀ ਦੇਖਦੇ ਦੋਵਾਂ ਪਾਸਿਓਂ ਇੱਕ ਦੂਜੇ ’ਤੇ ਇੱਟਾਂ-ਰੋੜੇ ਵਰਾਉਣ ਲੱਗ ਪਏ। ਇਸੇ ਦੌਰਾਨ ਬਜ਼ੁਰਗ ਕੇਵਲ ਸਿੰਘ ਦੇ ਬਲਵੰਤ ਸਿੰਘ ਵੱਲੋਂ ਧੱਕਾ ਦੇ ਦਿੱਤਾ। ਜਿਸ ਕਾਰਨ ਕੇਵਲ ਸਿੰਘ ਜ਼ਮੀਨ ’ਤੇ ਡਿੱਗ ਪਿਆ। ਕੇਵਲ ਸਿੰਘ ਨੂੰ ਉਠਾਉਂਦਿਆਂ ਲੜਾਈ ਸ਼ਾਂਤ ਹੋਈ ਤਾਂ ਉਸਨੂੰ ਘਰ ਲੈ ਗਏ।
ਘਰ ਜਾ ਕੇ ਕੇਵਲ ਸਿੰਘ ਦੇ ਨੱਕ ਵਿਚ ਦਰਦ ਹੋਣ ਲੱਗਾ। ਜਿਸ ’ਤੇ ਪਰਿਵਾਰਕ ਮੈਂਬਰ ਉਸਨੂੰ ਇਲਾਜ ਲਈ ਜਗਰਾਓਂ ਸਿਵਲ ਹਸਪਤਾਲ ਲੈ ਆਏ। ਜਗਰਾਓਂ ਹਸਪਤਾਲ ਤੋਂ ਕੇਵਲ ਸਿੰਘ ਨੂੰ ਦਯਾਨੰਦ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿਚ ਜਗਰਾਓਂ ਥਾਣਾ ਸਦਰ ਦੇ ਏਐਸਆਈ ਕੁਲਦੀਪ ਸਿੰਘ ਅਨੁਸਾਰ ਮ੍ਰਿਤਕ ਕੇਵਲ ਸਿੰਘ ਦੀ ਪਤਨੀ ਕੁਲਵੰਤ ਕੌਰ ਦੇ ਬਿਆਨਾਂ ’ਤੇ ਮ੍ਰਿਤਕ ਦੇ ਤਾਏ ਦੇ ਪੁੱਤ ਬਲਵੰਤ ਸਿੰਘ ਵਾਸੀ ਡਾਗੀਆਂ, ਗੁਰਦਿਆਲ ਸਿੰਘ ਪੁੱਤਰ ਅੱਛਰਾ ਸਿੰਘ ਵਾਸੀ ਧੌਲ ਕਲਾਂ, ਗੁਰਮੀਤ ਸਿੰਘ ਅਤੇ ਉਸ ਦੇ ਪੁੱਤ ਮਨਦੀਪ ਸਿੰਘ ਵਾਸੀਆਨ ਭਾਗੀਕੇ ਜ਼ਿਲ੍ਹਾ ਮੋਗਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ।