ਇਸ ਹਾਦਸੇ ਵਿਚ ਕਈ ਲਾਪਤਾ ਸਨ, ਜਿਨ੍ਹਾਂ ਦੀ ਭਾਲ ’ਚ ਗੋਤਾਖੋਰ ਦਿਨ-ਰਾਤ ਲੱਗੇ ਹੋਏ ਸਨ। ਅੱਜ ਜਗਰਾਓਂ ਦੇ ਲਾਪਤਾ ਰਿਸ਼ਵ ਸ਼ਰਮਾ ਦੀ ਵੀ ਯਮੁਨਾ ਜੀ ’ਚੋਂ ਲਾਸ਼ ਬਰਾਮਦ ਹੋ ਗਈ, ਜਿਸ ਦੇ ਪੋਸਟਮਾਰਟਮ ਤੇ ਹੋਰ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਉਸ ਦੇ ਪਿਤਾ ਓਮੇਸ਼ ਸ਼ਰਮਾ, ਮਾਤਾ ਓਮਾ ਸ਼ਰਮਾ ਦੇਹ ਲੈ ਕੇ ਦੇਰ ਰਾਤ ਜਗਰਾਓਂ ਪਹੁੰਚੇ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਤੋਂ ਵਰਿੰਦਾਵਨ ਦਰਸ਼ਨਾਂ ਲਈ ਗਏ ਸ਼ਰਧਾਲੂਆਂ ਦੀ ਯਮੁਨਾ ਜੀ ’ਚ ਕਿਸ਼ਤੀ ਪਲਟਣ ਕਾਰਨ ਲਾਪਤਾ ਹੋਏ 19 ਸਾਲਾ ਰਿਸ਼ਵ ਸ਼ਰਮਾ ਦੀ ਵੀ ਲਾਸ਼ ਬਰਾਮਦ ਹੋ ਗਈ। ਇਸ ਤੋਂ ਪਹਿਲਾਂ ਬੀਤੀ ਕੱਲ੍ਹ ਇਸੇ ਹਾਦਸੇ ’ਚ ਮਾਰੇ ਗਏ ਪੰਜ ਜਣਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਹੁਣ ਇਸ ਹਾਦਸੇ ’ਚ ਮਾਰੇ ਗਏ ਵਿਅਕਤੀਆਂ ਦੀ ਗਿਣਤੀ 12 ਹੋ ਗਈ ਹੈ, ਜਿਨ੍ਹਾਂ ’ਚੋਂ 6 ਜਗਰਾਓਂ ਦੇ ਹਨ।
ਜ਼ਿਕਰਯੋਗ ਹੈ ਕਿ ਜਗਰਾਓਂ ਦੀ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਤੋਂ 9 ਅਪ੍ਰੈਲ ਦੀ ਸ਼ਾਮ ਨੂੰ ਸ਼੍ਰੀ ਬਾਂਕੇ ਬਿਹਾਰੀ ਕਲੱਬ ਦੀ ਅਗਵਾਈ ਹੇਠ ਸ਼ਰਧਾਲੂਆਂ ਦੀਆਂ ਦੋ ਬੱਸਾਂ ਵਰਿੰਦਾਵਨ ਲਈ ਰਵਾਨਾ ਹੋਈਆਂ ਸਨ। ਇਨ੍ਹਾਂ ਦੋਵਾਂ ਬੱਸਾਂ ’ਚ ਕਰੀਬ 110 ਸ਼ਰਧਾਲੂ ਗਏ ਸਨ। 10 ਅਪ੍ਰੈਲ ਨੂੰ ਸ਼ਰਧਾਲੂਆਂ ਦਾ ਇੱਕ ਜਥਾ ਜਿਸ ’ਚ 30-32 ਮੈਂਬਰ ਸਨ, ਯਮੁਨਾ ਜੀ ਦੇ ਦਰਸ਼ਨਾਂ ਨੂੰ ਚਲੇ ਗਏ। ਰਸਤੇ ’ਚ ਇੱਕ ਹਾਦਸੇ ਦੌਰਾਨ ਉਨ੍ਹਾਂ ਦੀ ਕਿਸ਼ਤੀ ਯਮੁਨਾ ਜੀ ’ਚ ਪਲਟ ਗਈ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ।
ਇਸ ਹਾਦਸੇ ਵਿਚ ਕਈ ਲਾਪਤਾ ਸਨ, ਜਿਨ੍ਹਾਂ ਦੀ ਭਾਲ ’ਚ ਗੋਤਾਖੋਰ ਦਿਨ-ਰਾਤ ਲੱਗੇ ਹੋਏ ਸਨ। ਅੱਜ ਜਗਰਾਓਂ ਦੇ ਲਾਪਤਾ ਰਿਸ਼ਵ ਸ਼ਰਮਾ ਦੀ ਵੀ ਯਮੁਨਾ ਜੀ ’ਚੋਂ ਲਾਸ਼ ਬਰਾਮਦ ਹੋ ਗਈ, ਜਿਸ ਦੇ ਪੋਸਟਮਾਰਟਮ ਤੇ ਹੋਰ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਉਸ ਦੇ ਪਿਤਾ ਓਮੇਸ਼ ਸ਼ਰਮਾ, ਮਾਤਾ ਓਮਾ ਸ਼ਰਮਾ ਦੇਹ ਲੈ ਕੇ ਦੇਰ ਰਾਤ ਜਗਰਾਓਂ ਪਹੁੰਚੇ। ਰਿਸ਼ਵ ਦੀ ਦੇਹ ਜਗਰਾਓਂ ਪੁੱਜਣ ’ਤੇ ਪਰਿਵਾਰ ਸਮੇਤ ਲੋਕਾਂ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ। ਰਿਸ਼ਵ ਦਾ ਅੱਜ ਸੋਮਵਾਰ ਸਵੇਰੇ 9.30 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਕ੍ਰਿਕਟਰ ਯੁਵਰਾਜ ਦੇ ਸ਼ਾਗਿਰਦ ਰਿਸ਼ਵ ਦੇ ਸੁਪਨੇ ਵੀ ਯਮੁਨਾ ’ਚ ਵਹਿ ਗਏ
19 ਸਾਲਾ ਰਿਸ਼ਵ ਸ਼ਰਮਾ ਦੇ ਨਾਲ ਹੀ ਕ੍ਰਿਕਟ ਦੀ ਦੁਨੀਆ ’ਚ ਵੱਡਾ ਨਾਮ ਕਮਾਉਣ ਦਾ ਸੁਪਨਾ ਵੀ ਉਸ ਦੇ ਨਾਲ ਯਮੁਨਾ ’ਚ ਵਹਿ ਗਿਆ। ਪੜ੍ਹਾਈ ’ਚ ਹੁਸ਼ਿਆਰ ਰਿਸ਼ਵ ਜਿੱਥੇ ਐੱਲਐੱਲਬੀ ਦੀ ਪੜ੍ਹਾਈ ਕਰ ਰਿਹਾ ਸੀ, ਉਥੇ ਉਸ ਨੇ ਦੇਸ਼ ਦੇ ਨਾਮੀ ਕ੍ਰਿਕਟਰ ਤੇ ਕੋਚ ਅਮਿਤ ਓਨਿਆਲ ਤੋਂ ਕ੍ਰਿਕਟ ਦੀ ਟ੍ਰੇਨਿੰਗ ਲਈ ਸੀ। ਉਸ ਦਾ ਕ੍ਰਿਕਟ ਦੀ ਦੁਨੀਆ ’ਚ ਕੁਝ ਵੱਡਾ ਨਾਮ ਕਮਾਉਣ ਦਾ ਸੁਪਨਾ ਸੀ, ਜਿਸ ਨੂੰ ਪੂਰਾ ਕਰਨ ਲਈ ਜੀਜਾਨ ਨਾਲ ਲੱਗਿਆ ਹੋਇਆ ਸੀ।
ਪਿਤਾ ਦੇ ਸੁਪਨੇ ਵੀ ਟੁੱਟੇ
ਯਮੁਨਾ ਕਿਸ਼ਤੀ ਹਾਦਸੇ ’ਚ ਸ਼ਰਮਾ ਪਰਿਵਾਰ ਨੇ ਸਿਰਫ਼ ਪੁੱਤ ਹੀ ਨਹੀਂ ਗਵਾਇਆ, ਬਲਕਿ ਇੱਕ ਪਿਤਾ ਦੇ ਸਾਲਾਂ ਤੋਂ ਦੇਖੇ ਸੁਪਨੇ ਵੀ ਟੁੱਟ ਗਏ ਹਨ। ਕ੍ਰਿਕਟ ਦੀ ਦੁਨੀਆ ’ਚ ਨਾਮ ਕਮਾਉਣ ਦਾ ਸੁਪਨਾ ਦੇਖਣ ਵਾਲਾ ਰਿਸ਼ਵ ਹੁਣ ਸਿਰਫ਼ ਯਾਦਾਂ ’ਚ ਰਹਿ ਗਿਆ। ਉਸ ਦੇ ਪਿਤਾ ਓਮੇਸ਼ ਸ਼ਰਮਾ ਨੂੰ ਵਿਸ਼ਵਾਸ ਸੀ ਕਿ ਇੱਕ ਦਿਨ ਦੇਸ਼ ਦੇ ਨਾਮੀ ਕ੍ਰਿਕਟਰ ਯੁਵਰਾਜ ਸਿੰਘ ਤੋਂ ਟ੍ਰੇਨਿੰਗ ਲੈਣ ਵਾਲਾ ਉਨ੍ਹਾਂ ਦਾ ਪੁੱਤ ਖੇਡ ਦੀ ਦੁਨੀਆ ’ਚ ਵੱਡਾ ਨਾਮ ਕਰੇਗਾ। ਰਿਸ਼ਵ ਨੂੰ ਬਚਪਨ ਤੋਂ ਹੀ ਕ੍ਰਿਕਟ ਤੇ ਸੰਗੀਤ ਦਾ ਸ਼ੌਕ ਸੀ। ਉਸ ਦੇ ਜਨੂੰਨ ਨੂੰ ਦੇਖਦੇ ਹੋਏ ਪਰਿਵਾਰ ਨੇ ਵੀ ਚੰਗੀ ਕੋਚਿੰਗ ਦਿਵਾਈ। ਉਸ ਨੇ ਦੇਸ਼ ਦੇ ਦਿੱਗਜ਼ ਕ੍ਰਿਕਟਰ ਯੁਵਰਾਜ ਸਿੰਘ ਤੇ ਕੋਚ ਓਮੇਸ਼ ਓਨਿਆਲ ਤੋਂ ਟ੍ਰੇਨਿੰਗ ਲਈ ਸੀ। ਉਹ ਨਾਲ ਹੀ ਚੰਡੀਗੜ੍ਹ ਦੀ ਇੱਕ ਕ੍ਰਿਕਟ ਅਕੈਡਮੀ ’ਚ ਬਤੌਰ ਕੋਚ ਬੱਚਿਆਂ ਨੂੰ ਕ੍ਰਿਕਟ ਦੀ ਟ੍ਰੇਨਿੰਗ ਦਿੰਦਾ ਸੀ।
ਫ਼ਰਿਆਦ ਵੀ ਕੰਮ ਨਾ ਆਈ
ਰਿਸ਼ਵ ਸ਼ਰਮਾ ਦੇ ਲਾਪਤਾ ਹੋਣ ਦਾ ਪਤਾ ਲੱਗਦੇ ਹੀ ਉਸ ਦੀ ਮਾਂ ਓਮਾ ਸ਼ਰਮਾ ਆਪਣੇ ਪਤੀ ਤੇ ਪਰਿਵਾਰ ਨਾਲ ਪੁੱਤ ਦੀ ਭਾਲ ’ਚ ਵਰਿੰਦਾਵਨ ਜਾ ਪੁੱਜੀ। 10 ਅਪ੍ਰੈਲ ਨੂੰ ਵਰਿੰਦਾਵਨ ਯਮੁਨਾ ਤੱਟ ’ਤੇ ਮਾਂ ਨੇ ਡੇਰਾ ਲਾ ਲਿਆ। ਪੁੱਤ ਦੀ ਭਾਲ ਦੇ ਨਾਲ ਨਾਲ ਪ੍ਰਮਾਤਮਾ ਅੱਗੇ ਅਰਦਾਸਾਂ ਕਰਦਿਆਂ ਆਸ ਸੀ ਕਿ ਉਸ ਦਾ ਪੁੱਤ ਸਹੀ ਸਲਾਮਤ ਮਿਲ ਜਾਵੇਗਾ ਪਰ ਕੁਦਰਤ ਨੂੰ ਇਹ ਮੰਨਜੂਰ ਨਹੀਂ ਸੀ। ਰਿਸ਼ਵ ਦੇ ਪਿਤਾ ਨੇ ਵੀ ਬੀਤੀ ਕੱਲ੍ਹ ਪੋਸਟ ਪਾ ਕੇ ਸਰਕਾਰ ਤੇ ਪ੍ਰਸ਼ਾਸਨ ਤੋਂ ਪੁੱਤ ਦੀ ਭਾਲ ’ਚ ਯਤਨ ਤੇਜ਼ ਕਰਨ ਦੀ ਫ਼ਰਿਆਦ ਕੀਤੀ ਸੀ, ਉਹ ਵੀ ਕੰਮ ਨਾ ਆਈ।