- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਦੋਵਾਲ ਆਈਟੀਬੀਪੀ ਕੈਂਪ ਦੇ ਸਾਹਮਣੇ ਕਾਰਾਂ ਦੇ ਲਗਜ਼ਰੀ ਰੈਂਟਲ ਸ਼ੋਅ ਰੂਮ ’ਤੇ ਹੋਈ ਫਾਇਰਿੰਗ ਮਾਮਲੇ ਵਿਚ ਪੁਲਿਸ ਨੇ ਗੁੜਗਾਉਂ ਜੇਲ੍ਹ ’ਚ ਬੰਦ ਗੈਂਗਸਟਰ ਕੌਸ਼ਲ ਚੌਧਰੀ ਨੂੰ ਰਿਮਾਂਡ ’ਤੇ ਲਿਆਉਣ ਤੋਂ ਬਾਅਦ ਗੁੜਗਾਉਂ ਦੇ ਨਵੀਨ ਕੁਮਾਰ ਦੇਸਵਾਲ ਨੂੰ ਗ੍ਰਿਫ਼ਤਾਰ ਕੀਤਾ।

ਸੰਜੀਵ ਗੁੁਪਤਾ, ਪੰਜਾਬੀ ਜਾਗਰਣ, ਜਗਰਾਓਂ: ਬੱਦੋਵਾਲ ਆਈਟੀਬੀਪੀ ਕੈਂਪ ਦੇ ਸਾਹਮਣੇ ਕਾਰਾਂ ਦੇ ਲਗਜ਼ਰੀ ਰੈਂਟਲ ਸ਼ੋਅ ਰੂਮ ’ਤੇ ਹੋਈ ਫਾਇਰਿੰਗ ਮਾਮਲੇ ਵਿਚ ਪੁਲਿਸ ਨੇ ਗੁੜਗਾਉਂ ਜੇਲ੍ਹ ’ਚ ਬੰਦ ਗੈਂਗਸਟਰ ਕੌਸ਼ਲ ਚੌਧਰੀ ਨੂੰ ਰਿਮਾਂਡ ’ਤੇ ਲਿਆਉਣ ਤੋਂ ਬਾਅਦ ਗੁੜਗਾਉਂ ਦੇ ਨਵੀਨ ਕੁਮਾਰ ਦੇਸਵਾਲ ਨੂੰ ਗ੍ਰਿਫ਼ਤਾਰ ਕੀਤਾ।
ਬੱਦੋਵਾਲ ਫਾਇਰਿੰਗ ਮਾਮਲੇ ’ਚ ਨਵੀਨ ਦੇਸਵਾਲ ਦੀ ਕੀ ਭੂਮਿਕਾ ਹੈ? ਅਤੇ ਇਸ ਮਾਮਲੇ ਵਿਚ ਰਿਮਾਂਡ ’ਤੇ ਲਏ ਗੈਂਗਸਟਰ ਕੌਸ਼ਲ ਚੌਧਰੀ ਦੀ ਸ਼ਮੂਲੀਅਤ ਸਮੇਤ ਤਮਾਮ ਸਵਾਲਾਂ ਨੂੰ ਲੈ ਕੇ ਪੁਲਿਸ ਫ਼ਿਲਹਾਲ ਮੀਡੀਆ ਤੋਂ ਪਾਸਾ ਵੱਟ ਰਹੀ ਹੈ। ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਡਾ. ਅੰਕੁਰ ਗੁਪਤਾ ਦਾ ਕਹਿਣਾ ਹੈ ਕਿ ਪੁਲਿਸ ਦੀ ਵਿਸ਼ੇਸ਼ ਟੀਮ ਫਾਇਰਿੰਗ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਦੇ ਨਾਲ ਹੀ ਪੁਲਿਸ ਫਾਇਰਿੰਗ ਕਰਕੇ ਭੱਜੇ ਦੋਵੇਂ ਸ਼ੂਟਰਾਂ ਦੀ ਭਾਲ ਲਈ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਵਰਣਨਯੋਗ ਹੈ ਕਿ ਬੀਤੀ 10 ਜਨਵਰੀ ਦੀ ਸਵੇਰੇ ਕਰੀਬ 10:30 ਵਜੇ ਬੱਦੋਵਾਲ ਮਿਲਟਰੀ ਕੈਂਪ ਦੇ ਸਾਹਮਣੇ ਰਾਇਲ ਲਿਮੋਜ਼ ਲਗਜ਼ਰੀ ਕਾਰਾਂ ਦੇ ਰੈਂਟਲ ਸ਼ੋਅ ਰੂਮ ਦੇ ਬਾਹਰ ਦੋ ਮੋਟਰਸਾਈਕਲ ਸਵਾਰ ਆਉਂਦੇ ਹਨ ਅਤੇ ਅੰਨਾਧੁੰਦ ਕਈ ਫਾਇਰ ਕਰਕੇ ਗੈਂਗਸਟਰ ਪਵਨ ਸ਼ੌਕੀਨ ਅਤੇ ਮੁਹੱਬਤ ਰੰਧਾਵਾ ਦੇ ਨਾਮ ਦੀਆਂ ਪਰਚੀਆਂ ਸੁੱਟ ਕੇ ਫਰਾਰ ਹੋ ਜਾਂਦੇ ਹਨ। ਸ਼ਾਮ ਕਰੀਬ 4:30 ਵਜੇ ਸ਼ੋਅ ਰੂਮ ਮਾਲਕ ਨੂੰ ਇੱਕ ਵਿਦੇਸ਼ੀ ਵਟਸਐਪ ਨੰਬਰ ਤੋਂ ਫੋਨ ਆਉਂਦਾ ਹੈ।
ਫੋਨ ਕਰਨ ਵਾਲਾ ਖੁਦ ਨੂੰ ਪਵਨ ਸ਼ੌਕੀਨ ਦੱਸਦਾ ਦੋ ਕਰੋੜ ਦੀ ਫਿਰੌਤੀ ਮੰਗਦਾ ਹੈ। ਇਸ ਮਾਮਲੇ ਵਿਚ ਲੁਧਿਆਣਾ ਦਿਹਾਤੀ ਦੀ ਪੁਲਿਸ ਗੁੜਗਾਉਂ ਜ਼ੇਲ੍ਹ ਵਿਚ ਬੰਦ ਗੈਂਗਸਟਰ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਰੰਟ ’ਤੇ ਲੈ ਕੇ ਲੁਧਿਆਣਾ ਪਹੁੰਚਦੀ ਹੈ। ਜਿੱਥੇ ਅਦਾਲਤ ਵਿਚ ਉਸ ਨੂੰ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲੈਂਦੀ ਹੈ।
ਪੁਲਿਸ ਰਿਮਾਂਡ ਦੌਰਾਨ ਕੌਸ਼ਲ ਚੌਧਰੀ ਤੋਂ ਡੀਆਈਜੀ ਸਤਿੰਦਰ ਸਿੰਘ ਅਤੇ ਐੱਸਐੱਸਪੀ ਡਾ. ਅੰਕੁਰ ਗੁਪਤਾ ਸਮੇਤ ਪੁਲਿਸ ਅਧਿਕਾਰੀ ਪੁੱਛਗਿੱਛ ਕਰਦੇ ਹਨ। ਜਿਸ ਤੋਂ ਬਾਅਦ ਬੀਤੀ ਕੱਲ੍ਹ ਪੁਲਿਸ ਦੀ ਟੀਮ ਨਵੀਨ ਕੁਮਾਰ ਦੇਸਵਾਲ ਪੁੱਤਰ ਰਾਜ ਸਿੰਘ ਵਾਸੀ ਗੁੜਗਾਉਂ (ਹਰਿਆਣਾ) ਨੂੰ ਗ੍ਰਿਫ਼ਤਾਰ ਕਰਦੀ ਹੈ। ਨਵੀਨ ਦੇਸਵਾਲ ਦੀ ਗ੍ਰਿਫ਼ਤਾਰੀ ਦਾ ਹਾਲਾਂਕਿ ਪੁਲਿਸ ਨੇ ਖੁਲਾਸਾ ਨਹੀਂ ਕੀਤਾ।
ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਅਜੇ ਕੁਝ ਹੋਰ ਦੱਸਣਾ ਠੀਕ ਨਹੀਂ ਹੈ। ਪੁਲਿਸ ਟੀਮ ਇਸ ਮਾਮਲੇ ਨੂੰ ਸੁਲਝਾਉਣ ਵਾਲੇ ਪਾਸੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਨਵੀਨ ਦੇਸਵਾਲ ਦਾ ਫਾਇਰਿੰਗ ਮਾਮਲੇ ’ਚ ਕੀ ਰੋਲ ਹੈ, ਦੀ ਜਾਂਚ ਉਪਰੰਤ ਹੀ ਖੁਲਾਸਾ ਹੋ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਦੀ ਇੱਕ ਟੀਮ ਫਾਇਰਿੰਗ ਕਰਨ ਵਾਲੇ ਸ਼ੂਟਰਾਂ ਤਕ ਪਹੁੰਚਣ ਲਈ ਫਾਇਰਿੰਗ ਕਰਕੇ ਭੱਜਣ ਵਾਲੇ ਰਸਤਿਆਂ ’ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਇਸ ਤੋਂ ਇਲਾਵਾ ਰਿਮਾਂਡ ’ਤੇ ਲਿਆਂਦੇ ਕੌਸ਼ਲ ਚੌਧਰੀ ਜੋ ਕਿ ਉਕਤ ਗੈਂਗ ਦਾ ਮੁਖੀ ਹੈ, ਤੋਂ ਪੁੱਛਗਿੱਛ ਚੱਲ ਰਹੀ ਹੈ।