ਨਵੀਂ ਤਕਨਾਲੋਜੀ, ਕਿਸਮਾਂ ਤੇ ਮਸ਼ੀਨਰੀ ਨੂੰ ਕਿਸਾਨੀ ਵਿਹਾਰ ਦਾ ਹਿੱਸਾ ਬਣਾਉਣਾ ਲਾਜ਼ਮੀ-ਡਾ.ਬਰਾੜ
ਨਵੀਂ ਤਕਨਾਲੋਜੀ, ਕਿਸਮਾਂ ਅਤੇ ਮਸ਼ੀਨਰੀ ਨੂੰ ਕਿਸਾਨੀ ਵਿਹਾਰ ਦਾ ਹਿੱਸਾ ਬਨਾਉਣਾ ਲਾਜ਼ਮੀ-ਡਾ.ਬਰਾੜ
Publish Date: Thu, 19 Feb 2026 06:33 PM (IST)
Updated Date: Thu, 19 Feb 2026 06:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਵੀਰਵਾਰ ਨੂੰ ਪੀਏਯੂ. ਦੇ ਪਾਲ ਆਡੀਟੋਰੀਅਮ ਵਿਖੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਗੋਸ਼ਟੀ ਆਰੰਭ ਹੋਈ। ਇਸ ਗੋਸ਼ਟੀ ਵਿੱਚ ਸਾਉਣੀ ਸਬੰਧੀ ਫਸਲਾਂ ਦੀਆਂ ਨਵੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਤੋਂ ਲੈ ਕੇ ਕਾਸ਼ਤ ਨਾਲ ਸੰਬੰਧਿਤ ਮੁੱਖ ਮੁੱਦਿਆਂ, ਢੰਗਾਂ, ਕੀੜਿਆਂ, ਬਿਮਾਰੀਆਂ, ਮਸ਼ੀਨਰੀ ਅਤੇ ਮੰਡੀਕਰਨ ਸੰਬੰਧੀ ਚਰਚਾ ਕੀਤੀ ਜਾਵੇਗੀ। ਗੋਸ਼ਟੀ ਵਿੱਚ ਪੀਏਯੂ. ਦੇ ਵੱਖ-ਵੱਖ ਵਿਭਾਗਾਂ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਮਾਹਿਰਾਂ ਦੇ ਨਾਲ-ਨਾਲ ਖੇਤੀਬਾੜੀ ਵਿਭਾਗ ਪੰਜਾਬ ਅਤੇ ਹੋਰ ਵਿਭਾਗਾਂ ਦੇ ਪਸਾਰ ਕਰਮੀ ਹਿੱਸਾ ਲੈ ਰਹੇ ਹਨ। ਆਰੰਭਕ ਸ਼ੈਸਨ ਵਿੱਚ ਮੁੱਖ ਮਹਿਮਾਨ ਵਜੋਂ ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸ਼ਾਮਿਲ ਹੋਏ। ਉਨ੍ਹਾਂ ਨਾਲ ਪੰਜਾਬ ਦੇ ਨਿਰਦੇਸ਼ਕ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਜੀਤ ਸਿੰਘ ਬਰਾੜ ਤੋਂ ਇਲਾਵਾ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਨ। ਆਪਣੇ ਮੁੱਖ ਭਾਸ਼ਣ ਵਿੱਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੀਏਯੂ. ਵੱਲੋਂ ਵਿਗਿਆਨਕ ਖੇਤੀ ਲਈ ਸਥਾਪਿਤ ਕੀਤੀਆਂ ਸਿਹਤਮੰਦ ਰਵਾਇਤਾਂ ਵਿੱਚੋਂ ਹਾੜੀ-ਸਾਉਣੀ ਦੀਆਂ ਫਸਲਾਂ ਦੀਆਂ ਇਹ ਗੋਸ਼ਟੀਆਂ ਵਿਲੱਖਣ ਥਾਂ ਰੱਖਦੀਆਂ ਹਨ। ਡਾ. ਗੋਸਲ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦਾ ਸਹਿਯੋਗ ਬਹੁਤ ਸਾਰੇ ਮੁੱਦਿਆਂ ਤੇ ਪੀਏਯੂ. ਦੀ ਖੋਜ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਕਾਰਗਰ ਸਾਬਿਤ ਹੋਇਆ ਹੈ। ਇਸਦੇ ਪ੍ਰਮਾਣ ਵਜੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਦਰਜ ਕੀਤੀ ਗਈ ਕਮੀ ਨੂੰ ਦੇਖਿਆ ਜਾ ਸਕਦਾ ਹੈ। ਡਾ. ਗੋਸਲ ਨੇ ਕਿਹਾ ਕਿ ਮੌਜੂਦਾ ਦੌਰ ਖੇਤੀ ਵਿੱਚ ਉਪਜ ਦੇ ਨਾਲ-ਨਾਲ ਉਤਪਾਦਾਂ ਦੇ ਨਿਰਮਾਣ ਅਤੇ ਵਿਕਰੀ ਨੂੰ ਕਾਰੋਬਾਰੀ ਰੂਪ ’ਚ ਕਰਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਖੇਤੀ ਮਾਹਿਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਖੇਤੀ ਨੂੰ ਉੱਦਮ ਅਤੇ ਕਾਰੋਬਾਰ ਦੀ ਦਿਸ਼ਾ ਵਿੱਚ ਤੋਰਨ ਲਈ ਰਲ ਕੇ ਹੰਭਲਾ ਮਾਰਨ। ਡਾ. ਗੋਸਲ ਨੇ ਘਰੇਲੂ ਪੱਧਰ ਤੇ ਬਗੀਚੀ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਵੀ ਮਾਹਿਰਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖਾਦਾਂ ਦੀ ਢੁੱਕਵੀਂ ਵਰਤੋਂ ਅਤੇ ਜ਼ਮੀਨ ਹੇਠਲੇ ਪਾਣੀ ਦੀ ਉਸਾਰੂ ਖਪਤ ਭਵਿੱਖ ਦੀ ਖੇਤੀ ਵੱਲ ਜਾਣ ਵਾਲੇ ਰਾਹ ਹਨ। ਡਾ.ਗੋਸਲ ਨੇ ਪੀਏਯੂ. ਵੱਲੋਂ ਖੇਤੀ ਲਈ ਸੂਚਨਾ ਤਕਨਾਲੋਜੀ ਵਿਧੀਆਂ ਦੀ ਵਰਤੋਂ ਕਰਕੇ ਕੀਤੇ ਜਾਣ ਵਾਲੇ ਯਤਨਾਂ ਦਾ ਹਵਾਲਾ ਦਿੱਤਾ। ਡਾ. ਗੋਸਲ ਨੇ ਕਿਹਾ ਕਿ ਆਉਂਦੇ ਦਿਨੀਂ ਕਿਸਾਨਾਂ ਮੇਲਿਆਂ ਵਿੱਚ ਕਿਸਾਨਾਂ ਦੇ ਸੁਝਾਵਾਂ ਨੂੰ ਧਿਆਨ ਨਾਲ ਸੁਣ ਕੇ ਉਨਾਂ ਨੂੰ ਮਾਹਿਰਾਂ ਦੀਆਂ ਮੀਟਿੰਗਾਂ ਵਿੱਚ ਵਿਚਾਰਿਆ ਜਾਵੇ। ਨਿਰਦੇਸ਼ਕ ਖੇਤੀਬਾੜੀ ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਉਤਪਾਦਨ ਦੇ ਪੱਖ ਤੋਂ ਭਾਵੇਂ ਪੰਜਾਬ ਅੱਜ ਵੀ ਦੇਸ਼ ਵਿੱਚ ਸਿਖਰਲਾ ਸਥਾਨ ਰੱਖਦਾ ਹੈ ਪਰ ਕੇਂਦਰੀ ਪੂਲ ਵਿੱਚ ਯੋਗਦਾਨ ਪੱਖੋਂ ਅਸੀਂ ਹੇਠਾਂ ਖਿਸਕੇ ਹਾਂ। ਉਨਾਂ ਦੁਨੀਆਂ ਦੀ ਖੇਤੀ ਦੀਆਂ ਮਿਸਾਲਾਂ ਦੇ ਕੇ ਕਿਹਾ ਕਿ ਅੱਜ ਸਾਡਾ ਮੁਕਾਬਲਾ ਵਿਸ਼ਵ ਪੱਧਰੀ ਖੇਤੀ ਨਾਲ ਹੈ। ਇਸ ਲਈ ਨਵੀਂ ਤਕਨਾਲੋਜੀ, ਕਿਸਮਾਂ ਅਤੇ ਮਸ਼ੀਨਰੀ ਨੂੰ ਕਿਸਾਨੀ ਵਿਹਾਰ ਦਾ ਹਿੱਸਾ ਬਨਾਉਣਾ ਲਾਜ਼ਮੀ ਹੈ। ਡਾ. ਬਰਾੜ ਨੇ ਕੇਂਦਰ ਸਰਕਾਰ ਵੱਲੋਂ ਤੇਲਬੀਜਾਂ ਅਤੇ ਦਾਲਾਂ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਨੂੰ ਉਤਸ਼ਾਹਜਨਕ ਕਿਹਾ ਅਤੇ ਅਪੀਲ ਕੀਤੀ ਕਿ ਇਸ ਦਿਸ਼ਾ ਵਿੱਚ ਵਧੇਰੇ ਝਾੜ ਵਾਲੀਆਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਦੀ ਖੋਜ ਕਰਕੇ ਕਿਸਾਨਾਂ ਤੱਕ ਸੰਚਾਰਿਤ ਕੀਤਾ ਜਾਵੇ। ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਨੇ ਪੀਏਯੂ. ਵੱਲੋਂ ਪਿਛਲੇ ਛੇ ਮਹੀਨਿਆਂ ਵਿਚ ਸਿਫ਼ਾਰਸ਼ ਲਈ ਵਿਕਸਿਤ ਕੀਤੀਆਂ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਤਕਨੀਕਾਂ ਅਤੇ ਹੋਰ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਸਵਾਗਤ ਦੇ ਸ਼ਬਦ ਡਾ. ਮੱਖਣ ਸਿੰਘ ਭੁੱਲਰ ਨੇ ਕਹੇ। ਅੰਤ ਵਿੱਚ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਸਭ ਦਾ ਧੰਨਵਾਦ ਕੀਤਾ ਜਦ ਕਿ ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਵੱਲੋਂ ਕੀਤਾ ਗਿਆ। --