ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਕੌਮਾਂਤਰੀ ਮਾਤ- ਭਾਸ਼ਾ ਦਿਵਸ ਮਨਾਇਆ
Publish Date: Thu, 26 Feb 2026 06:07 PM (IST)
Updated Date: Thu, 26 Feb 2026 06:10 PM (IST)

ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਦਿਵਸ ਦੇ ਸਬੰਧ ਵਿਚ ਵਿਦਿਆਰਥੀਆਂ ਦਾ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਵੱਲੋਂ ਇਸ ਮੌਕੇ ਮਾਤ-ਭਾਸ਼ਾ ਦੀ ਮਹੱਤਤਾ ਨਾਲ ਸੰਬੰਧਿਤ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਸ਼ਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਨਾਲ ਜੋੜਨ ਦੀ ਗੱਲ ਕਰਦਿਆਂ ਕਿਹਾ ਕਿ ਬੱਚਾ ਆਪਣੀਆਂ ਭਾਵਨਾਵਾਂ ਨੂੰ ਜਿੰਨੇ ਵਧੀਆ ਢੰਗ ਨਾਲ, ਜਿੰਨੀ ਗਹਿਰਾਈ ਨਾਲ ਆਪਣੀ ਮਾਤ ਭਾਸ਼ਾ ਵਿਚ ਪੇਸ਼ ਕਰ ਸਕਦਾ ਹੈ ਉਨ੍ਹਾਂ ਕਿਸੇ ਵੀ ਦੂਜੀ ਸਿੱਖੀ ਹੋਈ ਭਾਸ਼ਾ ਵਿਚ ਨਹੀਂ ਕਰ ਸਕਦਾ। ਇੱਥੋਂ ਤਕ ਕਿ ਜੇ ਕੋਈ ਬੱਚਾ ਆਪਣੀ ਸਿੱਖਿਆ ਆਪਣੀ ਮਾਤ ਭਾਸ਼ਾ ਵਿਚ ਗ੍ਰਹਿਣ ਕਰਦਾ ਹੈ, ਤਾਂ ਉਸ ਦਾ ਮਾਨਸਿਕ ਵਿਕਾਸ ਉਨ੍ਹਾਂ ਬੱਚਿਆਂ ਦੀ ਤੁਲਨਾ ਵਿਚ ਜ਼ਿਆਦਾ ਤੇਜ਼ੀ ਨਾਲ ਹੁੰਦਾ ਹੈ ਜਿਹੜੇ ਕਿਸੇ ਦੂਜੀ ਭਾਸ਼ਾ ਵਿਚ ਸਿੱਖਿਆ ਗ੍ਰਹਿਣ ਕਰਦੇ ਹਨ। ਕਾਲਜ ਪ੍ਰਿੰਸੀਪਲ ਪ੍ਰੋਫੈਸਰ ਰਜਿੰਦਰ ਕੌਰ ਮਲਹੋਤਰਾ ਨੇ ਇਸ ਦਿਵਸ ਮੌਕੇ ਸੁਨੇਹਾ ਦਿੰਦਿਆਂ ਆਖਿਆ ਕਿ ਆਪਣੀ ਮਾਤ ਭਾਸ਼ਾ ਦਾ ਗਿਆਨ ਵਿਅਕਤੀ ਦੇ ਅੰਦਰ ਆਤਮ-ਵਿਸ਼ਵਾਸ ਦੀ ਭਾਵਨਾ ਅਤੇ ਜਾਗਰੂਕਤਾ ਪੈਦਾ ਕਰਦਾ ਹੈ । ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਦਿਵਸ ਮੌਕੇ ਕਾਲਜ ਵਿਚ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਹਨ, ਤਾਂ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਭਾਸ਼ਾਈ ਅਮੀਰੀ ਦੇ ਰੂਬਰੂ ਕਰਵਾਇਆ ਜਾ ਸਕੇ। ਅੰਗਰੇਜ਼ੀ ਵਿਭਾਗ ਦੇ ਮੁਖੀ ਡਾਕਟਰ ਸੁਸ਼ਮਿੰਦਰਜੀਤ ਕੌਰ, ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਸ਼ਰਨਜੀਤ ਕੌਰ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋਫੈਸਰ ਮਨਜੀਤ ਸਿੰਘ ਮਲਹੋਤਰਾ ਨੇ ਜਜਾਂ ਦੀ ਭੂਮਿਕਾ ਬਹੁਤ ਵਧੀਆ ਢੰਗ ਨਾਲ ਨਿਭਾਈ। ਇਸ ਮੌਕੇ ਹੋਰ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ। ਪ੍ਰੋਗਰਾਮ ਦਾ ਸੰਚਾਲਨ ਡਾ. ਤੇਜਿੰਦਰ ਕੌਰ ਨੇ ਬਾਖੂਬੀ ਨਿਭਾਇਆ।