ਐੱਮਐੱਸਐੱਮਈ ’ਚ ਦੋ ਦਿਨਾ ਪੀਐੱਮ ਵਿਸ਼ਵਕਰਮਾ ਪ੍ਰਦਰਸ਼ਨੀ ਸਹਿ-ਵਪਾਰ ਮੇਲਾ ਸਫਲਤਾਪੂਰਵਕ ਸੰਪੰਨ
ਅਹਿਮ ਖ਼ਬਰ-ਐਮਐਸਐਮਈ ਵਿਖੇ ਦੋ ਦਿਨਾਂ ਦਾ ਪੀਐਮ ਵਿਸ਼ਵਕਰਮਾ ਪ੍ਰਦਰਸ਼ਨੀ ਸਹਿ ਵਪਾਰ ਮੇਲਾ ਸਫਲਤਾਪੂਰਵਕ ਸੰਪੰਨ
Publish Date: Tue, 24 Feb 2026 05:48 PM (IST)
Updated Date: Tue, 24 Feb 2026 05:52 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਐੱਮਐੱਸਐੱਮਈ-ਵਿਕਾਸ ਤੇ ਸੁਵਿਧਾ ਦਫ਼ਤਰ (ਐੱਮਐੱਸਐੱਮਈ-ਡੀਐੱਫਓ) ਲੁਧਿਆਣਾ ਵੱਲੋਂ ਦੋ ਦਿਨਾਂ ਦਾ ਪੀਐਮ ਵਿਸ਼ਵਕਰਮਾ ਪ੍ਰਦਰਸ਼ਨੀ-ਸਹਿ-ਵਪਾਰ ਮੇਲਾ ਅੱਜ ਸਫਲਤਾਪੂਰਵਕ ਸੰਪੰਨ ਹੋਇਆ। ਇਸ ਪ੍ਰਦਰਸ਼ਨੀ ’ਚ ਲਗਭਗ 100 ਪੀਐੱਮ ਵਿਸ਼ਵਕਰਮਾ ਲਾਭਪਾਤਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਪਰੰਪਰਾਗਤ ਤੇ ਨਵੀਨਤਮ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ। ਲਗਭਗ 2,000 ਦਰਸ਼ਕਾਂ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਕਾਰੀਗਰਾਂ ਤੇ ਸ਼ਿਲਪਕਾਰਾਂ ਵੱਲੋਂ ਪ੍ਰਦਰਸ਼ਿਤ ਉਤਪਾਦਾਂ ਦੀ ਖਰੀਦਦਾਰੀ ਕੀਤੀ ਗਈ। ਭਾਗੀਦਾਰਾਂ ਨੇ ਲੋਕਾਂ ਵੱਲੋਂ ਮਿਲੇ ਭਰਪੂਰ ਸਹਿਯੋਗ ’ਤੇ ਖੁਸ਼ੀ ਜ਼ਾਹਰ ਕੀਤੀ ਅਤੇ ਆਪਣੇ ਉਤਪਾਦਾਂ ਦੀ ਸਿੱਧੀ ਮਾਰਕੀਟਿੰਗ ਦੇ ਮੌਕੇ ਦੀ ਸ਼ਲਾਘਾ ਕੀਤੀ। ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਸੰਸਥਾਵਾਂ, ਜਿਨ੍ਹਾਂ ਵਿੱਚ ਇੰਡੀਆ ਪੋਸਟ, ਸਿਡਬੀ, ਆਰਡੀਐਸਡੀਈ ਅਤੇ ਸੈਂਟ੍ਰਲ ਟੂਲ ਰੂਮ ਨੇ ਵੀ ਆਪਣੇ ਸਟਾਲ ਲਗਾ ਕੇ ਪੀਐਮ ਵਿਸ਼ਵਕਰਮਾ ਲਾਭਪਾਤਰੀਆਂ ਨੂੰ ਮਹੱਤਵਪੂਰਨ ਜਾਣਕਾਰੀ ਤੇ ਸਹਾਇਤਾ ਪ੍ਰਦਾਨ ਕੀਤੀ। ਇਹ ਮੇਲਾ ਦੀਪਕ ਚੇਚੀ ਸਹਾਇਕ ਨਿਰਦੇਸ਼ਕ ਤੇ ਨੋਡਲ ਅਧਿਕਾਰੀ ਐੱਮਐੱਸਐੱਮਈ-ਡੀਐੱਫਓ ਲੁਧਿਆਣਾ ਦੇ ਮਾਰਗਦਰਸ਼ਨ ਅਤੇ ਨਿਗਰਾਨੀ ਹੇਠ ਸਫਲਤਾਪੂਰਵਕ ਕਰਵਾਇਆ ਗਿਆ। ਇਹ ਪ੍ਰਦਰਸ਼ਨੀ ਸਥਾਨਕ ਕਾਰੀਗਰਾਂ ਨੂੰ ਉਤਸ਼ਾਹਿਤ ਕਰਨ ਅਤੇ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਉਦੇਸ਼ਾਂ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਈ। ਇਸ ਮੌਕੇ ਕ੍ਰਿਸ਼ਨ ਕੁਮਾਰ ਸਹਾਇਕ ਨਿਰਦੇਸ਼ਕ, ਅਨੁਪਮਾ ਰਾਣੀ ਸਹਾਇਕ ਨਿਰਦੇਸ਼ਕ, ਅਨਿਲ ਬਹਿਲ ਸਹਾਇਕ ਨਿਰਦੇਸ਼ਕ, ਪ੍ਰਤੀਕ ਕਟਾਰੀਆ ਸਹਾਇਕ ਨਿਰਦੇਸ਼ਕ ਤੇ ਐੱਮਐੱਸਐੱਮਈ-ਡੀਐਫਓ ਲੁਧਿਆਣਾ ਆਦਿ ਹਾਜ਼ਰ ਸਨ। ਸ਼ਾਮ ਦੇ ਸਮੇਂ ਸਾਰੇ ਪ੍ਰਦਰਸ਼ਕਾਂ ਨੂੰ ਪ੍ਰਮਾਣ-ਪੱਤਰ ਵੰਡੇ ਗਏ। ਬੈਂਕਿੰਗ ਤੇ ਸਮੀਖਿਆ ਮੀਟਿੰਗ ਸੈਸ਼ਨ ਕਰਵਾਇਆ ਦੂਜੇ ਦਿਨ ਪੰਜਾਬ ਤੇ ਚੰਡੀਗੜ੍ਹ ਦੇ ਲੀਡ ਡਿਸਟ੍ਰਿਕਟ ਮੈਨੇਜਰਾਂ (ਐੱਲਡੀਐੱਮ) ਨਾਲ ਐੱਮਐੱਸਐੱਮਈ-ਡੀਐੱਫਓ ਲੁਧਿਆਣਾ ਦੇ ਕਾਨਫਰੰਸ ਹਾਲ ’ਚ ਮੀਟਿੰਗ ਕੀਤੀ ਗਈ। ਕਈ ਐੱਲਡੀਐੱਮ ਵੀਡੀਓ ਕਾਨਫਰੰਸਿੰਗ (ਵੀਸੀ) ਰਾਹੀਂ ਵੀ ਸ਼ਾਮਲ ਹੋਏ। ਮੀਟਿੰਗ ਦੀ ਪ੍ਰਧਾਨਗੀ ਪੰਕਜ ਕੁਮਾਰ ਝਾਅ ਸੰਯੁਕਤ ਨਿਰਦੇਸ਼ਕ ਤੇ ਦਫ਼ਤਰ ਮੁਖੀ ਐੱਮਐੱਸਐੱਮਈ-ਡੀਐੱਫਓ ਲੁਧਿਆਣਾ ਵੱਲੋਂ ਕੀਤੀ ਗਈ। ਉਪ ਨਿਰਦੇਸ਼ਕ ਐੱਮਐੱਸਐੱਮਈ-ਡੀਐੱਫਓ ਲੁਧਿਆਣਾ ਇਸ਼ਿਤਾ ਥੰਮਨ ਨੇ ਬੈਂਕਾਂ ਵਿੱਚ ਬਕਾਇਆ ਪੀਐਮ ਵਿਸ਼ਵਕਰਮਾ ਕਰਜ਼ਾ ਮਾਮਲਿਆਂ ਸਬੰਧੀ ਐਲਡੀਐਮ ਨਾਲ ਵਿਚਾਰ-ਵਟਾਂਦਰਾ ਕੀਤਾ। ਲਾਭਪਾਤਰੀਆਂ ਲਈ ਵੱਧ ਤੋਂ ਵੱਧ ਕਰਜ਼ਾ ਮਨਜ਼ੂਰੀ ਅਤੇ ਸਮੇਂ-ਸਿਰ ਜਾਰੀ ਕਰਨ ਨੂੰ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਮਾਰਕੀਟਿੰਗ ਤੇ ਡਿਜੀਟਲ ਸਸ਼ਕਤੀਕਰਨ ਜਾਗਰੂਕਤਾ ਸੈਸ਼ਨ ਕਰਵਾਇਆ ਐੱਮਐੱਸਐੱਮਈ ਡੀਐੱਫਓ ਲੁਧਿਆਣਾ ਦੇ ਆਡੀਟੋਰੀਅਮ ’ਚ ਮਾਰਕੀਟਿੰਗ ਸਹਾਇਤਾ, ਬ੍ਰਾਂਡਿੰਗ, ਪੈਕੇਜਿੰਗ ਤੇ ਡਿਜੀਟਲ ਪਹੁੰਚ ਨੂੰ ਮਜ਼ਬੂਤ ਕਰਨ ਲਈ ਇੱਕ ਜਾਗਰੂਕਤਾ ਸੈਸ਼ਨ ਕੀਤਾ ਗਿਆ। ਸੈਸ਼ਨ ਦੌਰਾਨ ਦੀਪਕ ਚੇਚੀ ਸਹਾਇਕ ਨਿਰਦੇਸ਼ਕ ਨੇ ਸਾਰੇ ਮਹਿਮਾਨਾਂ, ਕਾਰੀਗਰਾਂ ਤੇ ਸ਼ਿਲਪਕਾਰਾਂ ਦਾ ਸਵਾਗਤ ਕੀਤਾ ਅਤੇ ਸਮਾਗਮ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਵਜ਼ੀਰ ਸਿੰਘ ਉਪ ਨਿਰਦੇਸ਼ਕ ਨੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤੇ ਸੂਖਮ, ਲਘੂ ਅਤੇ ਮੱਧਮ ਉਦਯਮ ਮੰਤਰਾਲੇ ਦੀਆਂ ਵੱਖ-ਵੱਖ ਯੋਜਨਾਵਾਂ ਪੀਐਮਈਜੀਪੀ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਗੁਰਦੀਪ ਸਿੰਘ ਲੀਡ ਜ਼ਿਲ੍ਹਾ ਮੈਨੇਜਰ ਲੁਧਿਆਣਾ ਨੇ ਐੱਮਐੱਸਐੱਮਈ-ਡੀਐੱਫਓ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਰਜ਼ਾ ਮਨਜ਼ੂਰੀ ’ਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਲਾਭਪਾਤਰੀਆਂ ਨੂੰ ਆਪਣਾ ਸਿੱਬਲ ਸਕੋਰ ਬਿਹਤਰ ਬਣਾਈ ਰੱਖਣ ਦੀ ਸਲਾਹ ਦਿੱਤੀ। ਗੰਗਾ ਰਾਮ ਨਿਰਦੇਸ਼ਕ ਤੇ ਮਾਰਕੀਟਿੰਗ ਮਾਹਿਰ ਲੁਧਿਆਣਾ ਨੇ ਮਾਰਕੀਟਿੰਗ ਰਣਨੀਤੀਆਂ ਤੇ ਆਨਲਾਈਨ ਵਿਕਰੀ ਮੰਚਾਂ ਬਾਰੇ ਵਿਸਥਾਰ ਨਾਲ ਪੇਸ਼ਕਾਰੀ ਦਿੱਤੀ ਅਤੇ ਭਾਗੀਦਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਸੁਮਨ ਪ੍ਰੀਤ ਕੌਰ ਐਗਜ਼ੀਕਿਊਟਿਵ ਅਫਸਰ ਇੰਡੀਆ ਪੋਸਟ ਪੇਮੈਂਟਸ ਬੈਂਕ ਲੁਧਿਆਣਾ ਨੇ ਈ-ਕਾਮਰਸ ਤੇ ਡਿਜੀਟਲ ਲੈਣ-ਦੇਣ ਸਬੰਧੀ ਜਾਣਕਾਰੀ ਦਿੱਤੀ ਅਤੇ ਬੈਂਕ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣੂ ਕਰਵਾਇਆ। ਪੰਕਜ ਕੁਮਾਰ ਝਾਅ ਸੰਯੁਕਤ ਨਿਰਦੇਸ਼ਕ ਤੇ ਦਫ਼ਤਰ ਮੁਖੀ ਨੇ ਕਾਰੀਗਰਾਂ ਨੂੰ ਪੀਐਮ ਵਿਸ਼ਵਕਰਮਾ ਯੋਜਨਾ ਤੇ ਹੋਰ ਸਰਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਅਤੇ ਪ੍ਰਦਰਸ਼ਨੀ ਦੀ ਮਿਆਦ ਵਧਾਉਣ ਸਬੰਧੀ ਮੁੱਖ ਦਫ਼ਤਰ ਨੂੰ ਪੱਤਰ ਲਿਖਣ ਦਾ ਭਰੋਸਾ ਦਿੱਤਾ।