ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਲੁਧਿਆਣਾ ਵਿਖੇ ਡੀਐੱਫਐੱਸਸੀ ਦਫ਼ਤਰਾਂ ਦਾ ਘਿਰਾਓ
ਅਹਿਮ ਖ਼ਬਰ-ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਲੁਧਿਆਣਾ ਵਿਖੇ ਡੀਐਫਐਸਸੀ ਦਫਤਰਾਂ ਦਾ ਘਿਰਾਓ
Publish Date: Wed, 15 Apr 2026 07:36 PM (IST)
Updated Date: Thu, 16 Apr 2026 04:07 AM (IST)

- 15 ਦਿਨ ਬੀਤਣ ਤੋਂ ਬਾਅਦ ਵੀ ਕਣਕ ਨਾ ਖਰੀਦਣ ਕਾਰਨ ਕਿਸਾਨ ਨਿਰਾਸ਼ - ਕਣਕ ਦੀ ਖ਼ਰੀਦ ਸੁਚੱਜੇ ਢੰਗ ਨਾਲ ਸ਼ਰੂ ਨਾ ਹੋਣ ’ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਫ਼ੋਟੋ ਨੰਬਰ-25 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਭਰ ਵਿੱਚ ਮੰਡੀਆਂ ’ਚ 15 ਦਿਨ ਬੀਤਣ ਤੋਂ ਬਾਅਦ ਵੀ ਸੁਚੱਜੇ ਢੰਗ ਨਾਲ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਾਰਨ ਅਤੇ ਸਰਕਾਰੀ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਤੋ ਹੱਥ ਪਿੱਛੇ ਖਿੱਚ ਕੇ ਹੜਤਾਲ ਉੱਪਰ ਚਲੇ ਜਾਣ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤ ਸਿੱਧੂਪੁਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਖੜੇ ਹੁੰਦੇ ਹੋਏ ਪੰਜਾਬ ਭਰ ਵਿੱਚ ਡੀਐਫਐਸਸੀ ਦੇ ਦਫਤਰਾਂ ਦਾ ਘਿਰਾਓ ਕੀਤਾ ਗਿਆ। ਇਸੇ ਤਹਿਤ ਜ਼ਿਲ੍ਹਾ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਦੀ ਅਗਵਾਈ ਵਿੱਚ ਲੁਧਿਆਣਾ ਵਿਖੇ ਡੀਐਫਐਸਸੀ ਦੇ ਦਫਤਰ ਦਾ ਘਿਰਾਓ ਕੀਤਾ ਗਿਆ।ਜਿਸ ਦੌਰਾਨ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਮੀਂਹ,ਹਨੇਰੀ,ਝੱਖੜ ਦੇ ਪਹਿਲਾਂ ਹੀ ਝੰਬੇ ਕਿਸਾਨਾਂ ਨੂੰ ਹੁਣ ਕਣਕ ਦਾ ਦਾਣਾ ਦਾਣਾ ਖ੍ਰੀਦਣ ਦਾ ਦਾਅਵਾ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਦੀ ਬੇਰੁਖੀ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹੋਏ 15 ਦਿਨਾਂ ਤੋਂ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਲਈ ਕਿਸਾਨ ਹਿਤੈਸ਼ੀ ਹੋਣ ਦਾ ਦਿਖਾਵਾ ਕਰਨ ਵਾਲੀਆਂ ਦੋਨੇ ਹੀ ਸਰਕਾਰਾਂ ਕਿਸਾਨੀ ਪ੍ਰਤੀ ਸੁਹਿਰਦਤਾ ਦਿਖਾਉਣ ਅਤੇ ਸਰਕਾਰ ਵੱਲੋ ਜੋ ਕੁਦਰਤੀ ਆਫਤ ਫੰਡ ਰੱਖਿਆ ਜਾਂਦਾ ਹੈ। ਉਸ ਨੂੰ ਰਿਲੀਜ ਕਰਦੇ ਹੋਏ ਕੁਦਰਤੀ ਆਫਤ ਨਾਲ ਨੁਕਸਾਨੀ ਗਈ ਫਸਲ ਦੇ ਨੁਕਸਾਨ ਦੀ ਭਰਪਾਈ ਕਰਕੇ ਕਿਸਾਨਾ ਦੀ ਕਣਕ ਦਾ ਦਾਣਾ ਦਾਣਾ ਖਰੀਦਿਆ ਜਾਵੇ ਅਤੇ ਜੇਕਰ ਕਿਸੇ ਵੀ ਮੰਡੀ ਵਿੱਚ ਕਿਸੇ ਵੀ ਵਪਾਰੀ ਜਾਂ ਸਰਕਾਰੀ ਏਜੰਸੀ ਵੱਲੋਂ ਕਿਸਾਨਾਂ ਤੋ ਕਾਟ ਮੰਗ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਉਸ ਨੂੰ ਬੀਕੇਯੂ ਸਿੱਧੂਪੁਰ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂ ਗੁਰਦੀਪ ਸਿੰਘ ਬਰਮਾ ਨੇ ਕਿਹਾ ਕਿ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਭਾਜਪਾ ਵੱਲੋਂ ਝੂਠੇ ਪ੍ਰਚਾਰ ਕੀਤੇ ਜਾ ਰਹੇ ਹਨ ਕਿ ਜੇਕਰ ਫਸਲਾਂ ਦਾ ਬੀਮਾ ਹੋਇਆ ਹੋਵੇ, ਤਾਂ ਕਿਸਾਨਾਂ ਨੂੰ ਮੁਆਵਜ਼ਾ ਮੰਗਣ ਦੀ ਜਰੂਰਤ ਨਹੀਂ ਪਵੇਗੀ। ਜਦੋਂ ਕਿ ਫਸਲੀ ਬੀਮੇ ਦੀ ਹਕੀਕਤ ਇਹ ਹੈ ਕਿ ਹਰਿਆਣੇ ਵਿੱਚ ਵੀ ਜਿੰਨਾ ਕਿਸਾਨਾਂ ਵੱਲੋਂ ਫਸਲਾਂ ਦੇ ਬੀਮੇ ਕਰਵਾਏ ਗਏ ਹਨ ਉਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਅਤੇ ਕਿਸਾਨਾਂ ਤੋਂ ਬੀਮੇ ਦੇ ਪੈਸੇ ਭਰਾ ਕੇ ਕੰਪਨੀਆਂ ਵੱਲੋਂ ਪੈਸੇ ਇਕੱਠੇ ਕਰਨ ਦਾ ਹੀ ਕੰਮ ਕੀਤਾ ਜਾ ਰਿਹਾ। ਕਿਉਂਕਿ ਬੀਮਾ ਕੰਪਨੀਆਂ ਵੱਲੋਂ ਫਸਲ ਦੀ ਕਟਾਈ ਤੋਂ ਕਰੀਬ 10 ਦਿਨ ਪਹਿਲਾਂ ਹੀ ਬੀਮਾ ਪਾਲਿਸੀ ਨੂੰ ਲਾਗੂ ਕੀਤਾ ਜਾਂਦਾ ਹੈ, ਤਾਂ ਜੋ ਫਸਲ ਦੀ ਕਟਾਈ ਤੋਂ ਪਹਿਲਾਂ ਜੇਕਰ ਕਿਸਾਨ ਦੀ ਫਸਲ ਦਾ ਕੋਈ ਨੁਕਸਾਨ ਹੋ ਜਾਵੇ। ਤਾਂ ਫਿਰ ਕੰਪਨੀ ਨੂੰ ਉਹ ਬੀਮੇ ਦੀ ਰਕਮ ਕਿਸਾਨ ਨੂੰ ਅਦਾ ਕਰਨੀ ਹੀ ਨਾਂ ਪਵੇ ਅਤੇ ਸਰਕਾਰਾਂ ਵੱਲੋ ਮੁਆਵਜ਼ਾ ਤੇ ਬੀਮਾ ਕੰਪਨੀਆਂ ਵੱਲੋਂ ਜੋ ਬੀਮੇ ਦਾ ਪੈਸਾ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਉਹ ਇੱਕ ਏਕੜ ਨੂੰ ਇਕਾਈ ਮੰਨਣ ਦੀ ਬਜਾਏ ਹਜ਼ਾਰਾਂ ਏਕੜ ਦੇ ਰਕਬੇ ਵਿੱਚ ਹੋਏ ਨੁਕਸਾਨ ਵਿੱਚੋਂ ਪਰਸੈਂਟੇਜ ਕੱਢ ਕੇ ਹੀ ਉਹ ਮੁਆਵਜ਼ਾ ਦਿੱਤਾ ਜਾਂਦਾ ਹੈ। ਬੱਗਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਕੀਤੇ ਜਾ ਰਹੇ ਆਪਣੇ ਮਤਰੇਈ ਮਾਂ ਵਾਲੇ ਸਲੂਕ ਨੂੰ ਛੱਡ ਕੇ ਜਿਵੇਂ ਰਾਜਸਥਾਨ ਵਿੱਚ ਕੇਂਦਰ ਸਰਕਾਰ ਵੱਲੋਂ ਤੁਰੰਤ ਖਰੀਦ ਦੇ ਮਾਪਦੰਡਾਂ ਵਿੱਚ ਢਿੱਲ ਦਿੱਤੀ ਗਈ ਹੈ, ਉਸੇ ਤਰ੍ਹਾਂ ਪੰਜਾਬ ਅੰਦਰ ਮੀਂਹ ਝਖੜ ਤੇ ਹਨੇਰੀ ਨਾਲ ਹੋਏ ਕਣਕਾਂ ਦੇ ਕੁਦਰਤੀ ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਖਰੀਦ ਦੇ ਮਾਪਦੰਡਾਂ ਵਿੱਚ ਛੋਟ ਦੇਵੇ ਅਤੇ ਤੁਰੰਤ ਖਰੀਦ ਏਜੰਸੀਆਂ ਨੂੰ ਖਰੀਦ ਸ਼ੁਰੂ ਕਰਨ ਦੇ ਹੁਕਮ ਜਾਰੀ ਕਰੇ, ਜੇਕਰ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਮਾਪ ਦੰਡਾਂ ਵਿੱਚ ਢਿੱਲ ਦੇਣ ਦੀ ਬਜਾਏ ਕਿਸਾਨਾਂ ਦੀ ਲੁੱਟ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਤਾਂ ਉਸ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਿੱਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਜਥੇਬੰਦੀ ਆਪਣੇ ਲੋਕਾਂ ਦੇ ਹੱਕਾਂ ਹਕੂਕਾਂ ਦੀ ਰੱਖਿਆ ਕਰਦੇ ਹੋਏ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਇਸ ਮੌਕੇ ਕਰਮਜੀਤ ਸਿੰਘ ਕੋਟ ਆਗਾਂ, ਗੁਰਿੰਦਰ ਸਿੰਘ ਜੁੜਾਹਾਂ, ਅਮਰੀਕ ਸਿੰਘ ਹਲਵਾਰਾ, ਗੁਰਪ੍ਰੀਤ ਸਿੰਘ ਛੰਦੜਾਂ, ਜੋਤੀ ਲੰਬੜਦਾਰ, ਜੱਗਾ ਥਰੀਕੇ, ਅਵਤਾਰ ਸਿੰਘ, ਅਜਮੇਰ ਸਿੰਘ, ਪਰਮਜੀਤ ਸਿੰਘ ਦਾਖਾ ਆਦਿ ਕਿਸਾਨ ਆਗੂ ਹਾਜ਼ਰ ਸਨ।