ਯੂਸੀਪੀਐੱਮਏ ਦੇ ਵਫ਼ਦ ਵੱਲੋਂ ਐਕਮਾ ਦੇ ਨਵੇਂ ਬਣੇ ਪ੍ਰਧਾਨ ਰਿਸ਼ੀ ਪਾਹਵਾ ਨਾਲ ਮੁਲਾਕਾਤ
ਅਹਿਮ ਖ਼ਬਰ-ਯੂਸੀਪੀਐਮਏ ਦੇ ਵਫ਼ਦ ਵੱਲੋਂ ਐਕਮਾ ਦੇ ਨਵੇਂ ਬਣੇ ਪ੍ਰਧਾਨ ਰਿਸ਼ੀ ਪਾਹਵਾ ਨਾਲ ਮੁਲਾਕਾਤ
Publish Date: Thu, 09 Apr 2026 05:59 PM (IST)
Updated Date: Thu, 09 Apr 2026 06:02 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਏਸ਼ੀਆ ਦੀ ਸਭ ਤੋਂ ਵੱਡੀ ਇੱਕ ਟਰੇਡ ਦੀ ਜਥੇਬੰਦੀ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਰਜ਼ ਐਸੋਸੀਏਸ਼ਨ (ਯੂਸੀਪੀਐਮਏ) ਦੇ ਪ੍ਰਧਾਨ ਹਰਸਿਮਰਜੀਤ ਸਿੰਘ, ਚੇਅਰਮੈਨ ਜਤਿੰਦਰ ਮਿੱਤਲ ਅਤੇ ਮੁੱਖ ਸਲਾਹਕਾਰ ਰਾਜਿੰਦਰ ਨਾਰੰਗ ਨੇ ਆਲ ਇੰਡੀਆ ਸਾਈਕਲ ਮੈਨੂੰਫ਼ੈਕਚਰਰਜ਼ ਐਸੋਸੀਏਸ਼ਨ (ਐਕਮਾ) ਦੇ ਨਵ ਨਿਯੁਕਤ ਪ੍ਰਧਾਨ ਤੇ ਏਵਲ ਸਾਈਕਲਜ਼ ਦੇ ਪ੍ਰਬੰਧਕ ਨਿਰਦੇਸ਼ਕ ਰਿਸ਼ੀ ਪਾਹਵਾ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਰਿਸ਼ੀ ਪਾਹਵਾ ਨੂੰ ਐਕਮਾ ਦੇ ਪ੍ਰਧਾਨ ਵਜੋਂ ਨਿਯੁਕਤੀ ਤੇ ਦਿਲੋਂ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੰਦਿਆਂ ਬੁੱਕਾ ਭੇਂਟ ਕੀਤਾ। ਵਫ਼ਦ ਨੇ ਇਸ ਸ਼ਾਨਦਾਰ ਪ੍ਰਾਪਤੀ ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਗਤੀਸ਼ੀਲ ਅਗਵਾਈ ਹੇਠ ਐਕਮਾ ਨਵੀਆਂ ਉਚਾਈਆਂ ਤੇ ਪਹੁੰਚੇਗਾ ਤੇ ਸਾਈਕਲ ਉਦਯੋਗ ਨੂੰ ਮਜ਼ਬੂਤ ਕਰਨਾ ਜਾਰੀ ਰੱਖੇਗਾ। ਵਫ਼ਦ ਨੇ ਰਿਸ਼ੀ ਪਾਹਵਾ ਨਾਲ ਸਾਈਕਲ ਉਦਯੋਗ ਨੂੰ ਦਰਪੇਸ਼ ਮੁਸ਼ਕਿਲਾਂ ਤੇ ਚੁਣੌਤੀਆਂ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਯੂਸੀਪੀਐਮਏ ਤੇ ਐਕਮਾ ਮਿਲ ਕੇ ਸਾਈਕਲ ਉਦਯੋਗ ਨੂੰ ਵਿਸ਼ਵ ਭਰ ਵਿੱਚ ਸਮੇਂ ਦਾ ਹਾਣੀ ਬਣਾਉਣ ਅਤੇ ਸਾਈਕਲ ਉਦਯੋਗ ਦੀ ਤਰੱਕੀ ਲਈ ਕੰਮ ਕਰਨਗੇ। ਪਾਹਵਾ ਨੇ ਕਿਹਾ ਕਿ ਸਾਈਕਲ ਉਦਯੋਗ ਨੂੰ ਅੱਜ ਵਿਸ਼ਵ ਪੱਧਰ ’ਤੇ ਜੋ ਚੁਣੌਤੀਆਂ ਮਿਲ ਰਹੀਆਂ ਹਨ, ਉਨ੍ਹਾਂ ਦਾ ਸਾਹਮਣਾ ਕਰਨ ਲਈ ਸਮੂਹਿਕ ਯਤਨ ਕਰਨਾ ਸਮੇਂ ਦੀ ਜ਼ਰੂਰਤ ਹੈ। ਪਾਹਵਾ ਨੇ ਕਿਹਾ ਕਿ ਸਾਈਕਲ ਉਦਯੋਗ ਦਾ ਭਵਿੱਖ ਬਹੁਤ ਹੀ ਸੁਨਹਿਰੀ ਹੈ ਅਤੇ ਭਾਰਤੀ ਸਾਈਕਲ ਤੇ ਸਾਈਕਲ ਕਲਪੁਰਜ਼ਿਆਂ ਦੀ ਅੰਤਰਰਾਸ਼ਟਰੀ ਬਜਾਰ ਵਿੱਚ ਪੁੱਛ ਜ਼ਰੂਰ ਵਧੇਗੀ। ਜਿਸ ਨਾਲ ਸਾਈਕਲ ਉਦਯੋਗ ਸਰਬਪੱਖੀ ਵਿਕਾਸ ਕਰੇਗਾ।