ਸਤਲੁਜ ਕਲੱਬ ਦੀ ਏਜੀਐੱਮ ’ਚ ਖਾਣਾ ਮਹਿੰਗਾ ਤੇ ਸ਼ਰਾਬ ਸਸਤੀ ਹੋਣ ਦਾ ਮੁੱਦਾ ਰਿਹਾ ਭਾਰੀ
ਅਹਿਮ ਖ਼ਬਰ-ਸਤਲੁਜ ਕਲੱਬ ਦੀ ਏਜੀਐਮ ਵਿੱਚ ਖਾਣਾ ਮਹਿੰਗਾ ਤੇ ਸ਼ਰਾਬ ਸਸਤੀ ਹੋਣ ਦਾ ਮੁੱਦਾ ਭਾਰੀ ਰਿਹਾ
Publish Date: Thu, 23 Apr 2026 07:58 PM (IST)
Updated Date: Fri, 24 Apr 2026 04:10 AM (IST)

ਕਲੱਬ ਦੇ ਵਿੱਤੀ ਘਾਟੇ ਨੂੰ ਦੂਰ ਕਰਨ ਲਈ 10 ਲੱਖ ਰੁਪਏ ਫ਼ੀਸ ਲੈ ਕੇ ਨਵੇਂ ਮੈਂਬਰ ਬਣਾਉਣ ਦਾ ਫ਼ੈਸਲਾ ਕਲੱਬ ਦੀ ਸਾਲਾਨਾ ਡੀਜ਼ਲ ਦੀ ਖਪਤ 4 ਲੱਖ ਰੁਪਏ ਤੋਂ ਵੱਧ ਕੇ 15 ਲੱਖ ਹੋਣ ’ਤੇ ਪਿਆ ਰੌਲਾ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਪ੍ਰਧਾਨਗੀ ਵਿੱਚ ਸਤਲੁਜ ਕਲੱਬ ਦੀ ਸਾਲਾਨਾ ਜਨਰਲ ਮੀਟਿੰਗ ਹੋਈ, ਜਿਸ ਵਿੱਚ ਕਲੱਬ ਦੇ ਮੈਂਬਰਾਂ ਲਈ ਖਾਣਾ ਮਹਿੰਗਾ ਹੋਣ ਤੇ ਸ਼ਰਾਬ ਬਾਕੀ ਕਲੱਬਾਂ ਦੇ ਮੁਕਾਬਲੇ ਸਸਤੀ ਹੋਣ ਦਾ ਮੁੱਦਾ ਭਾਰੂ ਰਿਹਾ। ਮੀਟਿੰਗ ’ਚ ਮੈਂਬਰਾਂ ਨੇ ਬਾਰ ਸੈਕਟਰੀ ਭੁਪਿੰਦਰ ਸਿੰਘ ਦੇਵ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਮੀਟਿੰਗ ’ਚ ਮੈਂਬਰਾਂ ਨੇ ਕਿਹਾ ਕਿ ਕਲੱਬ ਨੇ ਮੈਂਬਰਾਂ ਦੇ ਪੈਸਿਆਂ ਨਾਲ ਰੈਸਟੋਰੈਂਟ ਦੀ ਕਾਇਆ-ਕਲਪ ਕੀਤੀ ਹੈ, ਪਰ ਕਲੱਬ ਦਾ ਕੈਟਰਰ ਮੈਂਬਰਾਂ ਤੋਂ ਮਨਮਾਨੀ ਨਾਲ ਪੈਸੇ ਵਸੂਲ ਰਿਹਾ ਹੈ। ਹਰ ਖਾਣ-ਪੀਣ ਵਾਲੀ ਚੀਜ਼ ਦੇ ਭਾਅ 50 ਪ੍ਰਤੀਸ਼ਤ ਤੱਕ ਵਧਾਉਣ ਦਾ ਇਤਰਾਜ਼ ਮੈਂਬਰਾਂ ਨੇ ਮੈਸ ਸੈਕਟਰੀ ਸੁਬੋਧ ਬਾਤਿਸ਼ ਦੇ ਸਾਹਮਣੇ ਵੀ ਉਠਾਇਆ। ਏਜੀਐੱਮ ’ਚ ਜਨਰਲ ਸਕੱਤਰ ਡਾ. ਆਸ਼ੀਸ਼ ਆਹੂਜਾ, ਉਪ ਪ੍ਰਧਾਨ ਸੰਜੇ ਕਪੂਰ, ਵਿੱਤ ਸਕੱਤਰ ਕੇਪੀਐਸ ਵਾਲੀਆ, ਸੰਯੁਕਤ ਸਕੱਤਰ ਡਾ. ਸਿਮਰਨਪਾਲ ਬਿੰਦਰਾ, ਮੈਸ ਸਕੱਤਰ ਸੁਬੋਧ ਬਾਤਿਸ਼, ਬਾਰ ਸਕੱਤਰ ਭੁਪਿੰਦਰ ਸਿੰਘ ਦੇਵ, ਸੱਭਿਆਚਾਰਕ ਸਕੱਤਰ ਹਰਕੇਸ਼ ਮਿੱਤਲ, ਕਾਰਜਕਾਰਨੀ ਮੈਂਬਰ ਡਾ. ਸ਼ਿਵ ਗੁਪਤਾ ਅਤੇ ਲੇਡੀ ਕਾਰਜਕਾਰਨੀ ਮੈਂਬਰ ਟੀਨਾ ਬਾਂਸਲ ਮੌਜੂਦ ਸਨ। ਵਿੱਤ ਸਕੱਤਰ ਡਾ. ਵਾਲੀਆ ਨੇ ਮੈਂਬਰਾਂ ਨੂੰ ਕਲੱਬ ਦੀ ਬੈਲੇਂਸ ਸ਼ੀਟ ਪੇਸ਼ ਕੀਤੀ। ਜਿਸ ਵਿੱਚ ਸਾਹਮਣੇ ਆਇਆ ਕਿ ਚੱਲ ਰਹੇ ਨਵੀਨੀਕਰਨ ਕਾਰਜਾਂ ਕਾਰਨ ਇਸ ਸਾਲ ਘਾਟੇ ਵਿੱਚ ਕਾਫ਼ੀ ਵਾਧਾ ਹੋਇਆ ਹੈ। ਹਾਲਾਂਕਿ ਕਲੱਬ ਦੇ ਸੁਧਰੇ ਹੋਏ ਬੁਨਿਆਦੀ ਢਾਂਚੇ ਦੇ ਨਾਲ ਮੈਂਬਰਾਂ ਦੀ ਗਿਣਤੀ ਵਧੇਗੀ, ਜਿਸ ਨਾਲ ਆਉਣ ਵਾਲੇ ਸਾਲਾਂ ਵਿੱਚ ਮਾਲੀਆ ਵਧੇਗਾ। ਏਜੀਐੱਮ ’ਚ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਨੂੰ ਸਾਲਾਨਾ ਗਾਹਕੀ ਫੀਸ ਤੋਂ ਰਾਹਤ ਦੇਣ ਦਾ ਮੁੱਦਾ ਵੀ ਉਠਾਇਆ ਗਿਆ। ਕਲੱਬ ਵਿੱਚ ਪਾਰਕਿੰਗ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਇੱਕ ਬਹੁ-ਮੰਜ਼ਿਲਾ ਪਾਰਕਿੰਗ ਬਣਾਉਣ ਦਾ ਸਪੱਸ਼ਟ ਸੁਝਾਅ ਦਿੱਤਾ ਗਿਆ। ਮੀਟਿੰਗ ਦੌਰਾਨ ਕਲੱਬ ਦੇ ਫਿਕਸਡ ਡਿਪਾਜ਼ਿਟ ਤੇ ਘੱਟ ਵਿਆਜ ਦਰਾਂ ਦਾ ਮੁੱਦਾ ਵੀ ਉਠਾਇਆ ਗਿਆ। ਇਸ ਮੀਟਿੰਗ ਵਿੱਚ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਜਿਸ ਵਿੱਚ ਕਲੱਬ ਦੀ ਮੈਂਬਰਸ਼ਿਪ ਸਮਰੱਥਾ ਵਧਾ ਕੇ 3,500 ਕਰ ਦਿੱਤੀ ਗਈ ਹੈ। ਕਲੱਬ ਮੈਂਬਰਾਂ ਦੇ ਬੱਚਿਆਂ ਨੂੰ ਘੱਟ ਦਰ ’ਤੇ ਨਵੀਂ ਮੈਂਬਰਸ਼ਿਪ ਪ੍ਰਾਪਤ ਕਰਨ ਦੀ ਆਗਿਆ ਦੇਣ ਲਈ ਕੁੱਝ ਦਿਨਾਂ ਲਈ ਫੀਸ ਨੂੰ ਅਸਥਾਈ ਤੌਰ ’ਤੇ ਘਟਾ ਕੇ 2 ਲੱਖ ਕਰ ਦਿੱਤਾ ਗਿਆ ਹੈ। ਨਵੇਂ ਮੈਂਬਰਾਂ ਨੂੰ ਹੁਣ ਕਲੱਬ ਮੈਂਬਰ ਬਣਨ ਲਈ 10 ਲੱਖ ਰੁਪਏ ਖਰਚ ਕਰਨੇ ਪੈਣਗੇ ਅਤੇ ਟ੍ਰਾਂਸਫਰ ਫੀਸ ਵੀ 4 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ। ਸਾਬਕਾ ਜਨਰਲ ਸਕੱਤਰ ਜੀਐਸ ਕੈਰੋ ਨੇ ਕਲੱਬ ਦੇ ਵਧਦੇ ਖਰਚਿਆਂ ਬਾਰੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵਾਧੂ ਬਿਜਲੀ ਹੋਣ ਦਾ ਦਾਅਵਾ ਕਰਦੀ ਹੈ, ਉੱਥੇ ਕਲੱਬ ਦੀ ਸਾਲਾਨਾ ਡੀਜ਼ਲ ਦੀ ਖਪਤ 4 ਲੱਖ ਰੁਪਏ ਤੋਂ ਵੱਧ ਕੇ 15 ਲੱਖ ਹੋ ਗਈ ਹੈ। ਮੈਂਬਰਾਂ ਵੱਲੋਂ ਕਲੱਬ ਦੇ ਅਹਾਤੇ ’ਚ ਅਪਸ਼ਬਦ ਵਰਤਣ ਦਾ ਮੁੱਦਾ ਵੀ ਉਠਾਇਆ ਗਿਆ। ਪ੍ਰਧਾਨ ਜੈਨ ਨੇ ਕਿਹਾ ਕਿ ਇਹ ਮੁੱਦਾ ਬਹੁਤ ਗੰਭੀਰ ਹੈ ਅਤੇ ਇਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਜੇਕਰ ਭਵਿੱਖ ’ਚ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਕਤ ਮੈਂਬਰ ਨੂੰ ਜਾਂਚ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਜਾਵੇਗਾ।