- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਟਾ ਸਟੀਲ ਪਲਾਂਟ ਦਾ 20 ਮਾਰਚ ਨੂੰ ਹੋਵੇਗਾ ਉਦਘਾਟਨ

-3200 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪਲਾਂਟ ’ਚ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ
-ਟਾਟਾ ਦਾ ਸਕ੍ਰੈਪ ਆਧਾਰਤ ਸਟੀਲ ਪਲਾਂਟ ਵਾਤਾਵਰਣ ਲਈ ਹੋਵੇਗਾ ਅਨੁਕੂਲ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਭਾਰਤ ਦੀ ਉਦਯੋਗਿਕ ਖੇਤਰ ਦੀ ਨਾਮਵਰ ਕੰਪਨੀ ਟਾਟਾ ਗਰੁੱਪ ਵੱਲੋਂ ਵਿਆਪਕ ਨਿਵੇਸ਼ ਕਰਨ ਨਾਲ ਸੂਬੇ ਵਿੱਚ ਸਨਅਤੀ ਵਿਕਾਸ ਤੇ ਤਰੱਕੀ ਦੇ ਨਵੇਂ ਯੁੱਗ ਦਾ ਆਗਾਜ਼ ਹੋਇਆ ਹੈ। ਟਾਟਾ ਗਰੁੱਪ ਵੱਲੋਂ ਹਾਈ-ਟੈੱਕ ਵੈਲੀ ਧਨਾਨਸੂ ਦੇ ਨਜ਼ਦੀਕ 3200 ਕਰੋੜ ਰੁਪਏ ਦੀ ਲਾਗਤ ਨਾਲ 115 ਏਕੜ ਵਿੱਚ ਜਮਸ਼ੇਦਪੁਰ ਤੋਂ ਬਾਅਦ ਭਾਰਤ ਦਾ ਦੂਸਰਾ ਸਭ ਤੋਂ ਵੱਡਾ ਗਰੀਨ ਸਟੀਲ ਪਲਾਂਟ ਲਗਾਇਆ ਗਿਆ ਹੈ। ਟਾਟਾ ਕੰਪਨੀ ਵੱਲੋਂ ਲਗਾਏ ਗਏ ਪਲਾਂਟ ਵਿੱਚ ਸਿੱਧੇ ਤੌਰ ’ਤੇ 4 ਹਜ਼ਾਰ ਨੌਜਵਾਨਾਂ ਰੁ਼ਜ਼ਗਾਰ ਮਿਲੇਗਾ, ਇਸ ਤੋਂ ਇਲਾਵਾ ਅਸਿੱਧੇ ਰੂਪ ’ਚ ਟਰਾਂਸਪੋਰਟਰਾਂ, ਦੁਕਾਨਦਾਰਾਂ, ਕਿਰਾਏ ’ਤੇ ਮਕਾਨ ਦੇਣ ਵਾਲਿਆਂ ਸਮੇਤ ਹੋਰ ਹਜ਼ਾਰਾਂ ਲੋਕਾਂ ਨੂੰ ਰੁਜ਼ਾਰਗ ਮਿਲੇਗਾ। ਇਸ ਪਲਾਂਟ ਦੇ ਲੱਗਣ ਨਾਲ ਪੰਜਾਬ ਖਾਸਕਰ ਲੁਧਿਆਣਾ ਤੇ ਹਲਕਾ ਸਾਹਨੇਵਾਲ ਦਾ ਸਰਬਪੱਖੀ ਵਿਕਾਸ ਹੋਵੇਗਾ।
ਜਾਣਕਾਰੀ ਅਨੁਸਾਰ ਇਹ ਹੈ ਕਿ ਇਹ ਸਟੀਲ ਪਲਾਂਟ ਵਾਤਾਵਰਣ ਲਈ ਅਨੁਕੂਲ ਹੋਵੇਗਾ, ਕਿਉਂਕਿ ਇਸ ਤੋਂ ਕਾਰਬਨ ਡਾਈਆਕਸਾਈਡ (ਸੀਓ2) ਦਾ ਨਿਕਾਸ ਦੂਜੇ ਸਟੀਲ ਪਲਾਂਟਾਂ ਦੇ ਮੁਕਾਬਲੇ ਬਹੁਤ ਘੱਟ ਹੋਵੇਗਾ। “ਕਿਉਂਕਿ ਇਹ ਸਟੀਲ ਪਲਾਂਟ ਪੂਰੀ ਤਰ੍ਹਾਂ ਸਕ੍ਰੈਪ ਅਧਾਰਤ ਹੋਵੇਗਾ, ਇਹ ਵਾਤਾਵਰਣ ਲਈ ਅਨੁਕੂਲ ਪਲਾਂਟ ਹੋਵੇਗਾ, ਕਿਉਂਕਿ ਉਤਪਾਦਨ ਲਈ ਸਿਰਫ ਸਕ੍ਰੈਪ ਦੀ ਵਰਤੋਂ ਕਾਰਨ, ਪਲਾਂਟ ਤੋਂ ਸੀਓ2 ਦਾ ਨਿਕਾਸ ਆਮ ਸਟੀਲ ਪਲਾਂਟਾਂ ਦੇ ਮੁਕਾਬਲੇ ਬਹੁਤ ਘੱਟ ਹੋਵੇਗਾ। ਇੱਥੇ ਪੈਦਾ ਹੋਣ ਵਾਲੇ ਪ੍ਰਮੁੱਖ ਉਤਪਾਦਾਂ ਵਿੱਚ ਟਿਸਕੋਨ ਬਾਰ ਸ਼ਾਮਲ ਹੋਣਗੇ, ਜੋ ਓਵਰਬ੍ਰਿਜ, ਘਰਾਂ ਤੇ ਹੋਰ ਬੁਨਿਆਦੀ ਢਾਂਚੇ ਆਦਿ ਦੇ ਨਿਰਮਾਣ ਵਿੱਚ ਵਰਤੇ ਜਾਂਦੇ ਹਨ।
ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਇੱਕ ਵਾਰ ਜਦੋਂ ਇਹ ਪਲਾਂਟ ਚਾਲੂ ਹੋ ਜਾਂਦਾ ਹੈ ਤਾਂ ਇਹ ਉੱਤਰੀ ਰਾਜਾਂ ਖਾਸ ਤੌਰ 'ਤੇ ਪੰਜਾਬ ਦੇ ਗਾਹਕਾਂ ਨੂੰ ਕੀਮਤ ਦਾ ਵੱਡਾ ਲਾਭ ਦੇਵੇਗਾ। ਕਿਉਂਕਿ ਇਨ੍ਹਾਂ ਉਤਪਾਦਾਂ ਨੂੰ ਨਿਰਮਾਣ ਕੇਂਦਰਾਂ ਤੋਂ ਰਾਜ ਦੀਆਂ ਮੰਡੀਆਂ ਤੱਕ ਪਹੁੰਚਾਉਣ ਲਈ ਮੌਜੂਦਾ ਸਮੇਂ ਵਿੱਚ ਹੋਣ ਵਾਲੀ ਲੌਜਿਸਟਿਕਸ ਲਾਗਤ ਵਿੱਚ ਭਾਰੀ ਕਮੀ ਆਵੇਗੀ। ਜਮਸ਼ੇਦਪੁਰ ਵਾਂਗ ਇਹ ਸਕਰੈਪ ਡੀਲਰਾਂ ਖਾਸ ਤੌਰ 'ਤੇ ਲੁਧਿਆਣਾ ਸਥਿਤ ਦਰਾਮਦਕਾਰਾਂ ਲਈ ਨਵੇਂ ਮੌਕੇ ਖੋਲ੍ਹੇਗਾ ਅਤੇ ਸਕਰੈਪ ਪੈਦਾ ਕਰਨ ਵਾਲੇ ਕਾਰਖ਼ਾਨਿਆਂ ਨੂੰ ਵੀ ਫਾਇਦਾ ਹੋਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪ ਐਲਾਨ ਕੀਤਾ ਹੈ ਕਿ ਟਾਟਾ ਦੇ ਸਟੀਲ ਪਲਾਂਟ ਦਾ ਉਹ ਆਪ 20 ਮਾਰਚ ਨੂੰ ਉਦਘਾਟਨ ਕਰਨ ਲਈ ਆ ਰਹੇ ਹਨ। ਟਾਟਾ ਸਟੀਲ ਪਲਾਂਟ ਦੇ ਉਦਘਾਟਨੀ ਸਮਾਰੋਹ ਨੂੰ ਲੈ ਕੇ ਜਿੱਥੇ ਟਾਟਾ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਤਿਆਰੀਆਂ ਵਿੱਢੀਆਂ ਜਾ ਰਹੀਆਂ ਹਨ, ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਦਘਾਟਨ ਸਮਾਰੋਹ ਵਿੱਚ ਉਦਯੋਗ ਤੇ ਵਣਜ ਮੰਤਰੀ ਸੰਜੀਵ ਅਰੋੜਾ ਅਤੇ ਮਾਲ ਮੰਤਰੀ ਹਰਦੀਪ ਸਿੰਘ ਮੂੁੰਡੀਆਂ ਵੀ ਵਿਸ਼ੇਸ਼ ਤੌਰ ’ਤੇ ਸਮਾਗਮ ’ਚ ਹਾਜ਼ਰ ਰਹਿਣਗੇ।