ਮਾਊਂਟ ਐਵਰੈਸਟ ਸਰ ਕਰਨ ਵਾਲੀ ਡਾ. ਰੁਪਿੰਦਰ ਕੌਰ ਦਾ ਸਨਮਾਨ
ਅਹਿਮ ਖ਼ਬਰ-ਪੋਲੀਓ ਦੇ ਬਾਵਜੂਦ ਵੀਲ੍ਹ ਚੇਅਰ ਦੇ ਸਹਾਰੇ ਮਾਊਂਟ ਐਵਰੈਸਟ ਸਰ ਕਰਨ ਵਾਲੀ ਡਾ. ਰੁਪਿੰਦਰ ਕੌਰ ਦਾ ਵਿਸ਼ੇਸ਼ ਸਨਮਾਨ
Publish Date: Fri, 05 Jun 2026 07:32 PM (IST)
Updated Date: Sat, 06 Jun 2026 04:08 AM (IST)

ਪੋਲੀਓ ਦੇ ਬਾਵਜੂਦ ਵੀਲ੍ਹ ਚੇਅਰ ਦੇ ਸਹਾਰੇ ਮਾਊਂਟ ਐਵਰੈਸਟ ਕੀਤਾ ਸਰ ਵੜਿੰਗ, ਬੈਂਸ ਤੇ ਤਲਵਾੜ ਨੇ ਡਾ. ਰੁਪਿੰਦਰ ਕੌਰ ਦੇ ਬੇਮਿਸਾਲ ਹੌਸਲੇ ਦੀ ਕੀਤੀ ਭਰਪੂਰ ਸ਼ਲਾਘਾ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਲੁਧਿਆਣਾ ਦੀ ਰਹਿਣ ਵਾਲੀ ਬਹਾਦਰ ਧੀ ਡਾ. ਰੁਪਿੰਦਰ ਕੌਰ ਨੇ ਪੋਲੀਓ ਗ੍ਰਸਤ ਹੋਣ ਅਤੇ ਵ੍ਹੀਲਚੇਅਰ ’ਤੇ ਹੋਣ ਦੇ ਬਾਵਜੂਦ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਤੇ ਫਤਹਿ ਹਾਸਲ ਕਰ ਕੇ ਪੂਰੇ ਵਿਸ਼ਵ ਵਿੱਚ ਪੰਜਾਬ ਅਤੇ ਆਪਣੇ ਸ਼ਹਿਰ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ ਹੈ। ਡਾ. ਰੁਪਿੰਦਰ ਕੌਰ ਦੇ ਇਸ ਇਤਿਹਾਸਕ ਅਤੇ ਦਲੇਰਾਨਾ ਕਾਰਨਾਮੇ ਦੀ ਹੌਸਲਾ ਅਫਜ਼ਾਈ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦੇ ਪ੍ਰਧਾਨ ਸੰਜੇ ਤਲਵਾੜ ਵਿਸ਼ੇਸ਼ ਤੌਰ ਤੇ ਲੁਧਿਆਣਾ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਮੁਲਾਕਾਤ ਦੌਰਾਨ ਸਮੂਹ ਆਗੂਆਂ ਨੇ ਡਾ. ਰੁਪਿੰਦਰ ਕੌਰ ਨਾਲ ਉਨ੍ਹਾਂ ਦੇ ਇਸ ਮੁਸ਼ਕਿਲ ਭਰੇ ਪਰ ਪ੍ਰੇਰਨਾਦਾਇਕ ਸਫ਼ਰ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ।ਗੱਲਬਾਤ ਕਰਦਿਆਂ ਵੜਿੰਗ ਅਤੇ ਤਲਵਾੜ ਨੇ ਸਾਂਝੇ ਤੌਰ ਤੇ ਕਿਹਾ ਕਿ ਡਾ. ਰੁਪਿੰਦਰ ਕੌਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਰੀਰਕ ਚੁਣੌਤੀਆਂ ਕਦੇ ਵੀ ਉੱਚੀਆਂ ਉਡਾਣਾਂ ਨੂੰ ਨਹੀਂ ਰੋਕ ਸਕਦੀਆਂ। ਉਨ੍ਹਾਂ ਕਿਹਾ ਸਾਡੇ ਲੁਧਿਆਣਾ ਸ਼ਹਿਰ ਦੀ ਇਹ ਧੀ ਪੂਰੇ ਸਮਾਜ, ਖਾਸ ਕਰਕੇ ਸਾਡੀਆਂ ਧੀਆਂ ਲਈ ਇੱਕ ਮਹਾਨ ਪ੍ਰੇਰਨਾ ਸਰੋਤ ਹੈ। ਵ੍ਹੀਲ ਚੇਅਰ ਤੇ ਹੁੰਦਿਆਂ ਐਵਰੈਸਟ ਵਰਗੀ ਦੁਰਗਮ ਚੋਟੀ ਨੂੰ ਸਰ ਕਰਨਾ ਕੋਈ ਆਮ ਗੱਲ ਨਹੀਂ ਹੈ, ਇਹ ਅਸਮਾਨੀ ਹੌਸਲੇ ਦੀ ਮਿਸਾਲ ਹੈ। ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਡਾ. ਰੁਪਿੰਦਰ ਕੌਰ ਦੇ ਇਸ ਮਿਸ਼ਨ ਅਤੇ ਅਗਲੇਰੀਆਂ ਕੋਸ਼ਿਸ਼ਾਂ ਵਿੱਚ ਹਰ ਸੰਭਵ ਸਹਿਯੋਗ ਦੇਣਗੇ। ਬੈਂਸ ਨੇ ਵੀ ਡਾ. ਰੁਪਿੰਦਰ ਕੌਰ ਦੇ ਇਸ ਕਾਰਨਾਮੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬੀਆਂ ਦੇ ਖੂਨ ਵਿੱਚ ਹੀ ਅਣਖ ਅਤੇ ਜਿੱਤਣ ਦਾ ਜਜ਼ਬਾ ਹੁੰਦਾ ਹੈ। ਡਾ. ਰੁਪਿੰਦਰ ਨੇ ਅੱਜ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਦ੍ਰਿੜ ਇਰਾਦੇ ਦੇ ਸਾਹਮਣੇ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਵੀ ਝੁਕ ਜਾਂਦੇ ਹਨ। ਲੁਧਿਆਣੇ ਦੀ ਇਸ ਧੀ ਤੇ ਪੂਰੇ ਪੰਜਾਬ ਨੂੰ ਮਾਣ ਹੈ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਦੇ ਹੌਸਲੇ ਨੂੰ ਹੋਰ ਬੁਲੰਦ ਕਰੀਏ। ਇਸ ਮੌਕੇ ਮੌਜੂਦ ਪਤਵੰਤਿਆਂ ਨੇ ਡਾ. ਰੁਪਿੰਦਰ ਕੌਰ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਡਾ. ਰੁਪਿੰਦਰ ਕੌਰ ਨੇ ਵੀ ਸਾਰੇ ਸਿਆਸੀ ਅਤੇ ਸਮਾਜਿਕ ਆਗੂਆਂ ਦਾ ਉਨ੍ਹਾਂ ਦੇ ਘਰ ਪਹੁੰਚ ਕੇ ਹੌਸਲਾ ਵਧਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੀ ਹੌਸਲਾ ਅਫ਼ਜ਼ਾਈ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵੱਡੇ ਟੀਚੇ ਸਰ ਕਰਨ ਦੀ ਊਰਜਾ ਦਿੰਦੀ ਹੈ। ਇਸ ਮੌਕੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਆਦਿ ਹਾਜ਼ਰ ਸਨ।