- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਸਥਾਨਕ ਸਰਕਾਰਾਂ ਮੰਤਰੀ ਅਰੋੜਾ ਦੇ ਹਲਕੇ ’ਚ ਟੁੱਟੀਆਂ ਸੜਕਾਂ ਤੇ ਕੂੜਾ ਸੰਕਟ ਤੋਂ ਲੋਕ ਪ੍ਰੇਸ਼ਾਨ

- ਦੀਵਾਨ ਦੀ ਅਗਵਾਈ ’ਚ ਸਮੱਸਿਆਵਾਂ ਦੇ ਨਿਪਟਾਰੇ ਲਈ ਨਿਗਮ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਸੌਂਪਿਆ
ਫ਼ੋਟੋ ਨੰਬਰ-1
ਪੁਨੀਤ ਬਾਵਾ, ਪੰਜਾਬੀ ਜਾਗਰਣ
ਲੁਧਿਆਣਾ : ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਹਲਕਾ ਲੁਧਿਆਣਾ ਪੱਛਮੀ ਦੇ ਲੋਕ ਟੁੱਟੀਆਂ ਸੜਕਾਂ ਤੇ ਕੂੜਾ ਸੰਕਟ ਤੋਂ ਇਲਾਵਾ ਹੋਰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਪਰ ਉਨ੍ਹਾਂ ਦੀ ਸਾਰ ਲੈਣ ਦਾ ਮੰਤਰੀ ਸਾਹਿਬ ਕੋਲ ਸਮਾਂ ਨਹੀਂ ਹੈ। ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਹਲਕੇ ਦੇ ਵੱਖ-ਵੱਖ ਵਾਰਡਾਂ ਤੋਂ ਕਾਂਗਰਸ ਦੇ ਕਈ ਆਗੂਆਂ ਨਾਲ ਮਿਲ ਕੇ ਨਗਰ ਨਿਗਮ ਕਮਿਸ਼ਨਰ ਲੁਧਿਆਣਾ ਡਾ. ਨੀਰੂ ਕਤਿਆਲ ਗੁਪਤਾ ਨੂੰ ਇਕ ਮੰਗ ਪੱਤਰ ਸੌਂਪਿਆ। ਮੰਗ ਪੱਤਰ ’ਚ ਹਲਕਾ ਲੁਧਿਆਣਾ ਪੱਛਮੀ ਵਿੱਚ ਗੰਭੀਰ ਨਾਗਰਿਕ ਸੁਵਿਧਾਵਾਂ ਦੀ ਅਣਦੇਖੀ ਨੂੰ ਉਜਾਗਰ ਕੀਤਾ ਗਿਆ ਸੀ, ਜਿੱਥੇ ਨਿਵਾਸੀ ਟੁੱਟੀਆਂ ਸੜਕਾਂ, ਅਣਨਿਯਮਿਤ ਪਾਣੀ ਸਪਲਾਈ, ਓਵਰਫਲੋਅ ਹੋ ਰਹੇ ਸੀਵਰੇਜ, ਖਰਾਬ ਸਟ੍ਰੀਟ ਲਾਈਟਾਂ, ਉਜੜੇ ਪਾਰਕਾਂ, ਨਾ ਉਠਾਇਆ ਗਿਆ ਕੂੜਾ ਅਤੇ ਸਫਾਈ ਦੀ ਭਾਰੀ ਕਮੀ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਮੰਗ ਪੱਤਰ ਸੌਂਪਣ ਤੋਂ ਬਾਅਦ ਦੀਵਾਨ ਨੇ ਹੈਰਾਨੀ ਜਤਾਈ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਹੀ ਨੁਮਾਇੰਦਗੀ ਕਰਨ ਵਾਲੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਆਪਣੇ ਹਲਕੇ ਦੇ ਵਸਨੀਕਾਂ ਨੂੰ ਬੁਨਿਆਦੀ ਨਾਗਰਿਕ ਸੁਵਿਧਾਵਾਂ ਦੀ ਕਮੀ ਕਾਰਨ ਇੰਨੀ ਮੁਸ਼ਕਲਾਂ ਝੱਲਣ ਲਈ ਛੱਡ ਦਿੱਤਾ ਹੈ। ਮੰਤਰੀ ‘ਤੇ ਤੰਜ ਕੱਸਦਿਆਂ ਦੀਵਾਨ ਨੇ ਕਿਹਾ ਕਿ ਜੇ ਮੰਤਰੀ ਆਪਣੇ ਹੀ ਹਲਕੇ ਨੂੰ ਠੀਕ ਨਹੀਂ ਕਰ ਸਕਦੇ, ਤਾਂ ਪੰਜਾਬ ਦੇ ਬਾਕੀ 116 ਵਿਧਾਨ ਸਭਾ ਹਲਕਿਆਂ ਦੇ ਹਾਲਾਤਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਮੰਗ ਪੱਤਰ ਦੇ ਵੇਰਵੇ ਦਿੰਦਿਆਂ ਦੀਵਾਨ ਨੇ ਕਿਹਾ ਕਿ ਲੁਧਿਆਣਾ ਪੱਛਮੀ ਦੇ ਵਸਨੀਕ ਇੱਕ ਬੇਮਿਸਾਲ ਨਾਗਰਿਕ ਸੁਵਿਧਾਵਾਂ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ, ਜਿਹੜਾ ਹਰ ਬੁਨਿਆਦੀ ਸੁਵਿਧਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇੱਥੋਂ ਤੱਕ ਕਿ ਸੜਕਾਂ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਹਾਦਸੇ ਰੋਜ਼ਾਨਾ ਦੀ ਕੌੜੀ ਹਕੀਕਤ ਬਣ ਗਏ ਹਨ। ਕਈ ਸੜਕਾਂ ਦਾ ਤਾਂ ਨਿਸ਼ਾਨ ਵੀ ਮਿਟ ਗਿਆ ਹੈ, ਕਿਉਂਕਿ ਨਗਰ ਨਿਗਮ ਵੱਲੋਂ ਬੁਨਿਆਦੀ ਪੈਚਵਰਕ ਜਾਂ ਰੀ-ਕਾਰਪੇਟਿੰਗ ਵੀ ਨਹੀਂ ਕੀਤੀ ਗਈ। ਇਹ ਹਾਲਤ ਹੋਰ ਵੀ ਹੈਰਾਨੀਜਨਕ ਹੈ, ਕਿਉਂਕਿ ਇਸ ਹਲਕੇ ਵਿੱਚ ਕਈ ਸਿੱਖਿਆ ਸੰਸਥਾਵਾਂ ਤੇ ਹਸਪਤਾਲ ਮੌਜੂਦ ਹਨ। ਦੀਵਾਨ ਨੇ ਜ਼ੋਰ ਦਿੰਦਿਆਂ, ਕਿਹਾ ਕਿ ਮੰਗ ਪੱਤਰ ਵਿੱਚ ਇਹ ਸਾਰੀਆਂ ਸਮੱਸਿਆਵਾਂ ਵਿਸਥਾਰ ਨਾਲ ਦਰਜ ਕੀਤੀਆਂ ਗਈਆਂ ਹਨ ਤੇ ਨਿਗਮ ਕਮਿਸ਼ਨਰ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਤੁਰੰਤ ਲੁੜੀਂਦੇ ਕਦਮ ਚੁੱਕਣ ਦੀ ਮਜ਼ਬੂਤ ਅਪੀਲ ਕੀਤੀ ਗਈ ਹੈ। ਇਸ ਮੌਕੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਸ਼ੀਲ ਮਲਹੋਤਰਾ, ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਕਪੂਰ, ਬੀਐੱਮ ਕਾਲੀਆ, ਹਰਭਗਤ ਸਿੰਘ ਗਰੇਵਾਲ, ਰਜਨੀਸ਼ ਸਿੰਗਲਾ, ਬਾਲ ਕ੍ਰਿਸ਼ਨ ਸ਼ਰਮਾ ਤੇ ਨੀਰਜ ਬਿਰਲਾ ਵੀ ਮੌਜੂਦ ਰਹੇ।