ਹਲਵਾਰਾ ਹਵਾਈ ਅੱਡੇ ਤੋਂ ਅਗਲੇ ਹਫ਼ਤੇ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਦੀ ਹੋਵੇਗੀ ਸ਼ੁਰੂਆਤ
ਅਹਿਮ ਖ਼ਬਰ-ਹਲਵਾਰਾ ਹਵਾਈ ਅੱਡੇ ਤੋਂ ਅਗਲੇ ਹਫ਼ਤੇ ਦਿੱਲੀ ਲਈ ਆਨ ਲਾਈਨ ਟਿਕਟ ਬੁਕਿੰਗ ਦੀ ਹੋਵੇਗੀ ਸ਼ੁਰੂਵਾਤ
Publish Date: Fri, 20 Mar 2026 07:19 PM (IST)
Updated Date: Sat, 21 Mar 2026 04:11 AM (IST)

- ਟਾਟਾ ਸੰਨਜ਼ ਦੇ ਚੇਅਰਮੈਨ ਚੰਦਰਸ਼ੇਖਰਨ ਦੇ ਭਰੋਸਾ ਮਗਰੋਂ ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ ਫ਼ੋਟੋ ਨੰਬਰ-11 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਦੇ ਲੋਕਾਂ ਨੂੰ ਅੱਜ ਰਾਹਤ ਦੇਣ ਵਾਲਾ ਐਲਾਨ ਹੋਇਆ ਹੈ। ਜਿਸ ਤਹਿਤ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਤੋਂ ਪਹਿਲਾਂ ਅਗਲੇ ਹਫ਼ਤੇ ਆਨਲਾਈਨ ਟਿਕਟਾਂ ਦੀ ਬੁਕਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਹ ਐਲਾਨ ਪੰਜਾਬ ਸਰਕਾਰ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਟਾਟਾ ਸਟੀਲ ਦੇ ਪਹਿਲੇ ਹਰੇ ਉਤਪਾਦਨ ਪਲਾਂਟ ਦੇ ਉਦਘਾਟਨ ਸਮੇਂ ਆਪਣੇ ਸੰਬੋਧਨ ’ਚ ਕੀਤਾ। ਅਰੋੜਾ ਨੇ ਕਿਹਾ ਕਿ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਦੀਆਂ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਸਨ, ਪਰ ਦੇਸ਼ ਅੰਦਰ ਜਹਾਜ਼ਾਂ ਦੀ ਘਾਟ ਕਾਰਨ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਰਿਹਾ ਸੀ। ਇਸ ਮੁੱਦੇ ਨੂੰ ਹੱਲ ਕਰਨ ਲਈ ਉਨ੍ਹਾਂ ਟਾਟਾ ਸੰਨਜ਼ ਦੇ ਚੇਅਰਮੈਨ ਨਟਰਾਜਨ ਚੰਦਰਸ਼ੇਖਰਨ ਨਾਲ ਸੰਪਰਕ ਕੀਤਾ। ਉਦਯੋਗ ਮੰਤਰੀ ਨੇ ਕਿਹਾ ਕਿ ਉਨ੍ਹਾਂ ਇਕ ਸਰੋਤ ਰਾਹੀਂ ਚੰਦਰਸ਼ੇਖਰਨ ਦਾ ਸੰਪਰਕ ਨੰਬਰ ਪ੍ਰਾਪਤ ਕੀਤਾ ਤੇ ਚੰਦਰਸ਼ੇਖਰਨ ਨੂੰ ਵਟਸਐੱਪ ਰਾਹੀਂ ਉਡਾਣਾਂ ਮੁੜ ਸ਼ੁਰੂ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਟਾਟਾ ਸੰਨਜ਼ ਟੀਮ ਦੇ 30 ਮਿੰਟਾਂ ਅੰਦਰ ਤੁਰੰਤ ਜਵਾਬ ਅਤੇ ਮੁੱਦੇ ਨੂੰ ਹੱਲ ਕਰਨ ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ। ਟਾਟਾ ਸੰਨਜ਼ ਟੀਮ ਨੇ ਭਰੋਸਾ ਦਿੱਤਾ ਹੈ ਕਿ ਹਲਵਾਰਾ ਤੋਂ ਇਕ ਹਫ਼ਤੇ ਅੰਦਰ ਉਡਾਣਾਂ ਸ਼ੁਰੂ ਕਰਨ ਲਈ ਟਿਕਟਾਂ ਦੀ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਅਰੋੜਾ ਨੇ ਕਿਹਾ ਕਿ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ ਹੋਣ ਨਾਲ ਵਪਾਰ, ਉਦਯੋਗ ਤੇ ਨਿਵੇਸ਼ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਵਿਸ਼ੇਸ਼ ਤੌਰ ਤੇ ਚੰਦਰਸ਼ੇਖਰਨ ਨੂੰ ਅਪੀਲ ਕੀਤੀ ਕਿ ਉਹ ਭਵਿੱਖ ’ਚ ਹਲਵਾਰਾ ਤੋਂ ਅੰਤਰਰਾਸ਼ਟਰੀ ਉਡਾਣਾਂ ਦੀ ਮੁੜ ਸ਼ੁਰੂਆਤ ਨੂੰ ਯਕੀਨੀ ਬਣਾਉਣ। ਉਦਯੋਗ ਮੰਤਰੀ ਅਨੁਸਾਰ ਹਲਵਾਰਾ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਦੀ ਮੁੜ ਸ਼ੁਰੂਆਤ ਨਾ ਸਿਰਫ਼ ਪਰਵਾਸੀ ਭਾਰਤੀਆਂ ਨੂੰ ਸਹੂਲਤ ਪ੍ਰਦਾਨ ਕਰੇਗੀ, ਬਲਕਿ ਰਾਜ ਦੀ ਆਰਥਿਕਤਾ, ਸੈਰ-ਸਪਾਟਾ ਤੇ ਨਿਵੇਸ਼ ਦੇ ਮੌਕਿਆਂ ਨੂੰ ਵੀ ਹੁਲਾਰਾ ਦੇਵੇਗੀ।