ਅਕਾਲੀ ਦਲ ਦੀ ਸਰਕਾਰ ਬਣਦੇ ਸਾਰ ਸਾਹਨੇਵਾਲ ਦੀ ਹਰ ਪੱਖੋਂ ਨੁਹਾਰ ਬਦਲਾਂਗੇ : ਸੁਖਬੀਰ ਬਾਦਲ
ਅਹਿਮ ਖ਼ਬਰ-ਅਕਾਲੀ ਦਲ ਦੀ ਸਰਕਾਰ ਬਣਦੇ ਸਾਰ ਹਲਕਾ ਸਾਹਨੇਵਾਲ ਦੀ ਹਰ ਪੱਖੋਂ ਨੁਹਾਰ ਬਦਲਾਂਗੇ-ਸੁਖਬੀਰ ਬਾਦਲ
Publish Date: Sat, 14 Mar 2026 08:19 PM (IST)
Updated Date: Sun, 15 Mar 2026 04:16 AM (IST)

- ਸੁਖਬੀਰ ਨੇ ਹਲਕਾ ਸਾਾਹਨੇਵਾਲ ਦੀ ਰੈਲੀ ਨੂੰ ਨੰਬਰ ਇਕ ਆਖਦਿਆਂ ਢਿੱਲੋਂ ਤੇ ਸਿਮਰਨਜੀਤ ਦੀ ਕੀਤੀ ਤਰੀਫ਼ ਫ਼ੋਟੋ ਨੰਬਰ-19, 20 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਲਕਾ ਸਾਹਨੇਵਾਲ ਦੀ ਦਾਣਾ ਮੰਡੀ ਕੂੰਮ ਕਲਾਂ ਵਿਖੇ ਰੈਲੀ ’ਚ ਲੋਕਾਂ ਦੀ ਭਾਰੀ ਭੀੜ ਦੇਖ ਕੇ ਆਖਿਆ ਕਿ ਹੁਣ ਤੱਕ ਹੋਈਆਂ ਸਾਰੀਆਂ ਰੈਲੀਆਂ ਵਿਚੋਂ ਇਹ ਨੰਬਰ 1 ਰੈਲੀ ਹੈ। ਉਨ੍ਹਾਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੇ ਉਨ੍ਹਾਂ ਦੇ ਸਪੁੱਤਰ ਸਿਮਰਨਜੀਤ ਸਿੰਘ ਢਿੱਲੋਂ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਇਕ ਵਾਰ ਸਾਰਿਆਂ ਨੂੰ ਨਾਲ ਲੈ ਕੇ ਪੰਜਾਬ ਅੰਦਰ ਆਪਣੀ ਸਰਕਾਰ ਬਣਾ ਲਓ। ਉਸ ਤੋਂ ਬਾਅਦ ਹਲਕਾ ਸਾਹਨੇਵਾਲ ਦੀ ਹਰ ਪੱਖੋਂ ਨੁਹਾਰ ਬਦਲਣ ’ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਨਜ਼ਾਰਾ ਲਿਆ ਦਿਆਂਗੇ। ਸੁਖਬੀਰ ਨੇ ਕਿਹਾ ਕਿ ਸਿੱਖਿਆ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਜ਼ਰ ’ਚ ਗ੍ਰੈਜੂਏਸ਼ਨ ਪੱਧਰ ਤੱਕ ਪੰਜਾਬ ਸਿੱਖਿਆ ਮੁਫ਼ਤ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਵੀ ਅਸੀਂ ਅਜਿਹਾ ਹੀ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਹਰ ਜ਼ਿਲ੍ਹੇ ’ਚ ਇਕ ਮੈਡੀਕਲ, ਇੰਜੀਨੀਅਰਿੰਗ ਤੇ ਵੈਟਨਰੀ ਕਾਲਜ ਸਥਾਪਤ ਕਰਾਂਗੇ ਅਤੇ ਉਨ੍ਹਾਂ ਸਾਰੇ ਕਾਲਜਾਂ ’ਚ 50 ਫੀਸਦੀ ਸੀਟਾਂ ਮੈਰੀਟੋਰੀਅਸ ਵਿਦਿਆਰਥੀਆਂ ਵਾਸਤੇ ਰਾਖਵੀਂਆਂ ਕਰਾਂਗੇ, ਜਿਹਨਾਂ ਦੀ ਫੀਸ ਸਰਕਾਰ ਅਦਾ ਕਰੇਗੀ। ਸੁਖਬੀਰ ਨੇ ਅਗਲੀ ਸਰਕਾਰ ਦੀ ਤਰਜੀਹ ਦੀ ਗੱਲ ਕਰਦਿਆਂ ਕਿਹਾ ਕਿ ਅਸੀਂ ਉਦਯੋਗਿਕ ਤੇ ਸੀਵਰੇਜ ਦਾ ਇਕ ਬੂੰਦ ਪਾਣੀ ਵੀ ਸਤਲੁਜ ਤੇ ਬਿਆਸ ਦਰਿਆ ’ਚ ਨਹੀਂ ਜਾਣ ਦਿਆਂਗੇ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਲਵਾ ਪੱਟੀ ’ਚ ਕੈਂਸਰ ਦੇ ਟਾਕਰੇ ਵਾਸਤੇ ਅਜਿਹਾ ਕਰਨਾ ਜ਼ਰੂਰੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਸੱਤਾ ਵਿਚ ਆਉਣ ’ਤੇ ਰਾਜਸਥਾਨ ਨਹਿਰ ਵਿਚ ਇਕ ਵੀ ਬੂੰਦ ਪਾਣੀ ਨਹੀਂ ਜਾਣ ਦੇਵੇਗਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇਣ ਵਾਸਤੇ ਜ਼ਿੰਮੇਵਾਰ ਹੈ ਅਤੇ ਅਕਾਲੀ ਦਲ ਇਸ ਇਤਿਹਾਸਕ ਅਨਿਆਂ ਨੂੰ ਠੀਕ ਕਰੇਗਾ। ਉਹਨਾਂ ਕਿਹਾ ਕਿ ਰਾਜਸਥਾਨ ਨਹਿਰ ਤੋਂ ਜਾਂਦਾ ਪਾਣੀ ਰੋਕ ਕੇ ਪੰਜਾਬ ਦੇ ਖੇਤਾਂ ਵੱਲ ਮੋੜਿਆ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਦੇ ਰਾਜ ਵਿਚ ਜਿਹੜੇ ਵਪਾਰੀ ਟੈਕਸ ਅਤਿਵਾਦ ਝਲ ਰਹੇ ਹਨ, ਉਹਨਾਂ ਵਾਸਤੇ ’ਰਾਹਤ’ ਸਕੀਮ ਸ਼ੁਰੂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਨੌਜਵਾਨਾਂ ਨੂੰ 10 ਲੱਖ ਰੁਪਏ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕਰਾਂਗੇ, ਤਾਂ ਜੋ ਉਹਨਾਂ ਨੂੰ ਉਦਮੀ ਬਣਾਇਆ ਜਾ ਸਕੇ ਅਤੇ ਅਸੀਂ ਆਟਾ ਦਾਲ ਸਕੀਮ ਤੇ ਬੁਢਾਪਾ ਪੈਨਸ਼ਨ ਨੂੰ ਮੁੜ ਸ਼ੁਰੂ ਕਰ ਕੇ 3100 ਰੁਪਏ ਪ੍ਰਤੀ ਮਹੀਨਾ ਕਰਨ ਦੇ ਨਾਲ ਨਾਲ ਸ਼ਗਨ ਸਕੀਮ ਵਧਾ ਕੇ 1 ਲੱਖ ਰੁਪਏ ਕਰਾਂਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੇਕਸ਼ਨ ਨਹੀਂ ਹੋਣਗੇ, ਉਹਨਾਂ ਨੂੰ ਇਹ ਕੁਨੈਕਸ਼ਨ ਦਿੱਤੇ ਜਾਣਗੇ। ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਿਤ ਕਰਨ ਦੀ ਮੰਗ ਬਾਰੇ ਬਾਦਲ ਨੇ ਕਿਹਾ ਕਿ ਅਸੀਂ ਇਹ ਯੂਨੀਵਰਸਿਟੀ ਸਥਾਪਿਤ ਕਰਾਂਗੇ ਅਤੇ ਯਕੀਨੀ ਬਣਾਵਾਂਗੇ ਕਿ ਸਾਡੇ ਨੌਜਵਾਨਾਂ ਨੂੰ ਇੰਡਸਟਰੀ ਦੀ ਮੰਗ ਮੁਤਾਬਕ ਸਿਖਲਾਈ ਮਿਲ ਸਕੇ। ਉਹਨਾਂ ਨੇ ਸ਼ਰਨਜੀਤ ਸਿੰਘ ਢਿੱਲੋਂ ਦੀ ਪਾਰਟੀ ਪ੍ਰਤੀ ਵਫਾਦਾਰੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀ ਸ਼ਰਨਜੀਤ ਦੇ ਨਾਲ ਕੰਮ ਕੀਤਾ ਹੈ। ਸੁਖਬੀਰ ਨੇ ਕਿਹਾ ਕਿ ਕਈ ਆਗੂ ਇਹ ਸੋਚ ਕੇ ਪਾਰਟੀ ਛੱਡ ਗਏ ਕਿ ਪਾਰਟੀ ਖ਼ਤਮ ਹੋ ਗਈ ਹੈ। ਉਹਨਾਂ ਕਿਹਾ ਕਿ ਹੁਣ ਇਹੀ ਆਗੂ ਪਾਰਟੀ ਵਿਚ ਵਾਪਸ ਪਰਤ ਰਹੇ ਹਨ ਅਤੇ ਮੁੜ ਵਾਪਸੀ ਵਾਸਤੇ ਉਹਨਾਂ ਦੇ ਬੂਹੇ ਭੰਨ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦਾ ਸਵਾਲ ਇਹ ਹੈ ਕਿ ਇਹ ਲੋਕ ਛੱਡ ਕੇ ਕਿਉਂ ਗਏ ਸਨ। ਉਹਨਾਂ ਕਿਹਾ ਕਿ ਜੋ ਲੋਕ ਹਵਾ ਦੇ ਰੁੱਖ ਨਾਲ ਬਦਲਣ ਉਨ੍ਹਾਂ ’ਤੇ ਵਿਸਾਹ ਨਹੀਂ ਕੀਤਾ ਜਾ ਸਕਦਾ। ਸੀਨੀਅਰ ਆਗੂ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਇਲਾਕੇ ਵਿਚ ਮਾਇਨਿੰਗ ਦਾ ਹੱਕ ਮਿਲਣਾ ਚਾਹੀਦਾ ਹੈ, ਜਿਥੇ ਉਹਨਾਂ ਨੇ ਹੜ੍ਹਾਂ ਦਾ ਸੰਤਾਪ ਹੰਢਾਇਆ ਹੈ। ਇਸ ਮੌਕੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਸਿਮਰਨਜੀਤ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੀਨੀਅਰ ਆਗੂ ਕਮਲ ਚੇਤਲੀ,ਰਣਜੀਤ ਸਿੰਘ ਢਿੱਲੋਂ, ਜਗਬੀਰ ਸਿੰਘ ਸੋਖੀ, ਭੁਪਿੰਦਰ ਸਿੰਘ ਭਿੰਦਾ ਵੀ ਮੌਜੂਦ ਸਨ। ਟਿਕਟ ਕਿਸ ਨੂੰ ਦੇਈਏ ਦੱਸੋ......ਮੁੰਡਾ ਮਿਹਨਤ ਜ਼ਿਆਦਾ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੇ ਸਪੁੱਤਰ ਤੇ ਯੂਥ ਅਕਾਲੀ ਆਗੂ ਸਿਮਰਨਜੀਤ ਸਿੰਘ ਢਿੱਲੋਂ ਦੀ ਜੱਫ਼ੀ ਪਾ ਕੇ ਕਿਹਾ ਕਿ ਬੜਾ ਮਿਹਨਤੀ ਮੁੰਡਾ ਤੇ ਜਜ਼ਬਾਤੀ ਵੀ ਹੈ। ਉਨ੍ਹਾਂ ਸੰਗਤ ਨੂੰ ਪੁੱਛਿਆ ਕਿ ਟਿਕਟ ਕਿਸ ਨੂੰ ਦੇਈਏ ਸ਼ਰਨਜੀਤ ਨੂੰ ਜਾਂ ਉਸ ਦੇ ਸਪੁੱਤਰ ਨੂੰ ਦੇਈਏ। ਸੁਖਬੀਰ ਨੇ ਕਿਹਾ ਕਿ ਪਰ ਸ਼ਰਨਜੀਤ ਸੀਨੀਅਰ ਹੈ, ਇਸ ਲਈ ਇਹ ਫ਼ੈਸਲਾ ਉਨ੍ਹਾਂ ਉੱਪਰ ਛੱਡਦੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗੱਲ ਨਾਲ ਕਿਤੇ ਘਰ ’ਚ ਲੜਾਈ ਨਾ ਪੈ ਜਾਵੇ। ਰੇਤਾ ਕੱਢਣ ਦਾ ਹੱਕ ਪਿੰਡਾਂ ਦੇ ਵਸਨੀਕਾਂ ਨੂੰ ਹੀ ਮਿਲੇਗਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਮੇਤ ਹਲਕਾ ਸਾਹਨੇਵਾਲ ਦੇ ਜਿਹੜੇ ਪਿੰਡਾਂ ਵਿੱਚ ਰੇਤਾ ਹੈ, ਉਸ ਰੇਤ ਨੂੰ ਕੱਢਣ ਤੇ ਕੱਢ ਕੇ ਵੇਚਣ ਦਾ ਹੱਕ ਉਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਹੀ ਦਿਆਂਗੇ। ਕਿਉਂਕਿ ਹੜ੍ਹਾਂ ਤੇ ਹੋਰ ਕੁਦਰਤੀ ਆਫ਼ਤਾਂ ਦੀ ਮੁਸੀਬਤ ਵੀ ਪਿੰਡਾਂ ਦੇ ਲੋਕ ਹੀ ਝੱਲਦੇ ਹਨ।